ਪਟਿਆਲਾ ’ਚ ਏਐਸਆਈ ਜੋਗਿੰਦਰ ਦੇ ਘਰ ਪੁਲਿਸ ਰੇਡ, ਪੁੱਛਗਿੱਛ ਲਈ ਪੁੱਤਰ ਨੂੰ ਚੁੱਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

6.34 ਕਰੋੜ ਗਾਇਬ ਹੋਣ ਦਾ ਮਾਮਲਾ

Police Rade in ASI Joginder Singh's House

ਪਟਿਆਲਾ: ਫਾਦਰ ਐਂਥਨੀ ਦੇ ਘਰੋਂ ਬਰਾਮਦ ਕੈਸ਼ 'ਚੋਂ 6.34 ਕਰੋੜ ਰੁਪਏ ਗ਼ਾਇਬ ਹੋਣ ਦੇ ਮਾਮਲੇ 'ਚ ਫਸੇ ਏਐਸਆਈ ਜੋਗਿੰਦਰ ਸਿੰਘ ਦੇ ਪਟਿਆਲਾ ਸਥਿਤ ਘਰ ਪੁਲਿਸ ਨੇ ਮੰਗਲਵਾਰ ਰਾਤ ਰੇਡ ਕੀਤੀ। ਪੁਲਿਸ ਨੂੰ ਜੋਗਿੰਦਰ ਸਿੰਘ ਤਾਂ ਨਹੀਂ ਮਿਲਿਆ ਪਰ ਉਹ ਉਸ ਦੇ ਪੁੱਤਰ ਨੂੰ ਪੁੱਛਗਿੱਛ ਲਈ ਉਠਾ ਕੇ ਲੈ ਗਈ ਹੈ। ਸੂਤਰਾਂ ਮੁਤਾਬਕ ਸਿਵਲ ਵਰਦੀ ਵਿਚ ਪਹਿਲਾਂ ਲਗਭੱਗ ਚਾਰ ਮੁਲਾਜ਼ਮ ਆਏ, ਜੋ ਦੋ ਘੰਟਿਆਂ ਦੇ ਲਗਭੱਗ ਉਥੇ ਰਹੇ। ਇਸ ਤੋਂ ਬਾਅਦ ਉਥੇ ਪੁਲਿਸ ਦੀਆਂ ਪੰਜ ਗੱਡੀਆਂ ਹੋਰ ਪੁੱਜੀਆਂ ਅਤੇ ਦੋ ਲੋਕਾਂ ਨੂੰ ਚੁੱਕ ਕੇ ਲੈ ਗਈਆਂ।

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਏਐਸਆਈ ਜੋਗਿੰਦਰ ਸਿੰਘ ਦੇ ਪੁੱਤਰ ਨੂੰ ਫੜਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਜੋਗਿੰਦਰ ਸਿੰਘ ਦੇ ਅਪਣੇ ਪੁੱਤਰ ਨਾਲ ਫ਼ੋਨ ਕਾਲ ਹੋਣ ਦੇ ਸਬੂਤ ਮਿਲੇ ਹਨ। ਉੱਧਰ, ਪੁਲਿਸ ਨੇ ਪੂਰੇ ਮਾਮਲੇ 'ਤੇ ਚੁੱਪੀ ਵਰਤੀ ਹੋਈ ਹੈ। ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਸਿਰਫ਼ ਇੰਨਾ ਕਿਹਾ ਕਿ ਛਾਪਾ ਮਾਰਿਆ ਗਿਆ ਹੈ ਪਰ ਇਸ ਤੋਂ ਵੱਧ ਹੋਰ ਕੁਝ ਨਹੀਂ ਕਹਿ ਸਕਦੇ।

ਜ਼ਿਕਰਯੋਗ ਹੈ ਕਿ ਬੀਤੀ 30 ਮਾਰਚ ਨੂੰ ਖੰਨਾ ਪੁਲਿਸ ਨੇ ਜਲੰਧਰ ਦੇ ਪ੍ਰਤਾਪਪੁਰਾ ਵਿਖੇ ਛਾਪੇਮਾਰੀ ਕਰ ਕੇ ਫਾਦਰ ਐਂਥਨੀ ਦੇ ਘਰੋਂ 9.66 ਕਰੋੜ ਬਰਾਮਦ ਕੀਤੇ ਸਨ। ਪੁਲਿਸ ਦਾ ਦੋਸ਼ ਸੀ ਕਿ ਇਹ ਹਵਾਲਾ ਮਨੀ ਹੈ। ਉਥੇ, ਅਗਲੇ ਦਿਨ ਫਾਦਰ ਐਂਥਨੀ ਨੇ ਪ੍ਰੈੱਸ ਕਾਨਫਰੰਸ ਕਰ ਕੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਘਰ ਲਗਭੱਗ 16 ਕਰੋੜ ਰੁਪਏ ਸਨ ਅਤੇ ਪੁਲਿਸ ਨੇ ਸਿਰਫ਼ 9.66 ਕਰੋੜ ਦੀ ਬਰਾਮਦਗੀ ਵਿਖਾ ਕੇ ਬਾਕੀ 6.34 ਕਰੋੜ ਹੜੱਪ ਲਏ ਹਨ।

ਮਾਮਲਾ ਮੁੱਖ ਮੰਤਰੀ ਤੱਕ ਪਹੁੰਚਣ ਅਤੇ ਸੰਗੀਨ ਦੋਸ਼ਾਂ ਕਾਰਨ ਸਦਮੇ 'ਚ ਆਏ ਡੀਜੀਪੀ ਦਿਨਕਰ ਗੁਪਤਾ ਨੇ ਮਾਮਲੇ ਦੀ ਜਾਂਚ ਆਈਜੀ ਕ੍ਰਾਈਮ ਪੀਕੇ ਸਿਨਹਾ ਨੂੰ ਸੌਂਪ ਦਿਤੀ ਸੀ। ਸਿਨਹਾ ਨੇ ਅਪਣੀ ਰਿਪੋਰਟ ਵਿਚ ਖੰਨਾ ਪੁਲਿਸ ਦੇ ਦੋ ਏਐਸਆਈ ਰਾਜਪ੍ਰੀਤ ਸਿੰਘ, ਜੋਗਿੰਦਰ ਸਿੰਘ ਅਤੇ ਇਕ ਮੁਖ਼ਬਰੀ ਸਤਿੰਦਰ ਸਿੰਘ 'ਤੇ ਸ਼ੱਕ ਜ਼ਾਹਰ ਕੀਤਾ ਸੀ। ਬੀਤੇ ਦਿਨੀਂ ਮਾਮਲੇ ਵਿਚ ਤਿੰਨਾਂ ਵਿਰੁਧ ਐਫ਼ਆਈਆਰ ਦਰਜ ਕਰਨ ਤੋਂ ਬਾਅਦ ਇਸ ਦੀ ਜਾਂਚ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੂੰ ਸੌਂਪ ਦਿਤੀ ਗਈ ਸੀ। ਉਦੋਂ ਤੋਂ ਤਿੰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਹੰਭਲੀਆਂ ਮਾਰ ਰਹੀ ਹੈ।