ਅਪਗ੍ਰੇਡੇਸ਼ਨ ਨਾਲ ਪੰਜਾਬ ਇਕ ਵਿਸ਼ਵ ਪੱਧਰੀ ਉਤਪਾਦਕ ਅਤੇ ਬਰਾਮਦ ਕੇਂਦਰ ਬਣਿਆ: ਸੁੰਦਰ ਸ਼ਾਮ ਅਰੋੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਟੋ ਪਾਰਟਸ ਅਤੇ ਹੈਂਡ ਟੂਲ ਤਕਨਾਲੋਜੀ ਇੰਸਟੀਚਿਊਟ ਦਾ ਅਪਗ੍ਰੇਡੇਸ਼ਨ ਕਰਨ ਨਾਲ ਪੰਜਾਬ ਇਕ ਵਿਸ਼ਵ ਪੱਧਰੀ ਉਤਪਾਦਕ ਅਤੇ ਬਰਾਮਦ ਕੇਂਦਰ ਬਣਿਆ: ਸੁੰਦਰ ਸ਼ਾਮ ਅਰੋੜਾ ...

Sunder Sham Arora

ਚੰਡੀਗੜ੍ਹ (ਸਸਸ) :- ਪੰਜਾਬ ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਏ.ਐਸ.ਆਈ.ਡੀ.ਈ. ਸਕੀਮ ਤਹਿਤ ਇੰਸਟੀਚਿਊਟ ਫ਼ਾਰ ਆਟੋ ਪਾਰਟਸ ਐਂਡ ਹੈਂਡ ਟੂਲ ਤਕਨਾਲੋਜੀ, ਲੁਧਿਆਣਾ ਵਿਖੇ ਅਪਗ੍ਰੇਡ ਕੀਤਾ ਗਿਆ, ਜਿਸ ਤਹਿਤ ਪਲਾਂਟ ਅਤੇ ਮਸ਼ੀਨਰੀ ਵਿੱਚ 12 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਸਨਅਤ ਅਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਆਧੁਨਿਕ ਤਕਨਾਲੋਜੀ ਸਹੂਲਤਾਂ ਦੇ ਸ਼ੁਰੂ ਹੋਣ ਨਾਲ ਜਿੱਥੇ ਸੰਸਥਾਗਤ, ਮਾਈਕਰੋ, ਛੋਟੇ ਤੇ ਦਰਮਿਆਨੇ ਖੇਤਰਾਂ ਵਿਸ਼ੇਸ਼ ਤੌਰ 'ਤੇ ਹੈਂਡ ਟੂਲ ਅਤੇ ਆਟੋ ਪਾਰਟ ਬਣਾਉਣ ਵਾਲੇ ਉਤਪਾਦਕਾਂ ਨੂੰ ਲਾਭ ਮਿਲੇਗਾ,

ਉੱਥੇ ਹੀ ਉਹ ਵਿਸ਼ਵ ਬਾਜ਼ਾਰ ਵਿੱਚ ਪ੍ਰਤੀਯੋਗੀ ਬਣਨਗੇ ਅਤੇ ਸੂਬੇ ਵਿੱਚ ਬਰਾਮਦ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਦੱਸਿਆ ਕਿ ਹੁਣ ਸੂਬੇ ਵਿੱਚ ਐਮ.ਐਸ.ਐਮ.ਈ. ਕੋਲ ਵਿਸਵ ਪੱਧਰੀ ਆਰ ਐਂਡ ਡੀ, ਟੈਸਟਿੰਗ ਅਤੇ ਉਤਪਾਦਨ ਦੀਆਂ ਸੁਵਿਧਾਵਾਂ ਹੋਣਗੀਆਂ। ਸਨਅਤ ਅਤੇ ਵਣਜ ਮੰਤਰੀ ਨੇ ਅੱਗੇ ਕਿਹਾ ਕਿ ਇਸ ਸੰਸਥਾ ਦੀ ਮਜਬੂਤੀ ਨਾਲ, ਹੈਂਡ ਟੂਲ ਅਤੇ ਆਟੋ ਕੰਪਨੀਆਂ ਨੂੰ ਆਪਣਾ ਉਤਪਾਦਨ ਵਧਾਉਣ ਅਤੇ ਉਤਪਾਦਾਂ ਦੀ ਗੁਣਵੱਤਾ ਵਧਾਉਣ ਲਈ ਪ੍ਰੇਰਣਾ ਮਿਲੇਗੀ, ਜਿਸ ਨਾਲ ਪੰਜਾਬ ਸੂਬੇ ਤੋਂ ਬਰਾਮਦ ਅਤੇ ਮੁਨਾਫਾ ਵਧੇਗਾ।

ਵਰਣਨਯੋਗ ਹੈ ਕਿ ਹਾਲ ਹੀ ਵਿੱਚ ਸਨਅਤ ਅਤੇ ਵਣਜ ਵਿਭਾਗ ਪੰਜਾਬ ਦੇ ਵਧੀਕ ਮੁੱਖ ਸਕੱਤਰ, ਸ੍ਰੀਮਤੀ ਵਿਨੀ ਮਹਾਜਨ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ ਵਿੱਚ ਪ੍ਰਾਜੈਕਟ ਮੋਨੀਟਰਿੰਗ ਕਮੇਟੀ (ਪੀ.ਐਮ.ਸੀ.) ਨੇ ਇਸ ਸੰਸਥਾ ਦੀ ਤਰੱਕੀ ਦੀ ਸਮੀਖਿਆ ਕੀਤੀ ਸੀ। ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਇੰਸਟੀਚਿਊਟ ਦੇ ਸਫ਼ਲਤਾਪੂਰਵਕ ਅਮਲ ਅਤੇ ਮਜ਼ਬੂਤੀ ਨੇ ਆਧੁਨਿਕ ਤਕਨੀਕੀ ਬੁਨਿਆਦੀ ਢਾਂਚੇ ਦੀ ਸਿਰਜਣਾ ਕੀਤੀ ਹੈ ਜੋ ਅੰਤਰਰਾਸ਼ਟਰੀ ਪੱਧਰ 'ਤੇ ਉਪਲੱਬਧ ਸਹੂਲਤਾਂ ਦੇ ਬਰਾਬਰ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਹੂਲਤਾਂ ਨਾਲ ਜਿੱਥੇ ਇਹ ਸੰਸਥਾ ਅੰਤਰਰਾਸਟਰੀ ਪੱਧਰ ਦੀਆਂ ਸੰਸਥਾਵਾਂ 'ਚ ਸ਼ੁਮਾਰ ਹੋਈ ਹੈ, ਉੱਥੇ ਹੀ ਸਥਾਨਕ ਉਤਪਾਦਕਾਂ ਅਤੇ ਬਰਾਮਦਕਾਰਾਂ ਕੋਲ ਹੁਣ ਅਪਗ੍ਰੇਡ ਕੀਤੇ ਪਲਾਂਟ, ਮਸ਼ੀਨਰੀ ਅਤੇ ਵਿਸ਼ਵ ਪੱਧਰੀ ਉਪਕਰਣਾਂ ਦੀ ਉਪਲੱਬਧਤਾ ਹੋਈ ਹੈ।