ਫਿਲਮ 'ਬਾਰਡਰ' ਦੇ ਅਸਲ ਹੀਰੋ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਦੇਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

1971 ‘ਚ ਪਾਕਿਸਤਾਨ ਨਾਲ ਹੋਈ ਭਾਰਤ ਦੀ ਜੰਗ ਦੇ ਨਾਇਕ ਬ੍ਰਿਗੇਡੀਅਰ ਕੁਲਦੀਪ ਸਿੰਘ ਚੰਦਪੁਰੀ ਦਾ ਅੱਜ ਸਵੇਰੇ 9:00 ਵਜੇ ਦੇਹਾਂਤ...

Brigadier Kuldeep Singh

ਚੰਡੀਗੜ੍ਹ (ਸ.ਸ.ਸ) :1971 ‘ਚ ਪਾਕਿਸਤਾਨ ਨਾਲ ਹੋਈ ਭਾਰਤ ਦੀ ਜੰਗ ਦੇ ਨਾਇਕ ਬ੍ਰਿਗੇਡੀਅਰ ਕੁਲਦੀਪ ਸਿੰਘ ਚੰਦਪੁਰੀ ਦਾ ਅੱਜ ਸਵੇਰੇ 9:00 ਵਜੇ ਦੇਹਾਂਤ ਹੋ ਗਿਆ। ਉਹ 78 ਵਰ੍ਹਿਆਂ ਦੇ ਸਨ। ਉਨ੍ਹਾਂ ਮੋਹਾਲੀ ਦੇ ਫ਼ੋਰਟਿਸ ਹਸਪਤਾਲ ‘ਚ ਆਖ਼ਰੀ ਸਾਹ ਲਿਆ। ਉਹ ਪਿਛਲੇ ਲੰਮੇ ਸਮੇਂ ਕੈਂਸਰ ਰੋਗ ਨਾਲ ਜੂਝ ਰਹੇ ਸਨ। 1965 ਅਤੇ 1971 ‘ਚ ਪਾਕਿਸਤਾਨ ਨਾਲ ਹੋਈਆਂ ਭਾਰਤ ਦੀਆਂ ਜੰਗਾਂ ਦੌਰਾਨ ਵਿਖਾਈ ਬੇਮਿਸਾਲ ਬਹਾਦਰੀ ਲਈ ਭਾਰਤ ਸਰਕਾਰ ਨੇ ਬ੍ਰਿਗੇਡੀਅਰ ਕੁਲਦੀਪ ਸਿੰਘ ਚੰਦਪੁਰੀ ਹੁਰਾਂ ਨੂੰ ਮਹਾਂਵੀਰ ਚੱਕਰ ਨਾਲ ਸਨਮਾਨਿਤ ਕੀਤਾ ਸੀ।

ਸ੍ਰੀ ਚੰਦਪੁਰੀ ਦਾ ਜਨਮ 22 ਨਵੰਬਰ, 1940 ਨੂੰ ਅਣਵੰਡੇ ਭਾਰਤ ਦੇ ਪੰਜਾਬ ਸੂਬੇ ਦੇ ਪ੍ਰਮੁੱਖ ਸ਼ਹਿਰ ਮਿੰਟਗੁਮਰੀ (ਹੁਣ ਪਾਕਿਸਤਾਨ ‘ਚ) ਵਿਖੇ ਹੋਇਆ ਸੀ। 1947 ‘ਚ ਦੇਸ਼ ਦੀ ਵੰਡ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਨਵਾਂਸ਼ਹਿਰ ਜਿ਼ਲ੍ਹੇ ਦੇ ਪ੍ਰਮੁੱਖ ਕਸਬੇ ਬਲਾਚੌਰ ਦੇ ਨੇੜੇ ਪਿੰਡ ਚੰਦਪੁਰ ਰੁੜਕੀ ਆ ਵੱਸੇ ਸਨ। ਆਪਣੇ ਪਿੰਡ ਦਾ ਨਾਂਅ ਚੰਦਪੁਰ ਹੀ ਉਨ੍ਹਾਂ ‘ਚੰਦਪੁਰੀ’ ਦੇ ਤੌਰ ‘ਤੇ ਆਪਣੇ ਨਾਂਅ ਨਾਲ ਲਾਇਆ ਸੀ। ਪਰ ਬਾਲੀਵੁੱਡ ਦੀ ਬਹੁ-ਚਰਚਿਤ ਫਿ਼ਲਮ ‘ਬਾਰਡਰ’ ਰਿਲੀਜ਼ ਹੋਣ ਤੇ ਫਿਰ ਸੁਪਰ-ਹਿੱਟ ਹੋਣ ਤੋਂ ਬਾਅਦ ਉਨ੍ਹਾਂ ਨੂੰ ‘ਚੰਦਪੁਰੀ’ ਦੀ ਥਾਂ ‘ਚਾਂਦਪੁਰੀ’ ਵਧੇਰੇ ਆਖਿਆ ਜਾਣ ਲੱਗਾ।

ਫਿ਼ਲਮ ‘ਬਾਰਡਰ’ ‘ਚ ਬ੍ਰਿਗੇਡੀਅਰ ਕੁਲਦੀਪ ਸਿੰਘ ਚੰਦਪੁਰੀ ਹੁਰਾਂ ਦੀ ਭੂਮਿਕਾ ਪੰਜਾਬ ਦੇ ਅਦਾਕਾਰ ਧਰਮਿੰਦਰ ਦੇ ਪੁੱਤਰ ਸੰਨੀ ਦਿਓਲ ਨੇ ਬਾਖ਼ੂਬੀ ਨਿਭਾਈ ਸੀ। ਫਿ਼ਲਮ ਵਿੱਚ ਜਿਵੇਂ ਵਿਖਾਇਆ ਜਾਂਦਾ ਹੈ ਕਿ ਸ੍ਰੀ ਚੰਦਪੁਰੀ ਦੇ ਨਾਲ ਮੌਜੂਦ ਲਗਭਗ ਸਾਰੇ ਫ਼ੌਜੀ ਜਵਾਨ ਸ਼ਹੀਦ ਹੋ ਗਏ ਸਨ। ਅਸਲ `ਚ ਅਜਿਹਾ ਨਹੀਂ ਹੋਇਆ ਸੀ। 1971 ਦੀ ਉਸ ਜੰਗ ਦੌਰਾਨ ਬ੍ਰਿਗੇਡੀਅਰ ਕੁਲਦੀਪ ਸਿੰਘ ਚੰਦਪੁਰੀ ਨੇ ਆਪਣੇ ਬਹੁਤੇ ਜਵਾਨ ਬਚਾ ਲਏ ਸਨ ਤੇ ਸਿਰਫ਼ ਦੋ ਜਵਾਨ ਹੀ ਉਸ ਮੋਰਚੇ ‘ਤੇ ਸ਼ਹੀਦ ਹੋਏ ਸਨ। ਤਦ ਪਾਕਿਸਤਾਨੀ ਥਲ ਸੈਨਾ ਦੇ 51ਵੇਂ ਬ੍ਰਿਗੇਡ ਦੇ 3,000 ਫ਼ੌਜੀਆਂ ਨੇ ਹਮਲਾ ਬੋਲ ਦਿੱਤਾ ਸੀ।

ਤੇ ਉਨ੍ਹਾਂ ਨਾਲ 22ਵੀਂ ਹਥਿਆਰਬੰਦ ਰੈਜਿਮੈਂਟ ਦੇ ਫ਼ੌਜੀ ਵੀ ਸਨ ਪਰ ਇੱਧਰ ਬ੍ਰਿਗੇਡੀਅਰ ਕੁਲਦੀਪ ਸਿੰਘ ਚੰਦਪੁਰੀ ਹੁਰਾਂ ਕੋਲ ਸਿਰਫ਼ 120 ਵਿਅਕਤੀ ਸਨ ਤੇ ਉਨ੍ਹਾਂ ਸਭਨਾਂ ਨੇ ਆਪਣੇ ਸਾਹਮਣੇ ਮੌਜੂਦ ਦੁਸ਼ਮਣ ਦੀ ਫ਼ੌਜ ਦੇ ਹਜ਼ਾਰਾਂ ਫ਼ੌਜੀਆਂ ਨੂੰ ਜ਼ਬਰਦਸਤ ਟੱਕਰ ਦਿੱਤੀ ਸੀ। ਬ੍ਰਿਗੇਡੀਅਰ ਚਾਂਦਪੁਰੀ, ਉਨ੍ਹਾਂ ਦੇ ਬਹਾਦਰ ਸਾਥੀ ਫ਼ੌਜੀ ਜਵਾਨਾਂ ਤੇ ਹੋਰ ਭਾਰਤੀ ਪਲਟਣਾਂ ਦੀ ਉਸ ਵੀਰਤਾ ਸਦਕਾ ਹੀ ਭਾਰਤ ਨੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਰਾਇਆ ਸੀ। ਉਸ ਤੋਂ ਪਹਿਲਾਂ 1965 ‘ਚ ਪਾਕਿਸਤਾਨ ਨਾਲ ਹੋਈ ਜੰਗ ਵਿੱਚ ਵੀ ਉਨ੍ਹਾਂ ਆਪਣੀ ਬਹਾਦਰੀ ਦੇ ਜੌਹਰ ਵਿਖਾਏ ਸਨ।

ਉਸ ਜੰਗ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਮਿਸਰ ‘ਚ ਗਾਜ਼ਾ ਵਿਖੇ ਸੰਯੁਕਤ ਰਾਸ਼ਟਰ ਦੀ ਐਮਰਜੈਂਸੀ ਫ਼ੋਰਸ ਨਾਲ ਭੇਜ ਦਿੱਤਾ ਗਿਆ ਸੀ। ‘ਬਾਰਡਰ’ ਫਿ਼ਲਮ ਰਿਲੀਜ਼ ਹੋਣ ਤੋਂ ਬਾਅਦ ਇਕ ਮੇਜਰ ਜਨਰਲ ਅ ਸਿੰਘ ਤੇ ਏਅਰ ਮਾਰਸ਼ਲ ਅ ਨੇ ਦਾਅਵਾ ਕੀਤਾ ਸੀ ਕਿ ਬ੍ਰਿਗੇਡੀਅਰ ਕੁਲਦੀਪ ਸਿੰਘ ਚੰਦਪੁਰੀ ਤੇ ਅਲਫ਼ਾ ਕੰਪਨੀ ਨੇ ਤਾਂ ਮੈਦਾਨ-ਏ-ਜੰਗ ਵਿਚ ਭਾਗ ਹੀ ਨਹੀਂ ਲਿਆ ਸੀ। ਉਹ ਤਾਂ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨੀ ਫ਼ੌਜਾਂ ਦੇ ਦੰਦ ਖੱਟੇ ਕੀਤੇ ਸਨ। ਮੇਜਰ ਚੰਦਪੁਰੀ ਨੇ ਤਦ ਜਵਾਬ ਵਿੱਚ ਇਹੋ ਆਖਿਆ ਸੀ ਕਿ ਇਹ ਫ਼ੌਜੀ ਅਧਿਕਾਰੀ ਸਿਰਫ਼ ‘ਈਰਖਾਵੱਸ ਇਹ ਕਰ ਰਹੇ ਹਨ।

ਜੇ ਅਜਿਹੀ ਗੱਲ ਸੀ, ਤਾਂ ਉਹ ਦੋ ਦਹਾਕਿਆਂ ਤੱਕ ਚੁੱਪ ਕਿਉਂ ਰਹੇ?’ ਫਿਰ ਨੇ ਅਦਾਲਤ ‘ਚ ਮਾਨਹਾਨੀ ਦਾ ਦਾਅਵਾ ਠੋਕ ਦਿੱਤਾ ਸੀ ਤੇ ਸਿਰਫ਼ ਇੱਕ ਰੁਪਿਆ ਮੁਆਵਜ਼ਾ ਮੰਗਿਆ ਸੀ। ਤਦ ਉਨ੍ਹਾਂ ਬਿਆਨ ਦਿੱਤਾ ਸੀ, ‘ਮੈਂ ਸਿਰਫ਼ ਇਸ ਲਈ ਅਦਾਲਤ ‘ਚ ਕੇਸ ਦਾਖ਼ਲ ਕੀਤਾ ਹੈ ਕਿਉਂਕਿ ਮੈਂ ਜੰਗ ‘ਚ ਮੌਜੂਦ ਸਾਂ ਤੇ ਲੜ ਰਿਹਾ ਸਾਂ ਅਤੇ ਹੁਣ ਆਲੋਚਨਾ ਕਰਨ ਵਾਲੇ ਤਾਂ ਉੱਥੇ ਕਿਤੇ ਵੀ ਮੌਜੂਦ ਨਹੀਂ ਸਨ। ਮੈਨੁੰ ਉਨ੍ਹਾਂ ਦਾ ਧਨ ਨਹੀਂ ਚਾਹੀਦਾ, ਮੈਨੂੰ ਸਿਰਫ਼ ਇਨਸਾਫ਼ ਚਾਹੀਦਾ ਹੈ। ‘ਕੁਲਦੀਪ ਸਿੰਘ ਚਾਂਦਪੁਰੀ ਬਾਅਦ ‘ਚ ਬ੍ਰਿਗੇਡੀਅਰ ਦੇ ਅਹੁਦੇ ਤੋਂ ਸੇਵਾ-ਮੁਕਤ ਹੋਏ ਸਨ ਤੇ ਹੁਣ ਚੰਡੀਗੜ੍ਹ ‘ਚ ਰਹਿ ਰਹੇ ਸਨ। ਸੱਚਮੁਚ ਸ੍ਰੀ ਕੁਲਦੀਪ ਸਿੰਘ ਚਾਂਦਪੁਰੀ ਜਿਹੀਆਂ ਸ਼ਖ਼ਸੀਅਤਾਂ ਅਣਗਿਣਤ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਸਮਰੱਥ ਹਨ। ਉਹ ਆਪਣੀ ਬਹਾਦਰੀ ਦੇ ਕਿੱਸਿਆਂ ‘ਚ ਅਮਰ ਰਹਿਣਗੇ।