ਅੰਮ੍ਰਿਤਸਰ: ਹੋਟਲ ‘ਚ ਤੈਰਾਕੀ ਕਰਦੇ ਸਮੇਂ ਔਰਤ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਵਾਰ ਮੈਂਬਰਾਂ ਨੇ ਚੁੱਕੇ ਹੋਟਲ ਮੈਨੇਜਮੈਂਟ ਦੇ ਪ੍ਰਬੰਧਾਂ ’ਤੇ ਸਵਾਲ

Died woman while swimming

ਅੰਮ੍ਰਿਤਸਰ: ਇੱਥੋਂ ਦੇ ਇਕ ਨਾਮੀ ਹੋਟਲ ਰਿਟਜ਼ ਸਟਾਰ ’ਚ ਇਕ ਔਰਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਔਰਤ ਦੀ ਮੌਤ ਹੋਟਲ ’ਚ ਤੈਰਾਕੀ ਕਰਦੇ ਸਮੇਂ ਹੋਈ। ਘਟਨਾ ਤੋਂ ਬਾਅਦ ਮ੍ਰਿਤਕ ਔਰਤ ਦੇ ਪਰਵਾਰ ਵਲੋਂ ਹੋਟਲ ਮੈਨੇਜਮੈਂਟ ਦੇ ਪ੍ਰਬੰਧਾਂ ’ਤੇ ਸਵਾਲ ਚੁੱਕੇ ਗਏ ਹਨ। ਪਰਵਾਰ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਸਵੀਮਿੰਗ ਪੂਲ ਨੇੜੇ ਬਚਾਅ ਟੀਮ ਹਮੇਸ਼ਾ ਤੈਨਾਤ ਰਹਿੰਦੀ ਹੈ ਤੇ ਇਸ ਦੇ ਬਾਵਜੂਦ ਤੈਰਾਕੀ ਕਰਦੇ ਸਮੇਂ ਕਿਸੇ ਦੀ ਮੌਤ ਕਿਵੇਂ ਹੋ ਸਕਦੀ ਹੈ।

ਮਿਲੀ ਜਾਣਕਾਰੀ ਮੁਤਾਬਕ, ਉਕਤ ਮਹਿਲਾ ਅਕਸਰ ਇਸ ਹੋਟਲ ਵਿਚ ਤੈਰਾਕੀ ਕਰਨ ਲਈ ਜਾਇਆ ਕਰਦੀ ਸੀ। ਕੱਲ੍ਹ ਵੀ ਜਦੋਂ ਉਕਤ ਮਹਿਲਾ ਇਸੇ ਹੋਟਲ ਦੇ ਸਵੀਮਿੰਗ ਪੂਲ ਦੇ ਅੰਦਰ ਗਈ ਤਾਂ ਤੈਰਾਕੀ ਕਰਦੇ ਸਮੇਂ ਅਚਾਨਕ ਉਹ ਡੁੱਬ ਗਈ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਵਲੋਂ ਔਰਤ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੇ ਪਰਵਾਰ ਮੈਂਬਰਾਂ ਦਾ ਕਹਿਣਾ ਹੈ ਕਿ ਉਹ 2 ਸਾਲ ਤੋਂ ਤੈਰਾਕੀ ਕਰਦੀ ਸੀ। ਸਵੀਮਿੰਗ ਪੂਲ ਨੇੜੇ ਬਚਾਅ ਟੀਮ ਹਮੇਸ਼ਾ ਤੈਨਾਤ ਰਹਿੰਦੀ ਹੈ, ਅਜਿਹੇ ਵਿਚ ਕਿਸੇ ਦੀ ਤੈਰਾਕੀ ਕਰਦੇ ਸਮੇਂ ਮੌਤ ਕਿਵੇਂ ਹੋ ਸਕਦੀ ਹੈ।

ਦੂਜੇ ਪਾਸੇ ਇਸ ਘਟਨਾ ਦੀ ਇਕ ਸੀ.ਸੀ.ਟੀ.ਵੀ ਫੁਟੇਜ ਵੀ ਸਾਹਮਣੇ ਆਈ ਹੈ। ਮ੍ਰਿਤਕ ਦੇ ਪਰਵਾਰ ਮੈਂਬਰਾਂ ਨੇ ਪੁਲਿਸ ਤੋਂ ਇਸ ਮਾਮਲੇ ਵਿਚ ਜਾਂਚ ਦੀ ਮੰਗ ਕਰਦਿਆਂ ਉਕਤ ਹੋਟਲ ਵਿਰੁਧ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ ਕਿ ਆਖ਼ਰ ਤੈਰਾਕੀ ਕਰਦੇ ਸਮੇਂ ਮਹਿਲਾ ਦੀ ਮੌਤ ਹੋਈ ਤਾਂ ਹੋਈ ਕਿਵੇਂ।