ਇਮਰਾਨ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਲਈ ਪਾਕਿਸਤਾਨ ਰਵਾਨਾ ਹੋਏ ਨਵਜੋਤ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿਚ ਭਾਗ ਲੈਣ ਲਈ ਪਾਕਿਸਤਾਨ...

Navjot Singh Sidhu

ਅਟਾਰੀ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿਚ ਭਾਗ ਲੈਣ ਲਈ ਪਾਕਿਸਤਾਨ ਲਈ ਰਵਾਨਾ ਹੋ ਗਏ ਹਨ। ਦਸ ਦਈਏ ਕਿ ਇਮਰਾਨ ਖ਼ਾਨ ਇਕ ਸਾਬਕਾ ਕ੍ਰਿਕਟਰ ਹਨ, ਜੋ ਕ੍ਰਿਕਟ ਤੋਂ ਬਾਅਦ ਸਿਆਸਤ ਵਿਚ ਆ ਗਏ ਸਨ। ਕ੍ਰਿਕਟ ਦੌਰਾਨ ਉਨ੍ਹਾਂ ਦੀ ਨਵਜੋਤ ਸਿੰਘ ਸਿੱਧੂ ਨਾਲ ਕਾਫ਼ੀ ਨੇੜਤਾ ਰਹੀ ਹੈ। ਇਹੀ ਵਜ੍ਹਾ ਹੈ ਕਿ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਅਪਣੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਜਿੱਥੇ ਵਿਸ਼ੇਸ਼ ਤੌਰ 'ਤੇ ਸੱਦਾ ਪੱਤਰ ਭੇਜਿਆ ਸੀ, ਉਥੇ ਹੀ ਉਨ੍ਹਾਂ ਨੇ ਸਿੱਧੂ ਨੂੰ ਫ਼ੋਨ ਵੀ ਕੀਤਾ ਸੀ। 

ਪਾਕਿਸਤਾਨ ਵਿਚ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਜਾਣ ਮੌਕੇ ਪੰਜਾਬ ਸਰਕਾਰ ਦੇ ਕੈਬਿਨੈਟ ਮੰਤਰੀ ਅਤੇ ਸਾਬਕਾ ਬੱਲੇਬਾਜ਼ ਨਵਜੋਤ ਸਿੰਘ ਸਿੱਧੂ ਨੇ ਅਟਾਰੀ ਵਾਹਗਾ ਬਾਰਡਰ ਤੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਆਖਿਆ ਕਿ ਕਿ ਮੈਂ ਇਕ ਸਦਭਾਵਨਾ ਰਾਜਦੂਤ ਵਜੋਂ ਪਾਕਿਸਤਾਨ ਜਾ ਰਿਹਾ ਹਾਂ। ਉਨ੍ਹਾਂ ਆਖਿਆ ਕਿ ਮੈਂ ਇਸ ਉਮੀਦ ਨਾਲ ਗੁਆਂਢੀ ਮੁਲਕ ਵਿਚ ਜਾ ਰਿਹਾ ਹਾਂ ਕਿ ਇਸ ਨਾਲ ਸਾਡੇ ਦੋਵੇਂ ਮੁਲਕਾਂ ਵਿਚਾਲੇ ਸਬੰਧ ਬਿਹਤਰ ਹੋਣਗੇ। 

ਦਸ ਦਈਏ ਕਿ ਇਮਰਾਨ ਖ਼ਾਨ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ-ਨਾਲ ਭਾਰਤ ਦੇ ਕੁੱਝ ਹੋਰ ਕ੍ਰਿਕਟਰਾਂ ਜਿਨ੍ਹਾਂ ਵਿਚ ਕਪਿਲ ਦੇਵ ਅਤੇ ਸੁਨੀਲ ਗਵਾਸਕਰ ਦੇ ਨਾਮ ਸ਼ਾਮਲ ਹਨ, ਨੂੰ ਵੀ ਅਪਣੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਸੱਦਿਆ ਸੀ। ਕਪਿਲ ਦੇਵ ਅਤੇ ਸੁਨੀਲ ਗਵਾਸਕਰ ਨੇ ਕੁੱਝ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ਨਾ ਜਾਣ ਦੀ ਗੱਲ ਆਖੀ ਹੈ ਜਦਕਿ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਲਈ ਰਵਾਨਾ ਹੋ ਗਏ ਹਨ। 

ਕੁੱਝ ਦਿਨ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਦਿੱਲੀ ਵਿਖੇ ਪਾਕਿਸਤਾਨੀ ਹਾਈ ਕਮਿਸ਼ਨ ਨਾਲ ਵੀ ਪਾਕਿਸਤਾਨੀ ਵੀਜ਼ਾ ਸਬੰਧੀ ਗੱਲਬਾਤ ਕਰਨ ਲਈ ਮੁਲਾਕਾਤ ਕਰਨ ਲਈ ਪੁੱਜੇ ਸਨ। ਇਸ ਤੋਂ ਪਹਿਲਾਂ ਇਹ ਵੀ ਖ਼ਬਰਾਂ ਆਈਆਂ ਸਨ ਕਿ ਇਮਰਾਨ ਦੀ ਪਾਰਟੀ ਵਲੋਂ ਭੇਜੇ ਗਏ ਸੱਦਾ ਪੱਤਰਾਂ ਨੂੰ ਰੱਦ ਕਰ ਦਿਤਾ ਗਿਆ ਹੈ ਪਰ ਇਸ ਤੋਂ ਬਾਅਦ ਫਿਰ ਖ਼ਬਰਾਂ ਸਾਹਮਣੇ ਆਈਆਂ, ਜਿਸ ਵਿਚ ਭਾਰਤ ਦੇ ਕੁੱਝ ਸਾਬਕਾ ਕ੍ਰਿਕਟਰਾਂ ਨੂੰ ਸਮਾਗਮ ਵਿਚ ਸ਼ਾਮਲ ਹੋਣ ਸੱਦਾ ਭੇਜਿਆ ਗਿਆ।

ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕੇ ਏ ਇਨਸਾਫ਼ ਨੂੰ ਇਸ ਵਾਰ ਦੀਆਂ ਆਮ ਚੋਣਾਂ ਵਿਚ ਕਾਫ਼ੀ ਬੜ੍ਹਤ ਹਾਸਲ ਹੋਈ ਹੈ। ਉਹ ਅਪਣੀ ਪਾਰਟੀ ਵਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸਨ। 

Related Stories