ਸੁਖਬੀਰ ਤਾਂ ਬਿਨਾਂ ਪੜ੍ਹਿਆਂ 10 ਪਾਤਸ਼ਾਹੀਆਂ ਦੇ ਨਾਮ ਵੀ ਨਹੀਂ ਦੱਸ ਸਕਦਾ: ਰਾਮੂਵਾਲੀਆ
ਰਾਮੂਵਾਲੀਆ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਖੁਲ੍ਹੀ ਬਹਿਸ ਦੀ ਚੁਣੌਤੀ
ਕੋਟਕਪੂਰਾ- ਜੇਕਰ ਸੁਖਬੀਰ ਸਿੰਘ ਬਾਦਲ ਬਿਨਾਂ ਪੜ੍ਹਿਆਂ 10 ਪਾਤਸ਼ਾਹੀਆਂ, 4 ਸਾਹਿਬਜ਼ਾਦਿਆਂ ਅਤੇ 5 ਪਿਆਰਿਆਂ ਦਾ ਨਾਮ ਦੱਸ ਦੇਵੇ ਤਾਂ ਮੈਂ ਯੂ.ਪੀ. ਦੇ ਐਮਐਲਏ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਵਾਂਗਾ।
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਜਥੇਦਾਰ ਮੱਖਣ ਸਿੰਘ ਨੰਗਲ ਦੇ ਘਰ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਸੇ ਵੀ ਟੀਵੀ ਚੈਨਲ ਰਾਹੀਂ ਸਿੱਧੀ ਬਹਿਸ ਕਰਨ ਦੀ ਚੁਣੌਤੀ ਦਿੰਦਿਆਂ ਆਖਿਆ ਕਿ ਸੁਖਬੀਰ ਬਾਦਲ ਪੰਜਾਬ ਵਾਸੀਆਂ ਦੇ ਕਰਵਾਏ ਕੰਮਾਂ ਦੀ ਸੂਚੀ ਪੇਸ਼ ਕਰੇਗਾ ਤਾਂ ਮੇਰੇ ਵਲੋਂ ਕਰਵਾਏ ਕੰਮਾਂ ਦੀ ਗਿਣਤੀ ਉਸ ਤੋਂ ਕਈ ਗੁਣਾ ਵੱਧ ਹੋਵੇਗੀ।
ਸ. ਰਾਮੂਵਾਲੀਆ ਨੇ ਕਿਹਾ ਕਿ ਸਿੱਖ ਇਤਿਹਾਸ ਨੂੰ ਸਮਰਪਤ ਹਰ ਰਾਜਨੀਤਿਕ ਪਾਰਟੀ ਨਾਲ ਸਬੰਧਤ ਜਾਂ ਹਰ ਗ਼ੈਰ ਸਿਆਸੀ ਵਿਅਕਤੀ ਲਈ ਪੰਜਾਬ ਦੇ ਗੌਰਵ ਨੂੰ ਬਚਾਉਣ ਵਾਸਤੇ ਅੱਗੇ ਆਉਣਾ ਪਵੇਗਾ।
ਕਿਉਂਕਿ ਪੰਜਾਬ ਹੀ ਨਹੀਂ ਬਲਕਿ ਦੇਸ਼ ਦੇ ਹੋਰ ਰਾਜਾਂ ਅਤੇ ਵਿਦੇਸ਼ਾਂ 'ਚ ਰਹਿੰਦੇ ਪੰਜਾਬੀ ਪੰਜਾਬ ਲਈ ਬਹੁਤ ਫ਼ਿਰਕਮੰਦ ਅਤੇ ਚਿੰਤਤ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਵਿਧਾਨ ਸਭਾ ਚੋਣਾ 'ਚ ਅਕਾਲੀ ਦਲ ਦੀ ਗ਼ੈਰ ਸਿਧਾਂਤਕ ਨੀਤੀ ਤੋਂ ਸਿੱਖ ਦੁਖੀ ਹਨ ਕਿ ਭਾਜਪਾ ਨੇ ਉਕਤ ਚੋਣਾ 'ਚ ਅਕਾਲੀਆਂ ਲਈ ਚਾਰ ਤਾਂ ਕੀ ਇਕ ਵੀ ਸੀਟ ਨਹੀਂ ਛੱਡੀ, ਫਿਰ ਅਕਾਲੀ ਦਲ ਬਾਦਲ ਨੇ ਚੋਣਾ 'ਚ ਭਾਜਪਾ ਦੀ ਮਦਦ ਦਾ ਐਲਾਨ ਕਿਉਂ ਕੀਤਾ?
ਉਨ੍ਹਾਂ ਬਾਦਲ ਪਰਵਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਕਤ ਪਰਵਾਰ ਨੇ ਪੰਜਾਬ, ਪੰਜਾਬੀ, ਪੰਜਾਬੀਅਤ, ਸਿੱਖ ਸਿਧਾਂਤ ਅਤੇ ਪੰਥ ਦੀ ਮਾਣ ਮਰਿਆਦਾ ਦਾ ਸਤਿਆਨਾਸ ਕਰ ਕੇ ਰੱਖ ਦਿਤਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜਥੇਦਾਰ ਮੱਖਣ ਸਿੰਘ ਨੰਗਲ, ਐਡਵੋਕੇਟ ਗੁਰਸਾਹਿਬ ਸਿੰਘ ਬਰਾੜ, ਸਾਬਕਾ ਸਰਪੰਚ ਪ੍ਰਤਾਪ ਸਿੰਘ ਨੰਗਲ ਵੀ ਹਾਜ਼ਰ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।