ਸਾਡੀ ਲੜਾਈ ਭ੍ਰਿਸ਼ਟਾਚਾਰ ਨਾਲ, ਭ੍ਰਿਸ਼ਟਾਚਾਰ ਵਿਰੁਧ ਲੜਨ ਵਾਲੇ ਨਾਲ ਸਾਡਾ ਮੁਕਾਬਲਾ ਨਹੀਂ: ਜ਼ੋਰਾ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਸਟਿਸ ਜ਼ੋਰਾ ਸਿੰਘ ਵਲੋਂ ਕੀਤਾ ਜਾ ਰਿਹੈ ਡੋਰ-ਟੂ-ਡੋਰ ਪ੍ਰਚਾਰ

Justice Jora Singh's Special Interview

ਜਲੰਧਰ: ਲੋਕ ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਵਲੋਂ ਉਮੀਦਵਾਰ ਜਸਟਿਸ ਜ਼ੋਰਾ ਸਿੰਘ ਨੇ ‘ਸਪੋਕਸਮੈਨ ਟੀਵੀ’ ਗੱਲਬਾਤ ਕਰਦਿਆਂ ਅਪਣੀਆਂ ਨੀਤੀਆਂ ਤੇ ਅਪਣੇ ਪ੍ਰਚਾਰ ਬਾਰੇ ਕੁਝ ਅਹਿਮ ਤੱਥ ‘ਸਪੋਕਸਮੈਨ’ ਜ਼ਰੀਏ ਲੋਕਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ। ਗੱਲਬਾਤ ਦੌਰਾਨ ਪੁੱਛੇ ਗਏ ਕੁਝ ਅਹਿਮ ਸਵਾਲਾਂ ਦੇ ਜਵਾਬ ਇਸ ਤਰ੍ਹਾਂ ਹਨ।

ਸਵਾਲ: ਤੁਸੀਂ ਲੋਕਾਂ ਵਿਚ ਵਿਚਰ ਰਹੇ ਹੋ ਤੇ ਕਿਵੇਂ ਦਾ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ?

ਜਵਾਬ: ਦੇਖੋ ਜੀ, ਮੈਂ ਰੋਜ਼ਾਨਾ ਰੋਡ ਸ਼ੋਅ ਕਰਦਾ ਹਾਂ ਤੇ ਡੋਰ-ਟੂ-ਡੋਰ ਜਾ ਰਿਹਾ ਹਾਂ। ਲੋਕਾਂ ਵਿਚ ਆਮ ਆਦਮੀ ਪ੍ਰਤੀ ਪੂਰਾ ਰੁਝਾਨ ਹੈ ਤੇ ਲੋਕ ਕਹਿ ਰਹੇ ਹਨ ਕਿ ਉਹ ਆਮ ਆਦਮੀ ਪਾਰਟੀ ਨੂੰ ਪੂਰੀ ਹਮਾਇਤ ਦੇਣਗੇ।

ਸਵਾਲ: ਤੁਸੀਂ ਅਪਣਾ ਮੁਕਾਬਲਾ ਕਿਸ ਨਾਲ ਮੰਨਦੇ ਹੋ?

ਜਵਾਬ: ਦੇਖੋ ਜੀ, ਸਾਡਾ ਮੁਕਾਬਲਾ ਭ੍ਰਿਸ਼ਟਾਚਾਰ ਨਾਲ ਹੈ, ਜਿਹੜੇ ਲੋਕ ਭ੍ਰਿਸ਼ਟਾਚਾਰ ਕਰਦੇ ਹਨ ਉਨ੍ਹਾਂ ਨਾਲ ਸਾਡਾ ਮੁਕਾਬਲਾ ਹੈ। ਜਿਹੜੇ ਭ੍ਰਿਸ਼ਟਾਚਾਰ ਦੇ ਵਿਰੁਧ ਕੰਮ ਕਰਦੇ ਹਨ ਉਨ੍ਹਾਂ ਨਾਲ ਸਾਡਾ ਕੋਈ ਮੁਕਾਬਲਾ ਨਹੀਂ ਹੈ।

ਸਵਾਲ: ਜਲੰਧਰ ਦੇ ਦਿਹਾਤੀ ਇਲਾਕਿਆਂ ਵਿਚ ਵੱਡੀ ਸਮੱਸਿਆ ਆ ਰਹੀ ਹੈ ਵਿਕਾਸ ਦੀ, ਤੁਹਾਡੀ ਇੱਥੋਂ ਦੇ ਦਿਹਾਤੀ ਇਲਾਕਿਆਂ ਪ੍ਰਤੀ ਕੀ ਨਜ਼ਰ ਰਹੇਗੀ?

ਜਵਾਬ: ਮੇਰੀ ਕੋਸ਼ਿਸ਼ ਰਹੇਗੀ ਕਿ ਜਲੰਧਰ ਦੇ ਦਿਹਾਤੀ ਇਲਾਕਿਆਂ ਵਿਚ ਏਮਜ਼ ਖੋਲਿਆ ਜਾਵੇ ਤੇ ਮੈਂ ਇਸ ਪਾਸੇ ਪੂਰੀ ਕੋਸ਼ਿਸ਼ ਕਰਾਂਗਾ। ਇਸ ਤੋਂ ਇਲਾਵਾ ਸਿੱਖਿਆ ਤੇ ਸਿਹਤ ਵਾਲੇ ਪਾਸੇ ਧਿਆਨ ਦੇਣ ਦੀ ਪੂਰੀ ਲੋੜ ਹੈ। ਅਸੀਂ ਇਸ ਪਾਸੇ ਵੀ ਪੂਰਾ ਧਿਆਨ ਕੇਂਦਰਿਤ ਕਰਾਂਗੇ।

ਸਵਾਲ: ਲੋਕ ਕਹਿ ਰਹੇ ਹਨ ਕਿ ਜਲੰਧਰ ਵਿਚ ਖੇਡਾਂ ਦਾ ਪਹਿਲਾਂ ਜਿਹਾ ਰੁਝਾਨ ਨਹੀਂ ਰਿਹਾ, ਕੀ ਤੁਹਾਡੇ ਨਜ਼ਰ ਵਿਚ ਅਜਿਹੇ ਮੁੱਦੇ ਵੀ ਹਨ?

ਜਵਾਬ: ਜੀ ਹਾਂ ਬਿਲਕੁੱਲ, ਮੇਰੇ ਧਿਆਨ ਵਿਚ ਇਹ ਮੁੱਦੇ ਹਨ। ਚਾਇਨਾ ਦੀਆਂ ਖੇਡ ਇੰਡਸਟਰੀਆਂ ਆਉਣ ਕਰਕੇ ਇੱਥੋਂ ਦੀਆਂ ਇੰਡਸਟਰੀਆਂ ਫੇਲ੍ਹ ਹੋ ਗਈਆਂ ਹਨ ਤੇ ਇਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਥੋਂ ਦੀਆਂ ਇੰਡਸਟਰੀਆਂ ਨੂੰ ਅੱਗੇ ਕਰਨ ਵਾਸਤੇ ਪਾਰਟੀਆਂ ਕੁਝ ਸੋਚ ਹੀ ਨਹੀਂ ਰਹੀਆਂ। ਪਰ ਅਸੀਂ ਇਸ ਪਾਸੇ ਵੀ ਪੂਰਾ ਧਿਆਨ ਦੇਵਾਂਗੇ।

ਸਵਾਲ: ਵਿਰੋਧੀ ਕਹਿ ਰਹੇ ਹਨ ਕਿ ‘ਆਪ’ ਦਾ ਪੰਜਾਬ ਵਿਚ ਹੁਣ ਕੋਈ ਆਧਾਰ ਨਹੀਂ ਹੈ ਤੇ ਜਸਟਿਸ ਜੋਰਾ ਸਿੰਘ ਦੀ ਬੁਰੀ ਤਰ੍ਹਾਂ ਹਾਰ ਹੋਵੇਗੀ, ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ?

ਜਵਾਬ: ਦੇਖੋ ਜੀ, ਲੋਕ ਮੈਨੂੰ ਲੈ ਕੇ ਆਏ ਹਨ ਤੇ ਲੋਕ ਮੈਨੂੰ ਪੂਰਾ ਸਮਰਥਨ ਦੇ ਰਹੇ ਹਨ। ਬਾਕੀ ਰਿਵਾਇਤੀ ਪਾਰਟੀਆਂ ਜੋ ਮਰਜ਼ੀ ਕਹੀ ਜਾਣ। ਪਬਲਿਕ ਮੇਰੇ ਨਾਲ ਹੈ ਤੇ ਪਬਲਿਕ ਦੀ ਹੀ ਸੁਣਵਾਈ ਹੋਣੀ ਹੈ। ਇਸ ਲਈ ਵਿਰੋਧੀਆਂ ਦੇ ਕਹਿਣ ਨਾਲ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ।