ਸੁਖਬੀਰ ਦੀ ਅਗਵਾਈ 'ਚ ਅਕਾਲੀ ਦਲ ਖ਼ਤਮ ਹੋਣ ਕੰਢੇ : ਮਨਪ੍ਰੀਤ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੀ ਤਬਾਹੀ ਲਈ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਕਰਾਰ ਦਿੰਦਿਆਂ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ...

Manpreet Singh Badal

ਬਠਿੰਡਾ, 17 ਦਸੰਬਰ (ਸੁਖਜਿੰਦਰ ਮਾਨ) : ਸ਼੍ਰੋਮਣੀ ਅਕਾਲੀ ਦਲ ਦੀ ਤਬਾਹੀ ਲਈ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਕਰਾਰ ਦਿੰਦਿਆਂ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਇਤਿਹਾਸ ਵਿਚ ਅਕਾਲੀ ਦਲ ਕਦੇ ਵੀ ਇੰਨਾ ਕਮਜ਼ੋਰ ਨਹੀਂ ਹੋਇਆ ਜਿੰਨਾ ਕਿ ਸੁਖਬੀਰ ਦੀ ਅਗਵਾਈ ਵਿਚ ਕਮਜ਼ੋਰ ਹੋਇਆ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਦੀ ਖੇਡ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਹਨ ਇਸ ਲਈ ਉਹ ਹੁਣ ਮੁੜ ਅਕਾਲੀ ਦਲ ਨੂੰ ਮੂੰਹ ਨਹੀਂ ਲਾਉਣਗੇ।

ਸ. ਬਾਦਲ ਅੱਜ ਸ਼ਹਿਰ ਦੇ ਅਮਰੀਕ ਸਿੰਘ ਰੋਡ 'ਤੇ ਅਕਾਲੀ ਦਲ ਦੇ ਵਾਰਡ 25 ਦੇ ਕੌਂਸਲਰ ਜਸਵੀਰ ਸਿੰਘ ਜੱਸਾ ਨੂੰ ਕਾਂਗਰਸ ਪਾਰਟੀ ਵਿਚ ਸਮੂਲੀਅਤ ਕਰਵਾਉਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਵਿੱਤ ਮੰਤਰੀ ਨੇ ਕੌਂਸਲਰ ਤੇ ਉਨ੍ਹਾਂ ਦੇ ਸਾਥੀਆਂ ਨੂੰ ਪਾਰਟੀ ਵਿਚ ਸ਼ਾਮਲ ਕਰਦਿਆਂ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਖ਼ੁਸ਼ ਹਨ ਜਿਸ ਦੀ ਮਿਸਾਲ ਕੁੱਝ ਦਿਨ ਪਹਿਲਾਂ ਤਿੰਨ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਵੱਲੋਂ ਦਿਤੇ ਗਏ ਫਤਵੇ ਤੋਂ ਮਿਲਦੀ ਹੈ।

ਮਨਪ੍ਰੀਤ ਬਾਦਲ ਨੇ ਦਾਅਵਾ ਕੀਤਾ ਕਿ 2019 ਵਿਚ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਜਿੱਤ ਕੇ ਸਰਕਾਰ ਕਾਇਮ ਕਰੇਗੀ। ਇਸ ਮੌਕੇ ਅਕਾਲੀ ਦਲ ਵਲੋਂ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਮਾਫ਼ੀ ਮੰਗਣ ਦੇ ਸਬੰਧ ਵਿਚ ਜਵਾਬ ਦਿੰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਨਲਾਇਕ ਔਲਾਦ ਦੀ ਨਿਸ਼ਾਨੀ ਹੈ ਕਿ ਸੁਖਬੀਰ ਬਾਦਲ ਦੀਆਂ ਗ਼ਲਤੀਆਂ ਦੀ ਮਾਫ਼ੀ ਪ੍ਰਕਾਸ਼ ਸਿੰਘ ਬਾਦਲ ਨੂੰ ਮੰਗਣੀ ਪੈ ਰਹੀ ਹੈ । ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਭੁੱਲਾਂ ਦੀ ਮਾਫ਼ੀ ਮੰਗੇ ਜਾਣ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਅਕਾਲੀ ਦਲ ਪੰਜਾਬ ਵਿਰੋਧੀ ਰਿਹਾ ਹੈ ।

 ਬਾਗ਼ੀ ਅਕਾਲੀ ਆਗੂਆਂ ਵਲੋਂ ਨਵਾਂ ਅਕਾਲੀ ਦਲ ਤੇ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਨਵਾਂ ਅਲਾਇੰਸ ਬਣਨ ਸਬੰਧੀ ਪੁੱਛੇ ਸਵਾਲਾਂ ਦੇ ਜਵਾਬਾਂ ਨੂੰ ਟਾਲਦੇ ਹੋਏ ਵਿਤ ਮੰਤਰੀ ਸ. ਬਾਦਲ ਨੇ ਕਿਹਾ ਕਿ ਇਨ੍ਹਾਂ ਬਾਰੇ ਫ਼ੈਸਲਾ ਲੋਕਾਂ ਨੇ ਕਰਨਾ ਹੈ। ਪੰਚਾਇਤੀ ਚੋਣਾਂ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਵਿੱਤ ਮੰਤਰੀ ਨੇ ਕਿਹਾ ਕਿ ਇਹ ਚੋਣਾਂ ਆਪਸੀ ਭਾਈਚਾਰੇ ਦੀਆਂ ਚੋਣਾਂ ਹੁੰਦੀਆਂ ਹਨ ਇਸ ਵਿਚ ਕਾਂਗਰਸ ਪਾਰਟੀ ਦਾ ਕੋਈ ਦਖ਼ਲ ਨਹੀਂ ਹੈ। ਇਸ ਮੌਕੇ ਜ਼ਿਲਾ ਪ੍ਰਧਾਨ ਮੋਹਨ ਲਾਲ ਝੂੰਬਾ, ਸੀਨੀਅਰ ਆਗੂ ਜੈਜੀਤ ਜੌਹਲ, ਜਗਰੂਪ ਗਿੱਲ, ਕੇ ਕੇ ਅਗਰਵਾਲ, ਟਹਿਲ ਸੰਧੂ ਆਦਿ ਹਾਜ਼ਰ ਸਨ। 

ਪੰਚਾਇਤੀ ਚੋਣਾਂ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਵਿੱਤ ਮੰਤਰੀ ਨੇ ਕਿਹਾ ਕਿ ਇਹ ਚੋਣਾਂ ਆਪਸੀ ਭਾਈਚਾਰੇ ਦੀਆਂ ਚੋਣਾਂ ਹੁੰਦੀਆਂ ਹਨ ਇਸ ਵਿਚ ਕਾਂਗਰਸ ਪਾਰਟੀ ਦਾ ਕੋਈ ਦਖ਼ਲ ਨਹੀਂ ਹੈ। ਇਸ ਮੌਕੇ ਜ਼ਿਲਾ ਪ੍ਰਧਾਨ ਮੋਹਨ ਲਾਲ ਝੂੰਬਾ, ਸੀਨੀਅਰ ਆਗੂ ਜੈਜੀਤ ਜੌਹਲ, ਜਗਰੂਪ ਗਿੱਲ, ਕੇ ਕੇ ਅਗਰਵਾਲ, ਟਹਿਲ ਸੰਧੂ ਆਦਿ ਹਾਜ਼ਰ ਸਨ।