ਬਠਿੰਡਾ 'ਚ ਭਰੂਣ ਲਿੰਗ ਜਾਂਚ ਦਾ ਪਰਦਾਫ਼ਾਸ਼, ਪਤੀ-ਪਤਨੀ ਸਮੇਤ ਇਕ ਦਲਾਲ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

30 ਲੱਖ ਰੁਪਏ ਦੀ ਨਕਦੀ, ਗਰਭਪਾਤ ਵਾਲੀਆਂ ਦਵਾਈਆਂ ਤੇ ਮੈਡੀਕਲ ਉਪਕਰਨ ਬਰਾਮਦ

Punjab News

ਮੁਲਜ਼ਮ ਗੁਰਮੇਲ ਸਿੰਘ, ਉਸ ਦੀ ਪਤਨੀ ਬਿੰਦਰ ਕੌਰ ਅਤੇ ਦਲਾਲ ਰਜਿੰਦਰ ਸਿੰਘ ਗ੍ਰਿਫ਼ਤਾਰ

ਬਠਿੰਡਾ : ਸਿਹਤ ਵਿਭਾਗ ਦੀ ਟੀਮ ਨੇ ਰਾਇਲ ਐਨਕਲੇਵ ਕਲੋਨੀ ਵਿਚ ਇਕ ਘਰ ਅੰਦਰ ਚੱਲ ਰਹੇ ਭਰੂਣ ਲਿੰਗ ਜਾਂਚ ਕੇਂਦਰ ਦਾ ਪਰਦਾਫ਼ਾਸ਼ ਕੀਤਾ ਹੈ। ਲੁਧਿਆਣਾ ਤੋਂ ਸਿਹਤ ਵਿਭਾਗ ਦੀ ਟੀਮ ਨੇ ਬਠਿੰਡਾ ਸਿਹਤ ਵਿਭਾਗ ਦੀ ਟੀਮ ਨਾਲ ਮਿਲ ਕੇ ਇਸ ਕਲੀਨਿਕ ’ਤੇ ਛਾਪਾ ਮਾਰਿਆ। ਇਥੋਂ ਆਰ.ਐਮ.ਪੀ. ਗੁਰਮੇਲ ਸਿੰਘ, ਉਸ ਦੀ ਪਤਨੀ ਅਤੇ ਇਕ ਰਜਿੰਦਰ ਸਿੰਘ ਨਾਂਅ ਦਾ ਦਲਾਲ ਫੜਿਆ ਗਿਆ ਹੈ।

ਟੀਮ ਨੇ ਕੋਠੀ ਵਿਚ ਬਣੇ ਜ਼ਮੀਨਦੋਜ਼ ਕਮਰੇ ਵਿਚ ਤਿੰਨ ਘੰਟੇ ਦੀ ਤਲਾਸ਼ੀ ਦੌਰਾਨ 30 ਲੱਖ ਰੁਪਏ ਦੀ ਨਕਦੀ, ਗਰਭਪਾਤ ਦੀਆਂ ਦਵਾਈਆਂ, ਮੈਡੀਕਲ ਉਪਕਰਨ ਅਤੇ ਬੱਚਿਆਂ ਨੂੰ ਗੋਦ ਲੈਣ ਵਾਲੇ ਹਲਫ਼ਨਾਮੇ ਆਦਿ ਬਰਾਮਦ ਕੀਤੇ। ਪੁਲਿਸ ਨੇ ਮੁਲਜ਼ਮਗੁਰਮੇਲ ਸਿੰਘ, ਉਸ ਦੀ ਪਤਨੀ ਬਿੰਦਰ ਕੌਰ ਅਤੇ ਦਲਾਲ ਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਵਿਰੁਧ ਥਾਣਾ ਕੈਂਟ ਵਿਚ ਕੇਸ ਦਰਜ ਕਰ ਲਿਆ ਹੈ। 

ਇਹ ਵੀ ਪੜ੍ਹੋ: ਅਪਣੇ ਪਿੰਡ ਨੂੰ ਦੁਨੀਆਂ ’ਚ ਆਈ.ਟੀ. ਹੱਬ ਬਣਾਉਣ ਵਾਲੀ ਮਨਦੀਪ ਕੌਰ ਟਾਂਗਰਾ ਦੇ ਸੰਘਰਸ਼ ਦੀ ਕਹਾਣੀ

ਹੁਣ ਤਕ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਗ਼ੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਇਸ ਕੇਂਦਰ ਤੋਂ ਲੱਖਾਂ ਦੀ ਨਕਦੀ ਅਤੇ ਹੋਰ ਦਸਤਾਵੇਜ਼ ਮਿਲੇ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਇਥੇ ਵੱਡੇ ਪੱਧਰ 'ਤੇ ਲਿੰਗ ਜਾਂਚ ਕੇਂਦਰ ਚਲਾਇਆ ਜਾ ਰਿਹਾ ਸੀ। ਇਸ ਦੇ ਨਾਲ ਹੀ ਨਜਾਇਜ਼ ਬੱਚੇ ਗੋਦ ਲੈਣ ਦਾ ਵੀ ਸਿਲਸਿਲਾ ਚੱਲ ਰਿਹਾ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

ਜ਼ਿਲ੍ਹਾ ਪ੍ਰਵਾਰ ਭਲਾਈ ਅਫ਼ਸਰ, ਸਿਹਤ ਵਿਭਾਗ, ਲੁਧਿਆਣਾ ਡਾ: ਹਰਪ੍ਰੀਤ ਸਿੰਘ ਨੇ ਦਸਿਆ ਕਿ ਸੂਚਨਾ ਮਿਲੀ ਸੀ ਕਿ ਲੁਧਿਆਣਾ ਦੇ ਕੁਝ ਮਰੀਜ਼ ਭੁੱਚੋ ਮੰਡੀ ਵਿਖੇ ਲਿੰਗ ਜਾਂਚ ਕਰਵਾਉਂਦੇ ਹਨ। ਟੀਮ ਗਰਭਵਤੀ ਔਰਤ ਨੂੰ ਲੈ ਕੇ ਰਾਵਲ ਐਨਕਲੇਵ ਪਹੁੰਚੀ। ਉਥੇ ਇਕ ਕੋਠੀ ਵਿਚ ਗਰਭਵਤੀ ਔਰਤ ਦੇ ਬੱਚੇ ਦਾ ਲਿੰਗ ਟੈਸਟ ਕਰਵਾਉਣ ਦਾ ਸੌਦਾ ਹੋਇਆ ਅਤੇ ਸੈਂਟਰ ਸੰਚਾਲਕ ਜੋੜੇ ਨੂੰ 50 ਹਜ਼ਾਰ ਰੁਪਏ ਦਿਤੇ ਗਏ। ਔਰਤ ਨੂੰ ਕੋਠੀ ਦੇ ਅੰਦਰ ਕਮਰੇ ਵਿਚ ਲਿਜਾਇਆ ਗਿਆ ਅਤੇ ਫਿਰ ਸਿਹਤ ਵਿਭਾਗ ਦੀ ਟੀਮ ਨੇ ਮੈਡੀਕਲ ਟਰਮੀਨੇਸ਼ਨ 'ਤੇ ਛਾਪਾ ਮਾਰਿਆ

ਪ੍ਰੈਗਨੈਂਸੀ ਕਿੱਟਾਂ ਅਤੇ ਕਈ ਉਪਕਰਨ ਬਰਾਮਦ ਕੀਤੇ ਗਏ। ਟੀਮ ਨੇ ਕੇਂਦਰ ਤੋਂ 30 ਲੱਖ ਰੁਪਏ ਦੀ ਨਕਦੀ ਤੋਂ ਇਲਾਵਾ ਸਵੇਰੇ ਦਿਤੇ 50,000 ਰੁਪਏ, ਗਰਭਪਾਤ ਕਰਵਾਉਣ ਵਾਲੀਆਂ ਔਰਤਾਂ ਦੇ ਆਧਾਰ ਕਾਰਡ ਅਤੇ ਹਲਫ਼ੀਆ ਬਿਆਨ ਵੀ ਬਰਾਮਦ ਕੀਤੇ ਹਨ।

ਜਿਸ ਘਰ 'ਚ ਛਾਪੇਮਾਰੀ ਕੀਤੀ ਗਈ ਹੈ  ਉਸ ਕੋਠੀ ਦੇ ਬਾਹਰ ਕਲੀਨਿਕ ਦਾ ਬੋਰਡ ਲਗਾਇਆ ਗਿਆ ਹੈ। ਅਪਣੇ ਆਪ ਨੂੰ ਆਰ.ਐਮ.ਪੀ. ਦਸਣ ਵਾਲਾ ਗੁਰਮੇਲ ਸਿੰਘ ਲੰਬੇ ਸਮੇਂ ਤੋਂ ਜ਼ਮੀਨਦੋਜ਼ ਕਮਰਿਆਂ ਵਿਚ ਲਿੰਗ ਨਿਰਧਾਰਨ ਤੋਂ ਲੈ ਕੇ ਗਰਭਪਾਤ ਅਤੇ ਨਵਜੰਮੇ ਬੱਚਿਆਂ ਨੂੰ ਗੋਦ ਲੈਣ ਤਕ ਦੇ ਗ਼ੈਰ-ਕਾਨੂੰਨੀ ਕੰਮ ਕਰ ਰਿਹਾ ਸੀ।

ਪਤਾ ਲੱਗਾ ਹੈ ਕਿ ਇਹ ਲੋਕ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਗ਼ਰੀਬ ਪ੍ਰਵਾਰ ਦੀ ਔਰਤ ਦੇ ਗਰਭ ਦੀ ਜਾਂਚ ਕਰਨ ਕਰਦੇ ਸਨ ਅਤੇ ਪੁੱਤਰ ਹੋਣ ਦਾ ਪਤਾ ਲੱਗਣ 'ਤੇ ਪ੍ਰਵਾਰ ਨਾਲ ਸੌਦਾ ਕਰ ਲੈਂਦੇ ਸਨ। ਜਿਸ ਤੋਂ ਬਾਅਦ ਬੱਚੇ ਨੂੰ ਗੋਦ ਲੈ ਲੈਂਦੇ ਸਨ।