ਸੀਬੀਆਈ ਵਲੋਂ ਆਈਜੀ ਫ਼ਿਰੋਜ਼ਪੁਰ ਰੇਂਜ ਗੁਰਿੰਦਰ ਸਿੰਘ ਢਿੱਲੋਂ ਦੇ ਦਫ਼ਤਰ ਤੇ ਰਿਹਾਇਸ਼ 'ਤੇ ਛਾਪਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਰੇਂਜ ਦੇ ਆਈਜੀ ਗੁਰਿੰਦਰ ਸਿੰਘ ਢਿੱਲੋਂ ਦੇ ਦਫ਼ਤਰ ਅਤੇ ਉਨ੍ਹਾਂ ਦੀ ਰਿਹਾਇਸ਼ 'ਤੇ ਸੀਬੀਆਈ ਵਲੋਂ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਵੀ ਕਿਹਾ ...

IG Ferozpur Range Gurinder Singh Dhillon

ਫ਼ਿਰੋਜ਼ਪੁਰ : ਸਥਾਨਕ ਰੇਂਜ ਦੇ ਆਈਜੀ ਗੁਰਿੰਦਰ ਸਿੰਘ ਢਿੱਲੋਂ ਦੇ ਦਫ਼ਤਰ ਅਤੇ ਉਨ੍ਹਾਂ ਦੀ ਰਿਹਾਇਸ਼ 'ਤੇ ਸੀਬੀਆਈ ਵਲੋਂ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੀਬੀਆਈ ਵਲੋਂ ਉਨ੍ਹਾਂ ਕੋਲੋਂ ਪੁਛਗਿਛ ਵੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਵੀਰਵਾਰ ਨੂੰ ਪੰਜਾਬ ਪਹੁੰਚੀ ਸੀਬੀਆਈ ਟੀਮ ਨੇ ਆਈਪੀਐਸ ਅਧਿਕਾਰੀ ਢਿੱਲੋਂ ਤੋਂ ਉਨ੍ਹਾਂ ਵਿਰੁਧ ਮਿਲੀ ਇਕ ਸ਼ਿਕਾਇਤ ਦੇ ਸਬੰਧ ਵਿਚ ਪੁਛਗਿਛ ਕੀਤੀ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਢਿੱਲੋਂ ਵਿਰੁਧ ਸੀਬੀਆਈ ਨੂੰ ਇਹ ਸ਼ਿਕਾਇਤ ਸਾਬਕਾ ਪੀਪੀਐਸ ਅਧਿਕਾਰੀ ਅਤੇ ਵਿਜੀਲੈਂਸ ਦੇ ਸਾਬਕਾ ਐਸਐਸਪੀ ਸ਼ਿਵ ਕੁਮਾਰ ਸ਼ਰਮਾ ਵਲੋਂ ਕੀਤੀ ਗਈ ਹੈ। 

ਆਈਜੀ ਢਿੱਲੋਂ ਨੇ ਸੀਬੀਆਈ ਕਾਰਵਾਈ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਤੋਂ ਸ੍ਰੀ ਸ਼ਰਮਾ ਦੀ ਸ਼ਿਕਾਇਤ 'ਤੇ ਪੁਛਗਿਛ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਸੀਬੀਆਈ ਸਾਹਮਣੇ ਅਪਣਾ ਪੱਖ ਰੱਖ ਦਿਤਾ ਹੈ ਅਤੇ ਸੀਬੀਆਈ ਟੀਮ ਨੂੰ ਜਾਣੂ ਕਰਵਾਇਆ ਹੈ ਕਿ ਉਨ੍ਹਾਂ ਵਿਰੁਧ ਕੀਤੀਆਂ ਗਈਆਂ ਸ਼ਿਕਾਇਤਾਂ ਗ਼ਲਤ ਹਨ। ਭਾਵੇਂ ਕਿ ਇਹ ਪਤਾ ਨਹੀਂ ਚੱਲ ਸਕਿਆ ਹੈ ਕਿ ਸ਼ਰਮਾ ਵਲੋਂ ਕੀਤੀ ਗਈ ਸ਼ਿਕਾਇਤ ਵਿਚ ਕੀ ਲਿਖਿਆ ਗਿਆ ਹੈ ਪਰ ਸੂਤਰਾਂ ਮੁਤਾਬਕ ਇਹ ਸ਼ਿਕਾਇਤ ਢਿੱਲੋਂ ਦੀ ਰਿਪੋਰਟ ਦੇ ਆਧਾਰ 'ਤੇ ਸ਼ਰਮਾ ਵਿਰੁਧ ਇਕ ਨਵੇਂ ਸਿਰਿਓਂ ਮਾਮਲਾ ਦਰਜ ਹੋਣ ਤੋਂ ਬਾਅਦ ਕੀਤੀ ਗਈ ਹੈ। 

ਵੈਸੇ ਕੁੱਝ ਮੀਡੀਆ ਵਲੋਂ ਇਸ ਪੁਛਗਿਛ ਨੂੰ ਆਈਜੀ ਢਿੱਲੋਂ ਦੀ ਰਿਹਾਇਸ਼ 'ਤੇ ਛਾਪੇਮਾਰੀ ਕਿਹਾ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੀਬੀਆਈ ਟੀਮ ਨੇ ਵੀਰਵਾਰ ਰਾਤ ਤੋਂ ਲੈ ਕੇ ਸ਼ੁਕਰਵਾਰ ਸਵੇਰੇ 6:30 ਵਜੇ ਤਕ ਆਈਜੀ ਢਿੱਲੋਂ ਦੇ ਦਫ਼ਤਰ ਅਤੇ ਰਿਹਾਇਸ਼ 'ਤੇ ਛਾਪੇਮਾਰੀ ਕੀਤੀ। ਫਿਲਹਾਲ ਇਸ ਸਬੰਧੀ ਆਈਜੀ ਢਿੱਲੋਂ ਦਾ ਪੱਖ ਨਹੀਂ ਮਿਲ ਸਕਿਆ ਹੈ। ਦਸ ਦਈਏ ਕਿ ਸ਼ਰਮਾ ਪੰਜਾਬ ਦੇ ਇਕ ਪਟਵਾਰੀ ਮੋਹਨ ਸਿੰਘ ਨੂੰ ਝੂਠੇ ਕੇਸ ਵਿਚ ਫਸਾਏ ਜਾਣ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਹਨ। ਇਹ ਮਾਮਲਾ 2009 ਦਾ ਹੈ। 

ਮਾਮਲਾ ਇਹ ਹੈ ਕਿ ਸ਼ਿਵ ਕੁਮਾਰ ਸ਼ਰਮਾ ਇਕ ਜਾਇਦਾਦ ਦੀ ਫ਼ਰਦ ਲੈਣ ਗਏ ਸਨ ਤਾਂ ਪਟਵਾਰੀ ਮੋਹਨ ਸਿੰਘ ਨੇ ਉਨ੍ਹਾਂ ਕੋਲੋਂ 20 ਰੁਪਏ ਸਰਕਾਰੀ ਫ਼ੀਸ ਮੰਗ ਲਈ ਸੀ, ਜਿਸ 'ਤੇ ਉਹ ਕਥਿਤ ਤੌਰ 'ਤੇ ਕਾਫ਼ੀ ਨਾਰਾਜ਼ ਹੋ ਗਏ ਸਨ ਅਤੇ ਉਨ੍ਹਾਂ ਨੇ ਪਟਵਾਰੀ ਮੋਹਨ ਸਿੰਘ ਨੂੰ ਇਕ ਝੂਠੇ ਮਾਮਲੇ ਵਿਚ ਫਸਾ ਕੇ ਥਾਣੇ ਵਿਚ ਨੰਗਾ ਹੀ ਨਹੀਂ ਕੀਤਾ ਸਗੋਂ ਉਸ ਦੀ ਵੀਡੀਓ ਕਲਿਪ ਵੀ ਬਣਾ ਲਈ। ਇਸ ਦੌਰਾਨ ਇਕ ਪੁਲਿਸ ਮੁਲਾਜ਼ਮ ਵਲੋਂ ਉਸ ਨਾਲ ਗ਼ਲਤ ਹਰਕਤਾਂ ਵੀ ਕੀਤੀਆਂ ਗਈਆਂ। ਇਸ ਤੋਂ ਬਾਅਦ ਪਟਵਾਰੀ ਨੇ ਸ਼ਰਮਾ ਵਿਰੁਧ 2012 ਵਿਚ ਥਾਣਾ ਮੱਲਾਂਵਾਲਾ ਵਿਖੇ ਸ਼ਿਕਾਇਤ ਦਰਜ ਕਰਵਾਈ ਅਤੇ ਸ਼ਰਮਾ ਵਿਰੁਧ ਪਰਚਾ ਦਰਜ ਹੋÎÂਆ ਪਰ 2013 ਵਿਚ ਹੀ ਜਾਂਚ ਤੋਂ ਬਾਅਦ ਸ਼ਰਮਾ ਅਤੇ ਉਨ੍ਹਾਂ ਦੇ ਨਾਲ ਹੀ ਉਸ ਵੇਲੇ ਦੇ ਤਿੰਨ ਹੋਰ ਐਸਐਸਪੀ ਪੱਧਰ ਦੇ ਅਧਿਕਾਰੀਆਂ ਸੁਰਿੰਦਰਪਾਲ ਸਿੰਘ ਵਿਰਕ, ਜਸਪਾਲ ਸਿੰਘ ਅਤੇ ਐਸ ਐਸ ਗਰੇਵਾਲ ਨੂੰ ਕਲੀਨ ਚਿੱਟ ਦੇ ਦਿਤੀ ਗਈ।

ਹਾਲਾਂਕਿ ਸ਼ਰਮਾ ਵਿਰੁਧ ਪਰਚਾ ਉਸ ਸਮੇਂ ਦੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਕਾਹਨ ਸਿੰਘ ਪੰਨੂ ਆਈਏਐਸ ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਦਰਜ ਕੀਤਾ ਗਿਆ ਸੀ। ਹੁਣ ਜਦੋਂ ਕਾਂਗਰਸ ਦੀ ਸਰਕਾਰ ਆਉਣ 'ਤੇ ਪਟਵਾਰੀ ਮੋਹਨ ਸਿੰਘ ਨੇ ਇਹ ਮਾਮਲਾ ਫਿਰ ਉਠਾਇਆ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਸ ਮਾਮਲੇ ਦੀ ਮੁੜ ਤੋਂ ਜਾਂਚ ਕਰਨ ਲਈ ਆਈਜੀ ਗੁਰਿੰਦਰ ਸਿੰਘ ਢਿੱਲੋਂ ਦੀ ਡਿਊਟੀ ਲਗਾਈ ਸੀ। ਆਈਜੀ ਢਿੱਲੋਂ ਦੀ ਰਿਪੋਰਟ 'ਤੇ ਹੀ 29 ਜੁਲਾਈ ਨੂੰ ਸ਼ਰਮਾ ਨੇ ਫਿਰੋਜ਼ਪੁਰ ਪੁਲਿਸ ਸਾਹਮਣੇ ਪੇਸ਼ ਹੋ ਕੇ ਅਪਣੇ ਬਿਆਨ ਦਰਜ ਕਰਵਾਏ ਸਨ।

ਦਸ ਦਈਏ ਕਿ ਸ਼ਿਵ ਕੁਮਾਰ ਸ਼ਰਮਾ ਉਨ੍ਹਾਂ ਅਧਿਕਾਰੀਆਂ ਵਿਚੋਂ ਹਨ, ਜੋ ਇਕ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਕੋਲੋਂ ਵੀ ਪੁਛਗਿਛ ਕਰ ਚੁੱਕੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਆਈਜੀ ਢਿੱਲੋਂ ਦੀ ਰਿਪੋਰਟ ਵਿਚ ਰਘਬੀਰ ਸਿੰਘ ਸੰਧੂ ਜੋ ਉਸ ਵੇਲੇ ਦੇ ਐਸਪੀ ਪੱਧਰ ਦੇ ਅਧਿਕਾਰੀ ਸਨ, ਵਿਰੁਧ ਵੀ ਸ਼ਰਮਾ ਨੂੰ ਗ਼ਲਤ ਤੌਰ 'ਤੇ ਕਲੀਨ ਚਿੱਟ ਦੇਣ ਸਬੰਧੀ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਮਾਮਲਾ ਅੱਗੇ ਕੀ ਰੰਗ ਦਿਖਾਉਂਦਾ ਹੈ।

Related Stories