ਮੁਕਤਸਰ ’ਚ 30 ਕਿੱਲੋ ਅਫ਼ੀਮ ਤੇ ਲੱਖਾਂ ਦੀ ਨਕਦੀ ਸਣੇ 3 ਨੌਜਵਾਨ ਚੜੇ ਪੁਲਿਸ ਹੱਥੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

19 ਮਾਰਚ ਤੱਕ ਮੁਲਜ਼ਮ ਰਹਿਣਗੇ ਪੁਲਿਸ ਰਿਮਾਂਡ ’ਤੇ

Three Arrest in Drug Case

ਸ਼੍ਰੀ ਮੁਕਤਸਰ ਸਾਹਿਬ : ਸੀ.ਆਈ.ਏ. ਸਟਾਫ਼ ਵਲੋਂ 30 ਕਿੱਲੋਗ੍ਰਾਮ ਅਫ਼ੀਮ ਸਣੇ ਗ੍ਰਿਫ਼ਤਾਰ ਕੀਤੇ ਗਏ 3 ਮੁਲਜ਼ਮਾਂ ਨੂੰ ਸ਼ਨਿਚਰਵਾਰ ਨੂੰ ਪੁਲਿਸ ਨੇ ਅਦਾਲਤ ਵਿਚ ਪੇਸ਼ ਕੀਤਾ ਜਿੱਥੋਂ ਤਿੰਨਾਂ ਨੂੰ 19 ਮਾਰਚ ਤੱਕ ਪੁਲਿਸ ਰਿਮਾਂਡ ’ਤੇ ਭੇਜ ਦਿਤਾ ਗਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਐਸ.ਪੀ.ਡੀ. ਸੋਹਨ ਲਾਲ ਅਤੇ ਡੀ.ਐਸ.ਪੀ.ਡੀ. ਜਸਮੀਤ ਸਿੰਘ ਦੀ ਅਗਵਾਈ ਵਿਚ ਸੀ.ਆਈ.ਏ. ਸਟਾਫ਼ ਦੇ ਮੁਖੀ ਸ਼ਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਸਥਾਨਕ ਅਬੋਹਰ ਰੋਡ ਗਲੀ ਨੰਬਰ. 6 ਦੇ ਨੇੜਿਓਂ ਲੰਘ ਰਹੇ ਸੀ।

ਇਸ ਦੌਰਾਨ ਇਕ ਕਾਲੇ ਗੇਟ ਵਾਲੀ ਕੋਠੀ ਵਿਚੋਂ ਇਕ ਸਵਿਫਟ ਕਾਰ (ਨੰ. ਐਚ.ਆਰ. 26ਬੀ.ਈ. 8445) ਨਿਕਲੀ। ਇਸ ਮੌਕੇ ਉਤੇ ਪੁਲਿਸ ਨੂੰ ਵੇਖ ਕਾਰ ਚਾਲਕ ਇਕਦਮ ਘਬਰਾ ਗਿਆ ਅਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਉੱਥੇ ਪੁਲਿਸ ਨੇ ਫੁਰਤੀ ਨਾਲ ਕਾਰ ਚਾਲਕ ਅਤੇ 2 ਹੋਰ ਵਿਅਕਤੀਆਂ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਸ ਦਾ ਨਾਮ ਰਿੰਕੂ ਪੁੱਤਰ ਬਾਲ ਕ੍ਰਿਸ਼ਣ ਨਿਵਾਸੀ ਆਦਰਸ਼ ਨਗਰ ਗਲੀ ਨੰਬਰ. 1 ਸ਼੍ਰੀ ਮੁਕਤਸਰ ਸਾਹਿਬ ਹੈ।

ਮੁਲਜ਼ਮ ਨੇ ਦੱਸਿਆ ਕਿ ਗੱਡੀ ਵਿਚ ਬੈਠੇ ਬਾਕੀ 2 ਵਿਅਕਤੀਆਂ ਦਾ ਨਾਮ ਰਾਮ ਕੁਮਾਰ ਪੁੱਤਰ ਗੋਕਲ ਚੰਦ ਨਿਵਾਸੀ ਅਬੋਹਰ ਰੋਡ ਗਲੀ ਨੰਬਰ. 6 ਅਤੇ ਸ਼ੈਟੀ ਪੁੱਤਰ ਭਾਗਮਲ ਨਿਵਾਸੀ ਅਬੋਹਰ ਰੋਡ ਦਾ ਰਹਿਣ ਵਾਲਾ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਚਾਲਕ ਵਲੋਂ ਦਿਤੀ ਗਈ ਜਾਣਕਾਰੀ ਦੇ ਚਲਦੇ ਡੀ.ਐਸ.ਪੀ. ਡੀ. ਜਗਮੀਤ ਸਿੰਘ ਦੀ ਮੌਜੂਦਗੀ ਵਿਚ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 30 ਕਿੱਲੋ ਅਫ਼ੀਮ ਬਰਾਮਦ ਹੋਈ।

ਇਸ ਤੋਂ ਇਲਾਵਾ ਮੁਲਜ਼ਮਾਂ ਵਲੋਂ ਨਸ਼ਾ ਵੇਚ ਕੇ ਕਮਾਏ ਹੋਏ 17 ਲੱਖ 85 ਹਜ਼ਾਰ 400 ਰੁਪਏ ਵੀ ਬਰਾਮਦ ਹੋਏ ਹਨ। ਥਾਣਾ ਸਿਟੀ ਪੁਲਿਸ ਨੇ ਉਕਤ ਮੁਲਜ਼ਮਾਂ ਦੇ ਵਿਰੁਧ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।