ਈ-ਰਿਕਸ਼ਾ ਵਾਲਿਆਂ ਨੇ ਸਿੱਖ ਬੱਸ ਡਰਾਈਵਰ ਨਾਲ ਕੀਤੀ ਮਾਰਕੁੱਟ, ਦਾੜ੍ਹੀ ਵੀ ਪੁਟੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਈ-ਰਿਕਸ਼ਾ ਵਾਲੇ ਮੌਕੇ ਤੋਂ ਫ਼ਰਾਰ

Sikh

ਕਰਨਾਲ : ਅੱਜ ਕਰਨਾਲ ਵਿਖੇ ਉਸ ਸਮੇਂ ਭਾਰੀ  ਤਣਾਅ ਪੈਦਾ ਹੋ ਗਿਆ ਜਦੋਂ ਇਕ ਅੰਮ੍ਰਿਤਧਾਰੀ ਸਿੱਖ ਬੱਸ ਡਰਾਈਵਰ ਨਾਲ ਈ-ਰਿਕਸ਼ਾ ਵਾਲਿਆਂ ਨੇ ਮਾਰਕੁੱਟ ਕੀਤੀ ਅਤੇ ਉਸ ਦੀ ਦਾੜ੍ਹੀ ਵੀ ਪੁਟ ਦਿਤੀ। ਮਿਲੀ ਜਾਨਕਾਰੀ ਮੁਤਾਬਕ ਸਿੱਖ ਡਰਾਈਵਰ ਗੁਰਬੇਗ ਸਿੰਘ ਸਿਟੀ ਬੱਸ ਸਰਵਿਸ ਦੀ ਬੱਸ ਚਲਾਉਂਦਾ ਹੈ ਅਤੇ ਜਦੋਂ ਅੱਜ ਗੁਰਬੇਗ ਸਿੰਘ ਬੱਸ ਲੈ ਕੇ ਰੇਲਵੇ ਸਟੇਸ਼ਨ ਵਲ ਜਾ ਰਿਹਾ ਸੀ ਤਾਂ ਰਸਤੇ ਵਿਚ ਇਕ ਈ-ਰਿਕਸ਼ਾ ਵਾਲੇ ਨੇ ਬੱਸ ਨੂੰ ਅੱਗੇ ਜਾਣ ਲਈ ਜਾਣ ਬੁੱਝ ਕੇ ਰਸਤਾ ਨਹੀਂ ਦਿਤਾ।

ਜਿਸ 'ਤੇ ਸਿੱਖ ਬੱਸ ਡਰਾਈਵਰ ਵਲੋਂ ਬੱਸ ਦਾ ਹਾਰਨ ਵਜਾ ਕੇ ਸਾਈਡ ਮੰਗੀ ਤਾਂ ਈ-ਰਿਕਸ਼ਾ ਵਾਲਾ ਜਿਸ ਦਾ ਨਾਮ ਬਬਲੀ ਹੈ ਤੇ ਅਪਣੇ ਆਪ ਨੂੰ ਈ-ਰਿਕਸ਼ਾ ਯੂਨੀਅਨ ਦਾ ਪ੍ਰਧਾਨ ਕਹਾਉਂਦਾ ਹੈ, ਨੇ ਬੱਸ ਦੇ ਅੱਗੇ ਰਿਕਸ਼ਾ ਲਗਾ ਬੱਸ ਨੂੰ ਰੋਕ ਕਿਹਾ ਕਿ ਤੂੰ ਸਟੇਸ਼ਨ ਤੇ ਆ ਤੈਨੂੰ ਉਥੇ ਵੇਖਾਂਗਾ ਜਿਸ ਤੋਂ ਬਾਅਦ ਜਦੋਂ ਬੱਸ ਨੂੰ ਰੇਲਵੇ ਸਟੇਸ਼ਨ 'ਤੇ ਬਣੇ ਬੱਸ ਸੈਂਟਰ 'ਤੇ ਬੱਸ ਖੜੀ ਕੀਤੀ ਤਾਂ ਬੱਬਲੀ,ਬਿੱਟੂ, ਬੰਟੀ ਵਲੋਂ ਅਚਾਨਕ ਹੀ ਬੱਸ ਡਰਾਈਵਰ 'ਤੇ ਹਮਲਾ ਕਰ ਦਿਤਾ ਤੇ ਮਾਰਕੁੱਟ ਕਰਦੇ ਹੋਏ ਸਿੱਖ ਬੱਸ ਡਰਾਈਵਰ ਦੀ ਦਾੜ੍ਹੀ ਪੁਟੀ ਅਤੇ ਕੇਸਾਂ ਦੀ ਬੇਅਦਬੀ ਕੀਤੀ ਤਾਂ ਮੌਕੇ 'ਤੇ ਹੀ ਅੰਮ੍ਰਿਤਸਰ ਵਲੋਂ ਸੱਚਖੰਡ ਗੱਡੀ ਆਈ ਜਿਸ ਵਿਚੋਂ ਸਿੱਖ ਸਵਾਰੀਆਂ ਉਤਰ ਕੇ ਜੋ ਸਟੇਸ਼ਨ ਤੋਂ ਬਾਹਰ ਆ ਰਹੀਆਂ ਸਨ ਉਨ੍ਹਾਂ ਨੇ ਆ ਕੇ ਸਿੱਖ ਡਰਾਈਵਰ ਨੂੰ ਛੁਡਵਾਇਆ।

ਇਸ ਤੋਂ ਬਾਅਦ ਈ-ਰਿਕਸ਼ਾ ਵਾਲੇ ਮੌਕੇ ਤੋਂ ਫ਼ਰਾਰ ਹੋ ਗਏ ਜਿਸ ਤੋਂ ਬਾਅਦ ਪੁਲਿਸ ਨੂੰ ਫ਼ੋਨ ਕੀਤਾ ਤਾਂ ਤਕਰੀਬਨ ਅੱਧੇ ਘੰਟੇ ਬਾਅਦ ਪੁਲਿਸ ਦੀ ਇਕ ਜਿਪਸੀ ਸਟੇਸ਼ਨ 'ਤੇ ਪਹੁੰਚੀ ਪਰ ਉਨ੍ਹਾਂ ਨੇ ਮੌਕੇ 'ਤੇ ਆ ਕੇ ਇਸ ਘਟਨਾ ਦੀ ਸਾਰ ਤਾਂ ਲਈ ਨਾ ਸਿਰਫ਼ ਦੂਰ ਤੋਂ ਹੀ ਵੇਖਦੇ ਰਹੇ ਜਿਸ 'ਤੇ ਸਿੱਖਾਂ ਵਿਚ ਭਾਰੀ ਰੋਸ ਪੈਦਾ ਹੋ ਗਿਆ ਤੇ ਸਿੱਖ ਨਾਹਰੇਬਾਜ਼ੀ ਕਰਨ ਲੱਗ ਗਏ ਅਤੇ ਵੇਖਦੇ ਹੀ ਮਾਮਲਾ ਕਾਫ਼ੀ ਵਧ ਗਿਆ ਤੇ ਸਿੱਖ ਭਾਰੀ ਗਿਣਤੀ ਵਿਚ ਇੱਕਠਾ ਹੋਣਾ ਸ਼ੁਰੂ ਹੋ ਗਏ।

ਮਾਮਲੇ ਨੂੰ ਵਧਦਾ ਵੇਖ ਕੁੱਝ ਸਮੇਂ ਬਾਅਦ ਹੀ ਮੌਕੇ 'ਤੇ ਐਸ.ਐਚ.ਓ. ਸਿਟੀ ਹਰਜਿੰਦਰ ਸਿੰਘ ਅਤੇ ਡੀ.ਐਸ.ਪੀ. ਬਲਜੀਤ ਸਿੰਘ ਮੌਕੇ 'ਤੇ ਪਹੁੰਚ ਕੇ ਸਿੱਖਾਂ ਨੂੰ ਸ਼ਾਂਤ ਕੀਤਾ ਤੇ ਦੋਸ਼ੀਆਂ ਈ- ਰਿਕਸ਼ਾ ਵਾਲਿਆਂ ਵਿਰੁਧ ਕਾਰਵਾਈ ਕਰਨ ਦਾ ਭਰੋਸਾ ਦਿਤਾ। ਜਦੋਂ ਇਸ ਬਾਰੇ ਸ਼ਾਮ ਨੂੰ ਐਸ.ਐਚ.ਓ. ਹਰਜਿੰਦਰ ਸਿੰਘ ਤੋਂ ਪੁਛਿਆ ਗਿਆ ਤਾਂ ਉਨ੍ਹਾਂ ਦਸਿਆ ਕਿ ਦੋਸ਼ੀ ਈ-ਰਿਕਸ਼ਾ ਵਾਲਿਆਂ ਵਿਰੁਧ ਪਰਚਾ ਦਰਜ ਕਰ ਕੇ ਕਾਰਵਾਈ ਕਰਦੇ ਹੋਏ ਮੁੱਖ ਦੋਸ਼ੀ ਬੰਟੀ ਪ੍ਰਧਾਨ ਨੂੰ ਕਾਬੂ ਕਰ ਲਿਆ ਗਿਆ ਤੇ ਬਾਕੀ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।