ਪ੍ਰਕਾਸ਼ ਸਿੰਘ ਬਾਦਲ ਜਵਾਬ ਦੇਣ ਕਿ ਜਥੇਦਾਰਾਂ ਨੂੰ ਅਪਣੀ ਰਿਹਾਇਸ਼ ‘ਤੇ ਕਿਉਂ ਸੱਦਿਆ ਸੀ : ਤ੍ਰਿਪਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ....

Tript Bajwa

ਚੰਡੀਗੜ, 17 ਨਵੰਬਰ: ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਹੈ ਕਿ ਉਹ ਇਹ ਦਸਣ ਕਿ ਸਤੰਬਰ 2015 ਵਿਚ ਸੱਚਾ ਸੌਦਾ ਡੇਰੇ ਦੇ ਮੁੱਖੀ ਗਰਮੀਤ ਰਾਮ ਰਹੀਮ ਨੂੰ ਦਿੱਤੀ ਗਈ ਮੁਆਫ਼ੀ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਉਸ ਦੇ ਸਹਿਯੋਗੀਆਂ ਨੂੰ ਉਹਨਾਂ ਨੇ ਆਪਣੀ ਸਰਕਾਰੀ ਰਿਹਾਇਸ਼ ਉੱਤੇ ਕਿਸ ਮਕਸਦ ਲਈ ਤਲਬ ਕੀਤਾ ਗਿਆ 

‘‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਬਿਰਤਾਂਤ ਦਾ ਇਹ ਸਭ ਤੋਂ ਮਹੱਤਵਪੂਰਨ ਕੜੀ ਹੈ। ਉਸ ਸਮੇਂ ਇਹ ਮਾਮਲਾ ਖੂਬ ਚਰਚਾ ਦਾ ਵਿਸ਼ਾ ਬਣਿਆ ਸੀ ਕਿ ਸ਼੍ਰੀ ਬਾਦਲ ਨੇ ਡੇਰਾ ਮੁੱਖੀ ਨੂੰ ਮੁਆਫ਼ੀ ਦੁਆਉਣ ਲਈ ਸ੍ਰੀ ਅਕਾਲ ਤਖ਼ਤ ਅਤੇ ਬਾਕੀ ਤਖਤਾਂ ਦੇ ਜਥੇਦਾਰ ਸਾਹਿਬਾਨ ਨੂੰ ਆਪਣੀ ਸਰਕਾਰੀ ਰਿਹਾਇਸ਼ ਉੱਤੇ ਤਲਬ ਕੀਤਾ ਗਿਆ ਸੀ।ਇਸ ਬਹੁਤ ਹੀ ਨਾਜ਼ਕ ਮਾਮਲੇ ਸਬੰਧੀ ਸਚਾਈ ਪ੍ਰਕਾਸ਼ ਸਿੰਘ ਬਾਦਲ ਨੂੰ ਖੁਦ ਦਸਣੀ ਚਾਹੀਦੀ ਹੈ।

ਸ਼੍ਰੀ ਬਾਦਲ ਪੰਜ ਵਾਰੀ ਸੂਬੇ ਦੇ ਮੁੱਖ ਮੰਤਰੀ ਰਹਿਣ ਦੇ ਨਾਲ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫਖਰੇ ਕੌਮ ਦੇ ਖ਼ਿਤਾਬ ਨਾਲ ਵੀ ਸਨਮਾਨੇ ਗਏ ਹਨ ਇਸ ਲਈ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਇਸ ਮਾਮਲੇ ਬਾਰੇ ਸਚਾਈ ਦਸਣਗੇ।’’ ਉਹਨਾਂ ਯਾਦ ਕਰਵਾਇਆ ਕਿ 2007 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਧਾਰਨ ਕਰਨ ਕਾਰਨ ਸ੍ਰੀ ਅਕਾਲ ਤਖ਼ਤ ਵਲੋਂ ਡੇਰਾ ਮੁੱਖੀ ਦੇ ਸਮਾਜਿਕ ਬਾਈਕਾਟ ਦੇ ਦਿੱਤੇ ਗਏ ਸੱਦੇ ਸਬੰਧੀ 2015 ਵਿਚ ਪਹਿਲਾਂ ਮੁਆਫ਼ ਕਰ ਦਿੱਤਾ ਗਿਆ ਸੀ ਅਤੇ ਸਿੱਖ ਜਗਤ ਵਿਚ ਪੈਦਾ ਹੋਏ ਰੋਹ ਕਾਰਨ ਕੁਝ ਦਿਨਾਂ ਬਾਅਦ ਇਹ ਮੁਆਫ਼ੀ ਵਾਪਸ ਲੈ ਲਈ ਗਈ ਸੀ।

ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਖਾਸ ਕਰ ਕੇ ਬਾਦਲ ਪਰਿਵਾਰ ਵਿਰੁੱਧ ਪੈਦਾ ਹੋਇਆ ਇਹ ਰੋਹ ਅੱਜ ਵੀ ਜਾਰੀ ਹੈ। ਸ਼੍ਰੀ ਬਾਜਵਾ ਨੇ ਕਿਹਾ ਕਿ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਪਹਿਲੀ ਜੂਨ2015 ਨੂੰ ਪਿੰਡ ਜਵਾਹਰ ਸਿੰਘ ਵਾਲਾ ਵਿਚੋਂ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਲੱਭਣ ਲਈ ਸਰਕਾਰ ਵਲੋਂ ਸਿਰਤੋੜ ਯਤਨ ਕਿਉਂ ਨਹੀਂ ਕੀਤੇ ਗਏ। ਇਸ ਸਰੂਪ ਦੇ ਹੀ ਪੱਤਰੇ ਕੁਝ ਦਿਨਾਂ ਬਾਅਦ ਬਰਗਾੜੀ ਪਿੰਡ ਦੀਆਂ ਗਲੀਆਂ ਵਿਚ ਖਿਲਾਰੇ ਗਏ ਸਨ। 

ਉਹਨਾਂ ਨੇ ਕਿਹਾ ਕਿ ਬਾਦਲ ਸਰਕਾਰ ਨੇ ਇਹਨਾਂ ਘਟਨਾਵਾਂ ਨੂੰ ਜਾਂ ਤਾਂ ਸਾਧਾਰਣ ਜੁਰਮ ਸਮਝ ਕੇ ਇਹਨਾਂ ਵੱਲ਼ ਬਿਲਕੁਲ ਵੀ ਤਵੱਜੋ ਨਹੀਂ ਦਿੱਤੀ ਅਤੇ ਜਾਂ ਫਿਰ ਕਿਸੇ ਖਾਸ ਵਜਾ ਕਰ ਕੇ ਇਹਨਾਂ ਨੂੰ ਜਾਣ ਬੁੱਝ ਕੇ ਅੱਖੋਂ ਪਰੋਖੇ ਕਰੀ ਰੱਖਿਆ।ਜੇ ਬਾਦਲ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਹੋਣ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਇਸ ਨੂੰ ਹੱਲ ਕਰ ਲਿਆ ਹੁੰਦਾ ਤਾਂ ਬਾਅਦ ਵਾਲੀਆਂ ਦੁਖਦਾਇਕ ਘਟਨਾਵਾਂ ਨਹੀਂ ਸਨ ਹੋਣੀਆਂ।

ਪੰਚਾਇਤ ਮੰਤਰੀ ਨੇ ਦੋਸ਼ ਲਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਹੋਣ ਦੀ ਘਟਨਾ ਨੂੰ ਗੰਭੀਰਤਾ ਨਾਲ ਨਾ ਲੈਣ ਦਰਅਸਲ ਉਸ ਵੱਡੀ ਸਾਜ਼ਿਸ਼ ਦੀ ਹੀ ਕੜੀ ਸੀ ਜਿਸ ਤਹਿਤ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ੳੇਸ ਦੇ ਡਿਪਟੀ ਮੁੱਖ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ ਵਲੋਂ ਡੇਰਾ ਮੁੱਖੀ ਨੂੰ ਮੁਆਫੀ ਦੁਆਈ ਗਈ ਸੀ ਸ਼੍ਰੀ ਬਾਜਵਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਤੱਥ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪੀੜ ਦੇ ਪੱਤਰੇ ਗਲੀਆਂ ਵਿਚ ਖਿੰਡਾਉਣ ਦੇ ਕੀਤੇ ਗਏ ਘਿਨਾਉਣੇ ਜੁਰਮ ਤੋਂ ਬਾਅਦ ਵੀ ਦੋਸ਼ੀਆਂ ਨੂੰ  ਲੱਭਣ ਦੇ ਕੋਈ ਠੋਸ ਯਤਨ ਨਹੀਂ ਕੀਤੇ ਗਏ। 

ਉਹਨਾਂ ਕਿਹਾ ਕਿ ਇਹਨਾਂ ਦੋਸ਼ੀਆਂ ਨੂੰ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ  ਇਸ ਦਿਸ਼ਾ ਵਿਚ ਕੀਤੇ ਗਏ ਗੰਭੀਰ ਯਤਨਾਂ ਸਦਕਾਹੀ ਫੜਿਆ ਜਾ ਸਕਿਆ ਹੈ। ਕੈਬਨਿਟ ਮੰਤਰੀ ਨੇ ਪ੍ਰਕਾਸ਼ ਸਿੰਘ ਬਾਦਲ ਦੇ ਇਸ ਦੋਸ਼ ਨੂੰ ਘਬਰਾਹਟ ਅਤੇ ਡਰ ਦੀ ਨਿਸ਼ਾਨੀ ਦਸਿਆ ਕਿ ਇਸ ਜਾਂਚ ਟੀਮ ਦੀ ਅੰਤਮ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹੀ ਲਿਖੀ ਜਾਣੀ ਹੈ।

ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵਿਚ ਬਹੁਤ ਹੀ ਮਾਹਰ, ਲਾਇਕ ਅਤੇ ਨਿਰਪੱਖ ਅਧਿਕਾਰੀ ਸ਼ਾਮਲ ਕੀਤੇ ਗਏ ਹਨ ਜਿਹੜੇ ਆਪਣਾ ਕੰਮ ਬਿਨਾਂ ਕਿਸੇ ਦੀ ਦਖਲ਼ ਅੰਦਾਜੀ ਤੋਂ ਬਹੁਤ ਹੀ ਸੂਝ ਬੂਝ ਨਾਲ ਕਰ ਰਹੇ ਹਨ।