ਸਿਟੀ ਬਿਊਟੀਫੁੱਲ 'ਚ ਲੱਗਿਆ ਵੀਕਐਂਡ ਲਾਕਡਾਊਨ, ਦੇਖਣ ਨੂੰ ਮਿਲਿਆ ਰਲਵਾਂ ਮਿਲਵਾਂ ਅਸਰ
ਬਰਤਾਨਵੀ ਕੋਵਿਡ ਸਰੂਪ ਦੀ ਦਸਤਕ ਦੇ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਹਫ਼ਤਾਵਾਰੀ ਲਾਕਡਾਊਨ ਨੂੰ ਫਿਰ ਤੋਂ ਲਾਗੂ ਕਰਨ ਦਾ ਐਲਾਨ ਕਰ ਕੀਤਾ ਹੈ।
ਚੰਡੀਗੜ੍ਹ: ਸ਼ਹਿਰ ਵਿਚ ਬਰਤਾਨਵੀ ਕੋਵਿਡ ਸਰੂਪ ਦੀ ਦਸਤਕ ਦੇ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਹਫ਼ਤਾਵਾਰੀ ਲਾਕਡਾਊਨ ਨੂੰ ਫਿਰ ਤੋਂ ਲਾਗੂ ਕਰਨ ਦਾ ਐਲਾਨ ਕਰ ਕੀਤਾ ਹੈ। ਲਾਕਡਾਊਨ ਦੇ ਪਹਿਲੇ ਦਿਨ ਸੁੰਦਰ ਸ਼ਹਿਰ ਵਿਚ ਕਈ ਥਾਈਂ ਸਨਾਟਾ ਦੇਖਣ ਨੂੰ ਮਿਲਿਆ ਤਾਂ ਕਈ ਥਾਵਾਂ ’ਤੇ ਲਾਕਡਾਊਨ ਨਿਯਮਾਂ ਦੀਆਂ ਧੱਜੀਆਂ ਉਡੀਆਂ।
ਇਸ ਦੌਰਾਨ ਚੰਡੀਗੜ੍ਹ ਦੇ ਸੈਕਟਰ 17 ਦੀ ਮਾਰਕਿਟ ਸੁੰਨਸਾਨ ਦਿਖਾਈ ਦਿੱਤੀ। ਉਧਰ ਸੈਕਟਰ 26 ਦੀ ਅਨਾਜ ਮੰਡੀ ਵਿਚ ਲੋਕਾਂ ਦੀ ਕਾਫੀ ਭੀੜ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਸ਼ਹਿਰ ਦੇ ਐਂਟਰੀ ਪੁਆਇੰਟ ’ਤੇ ਵੀ ਪੁਲਿਸ ਵੱਲੋਂ ਕੋਈ ਸਖ਼ਤੀ ਨਹੀਂ ਦਿਖਾਈ ਗਈ।
ਦੱਸ ਦਈਏ ਕਿ ਚੰਡੀਗੜ੍ਹ ਵਿਚ ਹਫ਼ਤਾਵਾਰੀ ਲਾਕਡਾਊਨ ਸ਼ੁੱਕਰਵਾਰ ਰਾਤ 10 ਵਜੇ ਤੋਂ ਲਾਗੂ ਹੋ ਚੁੱਕਾ ਹੈ ਤੇ ਇਹ ਸੋਮਵਾਰ ਸਵੇਰੇ 5 ਵਜੇ ਤੱਕ ਜਾਰੀ ਰਹੇਗਾ ਇਸ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਚੀਜ਼ਾਂ ਬੰਦ ਰਹਿਣਗੀਆਂ।
ਪ੍ਰਸ਼ਾਸਨ ਦੇ ਆਦੇਸ਼ਾਂ ਮੁਤਾਬਕ ਸ਼ਨੀਵਾਰ ਅਤੇ ਐਤਵਾਰ ਨੂੰ ਲੋਕਾਂ ਨੂੰ ਜਨਤਕ ਥਾਵਾਂ, ਪ੍ਰੋਗਰਾਮਾਂ ਅਤੇ ਹੋਰ ਸਮਾਰੋਹ ਆਦਿ ਵਿਚ ਜਾਣ 'ਤੇ ਰੋਕ ਰਹੇਗੀ। ਬੀਤੇ ਦਿਨ ਪੰਜਾਬ ਰਾਜ-ਭਵਨ ਵਿਚ ਕੋਵਿਡ-19 ਵਾਰ ਰੂਮ ਮੀਟਿੰਗ ਦੌਰਾਨ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਅਧਿਕਾਰੀਆਂ ਨਾਲ ਚਰਚਾ ਕਰਨ ਤੋਂ ਬਾਅਦ ਵੀਕੈਂਡ ਲਾਕਡਾਊਨ ਦਾ ਫ਼ੈਸਲਾ ਲਿਆ।