ਖ਼ਾਲਿਸਤਾਨ ਸਾਡਾ ਸੰਵਿਧਾਨਕ ਹੱਕ : ਮਾਨ
ਜਿਉਂ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਟੇਜ ਤੋਂ ਕੌਮੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਸੰਬੋਧਨ ਕਰਨਾ ਸ਼ੁਰੂ ਕੀਤਾ..............
ਖੰਨਾ : ਜਿਉਂ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਟੇਜ ਤੋਂ ਕੌਮੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਸੰਬੋਧਨ ਕਰਨਾ ਸ਼ੁਰੂ ਕੀਤਾ ਤਿਉਂ ਹੀ ''ਖਾਲਿਸਤਾਨ ਜਿੰਦਾਬਾਦ'' ਦੇ ਲਗਾਤਾਰ ਨਾਹਰੇ ਲੱਗਣੇ ਸ਼ੁਰੂ ਹੋ ਗਏ। ਸ. ਮਾਨ ਨੇ ਸਾਰੀਆਂ ਸਿਆਸੀ ਪਾਰਟੀਆਂ 'ਤੇ ਵਰ੍ਹਦਿਆਂ ਕਿਹਾ ਕਿ ਆਪ, ਕਾਂਗਰਸ, ਅਕਾਲੀ-ਭਾਜਪਾ ਗਠਜੋੜ ਮੌਕਾਪ੍ਰਸਤ ਅਤੇ ਮਤਲਬਪ੍ਰਸਤ ਹਨ, ਜਿਨ੍ਹਾਂ ਨੂੰ ਪੰਥ ਅਤੇ ਅਤੇ ਪੰਜਾਬ ਦੇ ਹਿੱਤਾਂ ਨਾਲ ਕੋਈ ਸਾਰੋਕਾਰ ਨਹੀਂ। ਅੱਜ ਦਾ ਦਿਨ ਸਿੱਖ ਕੌਮ ਲਈ ਬੇਇਨਸਾਫ਼ੀ, ਜ਼ਲਾਲਤ ਅਤੇ ਗੁਲਾਮੀ ਦਾ 72ਵਾਂ ਸਾਲ ਹੈ।
ਉਨ੍ਹਾਂ ਕਿਹਾ ''ਸਿੱਖ ਇਕ ਵੱਖਰੀ ਕੌਮ ਹੈ'' ਅਤੇ ਖਾਲਸਿਤਾਨ ਸਾਡਾ ਸੰਵਿਧਾਨਿਕ ਹੱਕ ਹੈ, ਜੋ ਅਸੀਂ ਕਾਨੂੰਨੀ ਲੜਾਈ ਲੜ ਕੇ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ 1947 ਵੇਲੇ ਦੇਸ਼ ਦੀ ਵੰਡ ਸਮੇਂ ਮਹਾਤਮਾ ਗਾਂਧੀ ਅਤੇ ਨਹਿਰੂ ਗਾਂਧੀ ਨੇ ਸਿੱਖਾਂ ਨਾਲ ਜੋ ਵਾਅਦੇ ਕੀਤੇ ਸਨ ਉਨ੍ਹਾਂ ਤੋਂ ਸ਼ਰੇਆਮ ਮੁਕਰ ਗਏ। ਬਰਗਾੜੀ ਮੋਰਚੇ ਬਾਰੇ ਬੋਲਦਿਆਂ ਸ. ਮਾਨ ਲੇ ਕਿਹਾ ਕਿ ਕਾਂਗਰਸ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਜਿਨ੍ਹਾਂ ਦੇ ਨਾਮ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਸਾਹਮਣੇ ਆਏ ਹਨ, ਨੂੰ ਤੁਰਤ ਸਖ਼ਤ ਸਜ਼ਾ ਦੇਵੇ।
ਉਨ੍ਹਾਂ ਕਿਹਾ ਕਿ ਅੱਜ ਦਾ ਇਹ ਇਕੱਠ ਮੰਗ ਕਰਦਾ ਹੈ ਕਿ ਬਹਿਬਲ ਕਲਾਂ ਗੋਲੀ ਕਾਂਡ ਵਿਚ ਪੁਲਿਸ ਗੋਲੀ ਨਾਲ ਸ਼ਹੀਦ ਕੀਤੇ ਗਏ ਦੋ ਸਿੱਖ ਨੌਜਵਾਨਾਂ ਦੇ ਕਾਤਲਾਂ ਅਤੇ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਉੱਚ ਅਧਿਕਾਰੀਆਂ ਨੂੰ ਵੀ ਤੁਰਤ ਸਖ਼ਤ ਸਜ਼ਾ ਦਿਤੀ ਜਾਵੇ। ਪ੍ਰੈਸ ਕਾਨਫ਼ਰੰਸ ਦੌਰਾਨ ਸ੍ਰੀ ਮਾਨ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਸਾਧ ਦੀ ਮਾਫ਼ੀ ਲਈ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ''ਗੁਰੂ ਕੀ ਗੋਲਕ'' ਦੇ 97 ਲੱਖ ਰੁਪਏ ਦੀ ਰਾਸ਼ੀ ਇਸ਼ਤਿਹਾਰਬਾਜ਼ੀ ਲਈ ਖਰਚ ਕੇ ਸੰਗਤਾਂ ਨਾਲ ਧ੍ਰੋਹ ਕਮਾਇਆ ਹੈ।