ਨਵਜੋਤ ਸਿੱਧੂ ਸਿਰ ਇਕ ਹੋਰ ਸਿਹਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਲੋਕਲ ਬਾਡੀਜ਼ ਅਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵਿਰੋਧੀਆਂ ਦੇ ਲੱਖ ਅੜਿੱਕਿਆਂ ਦੇ ਬਾਵਜੂਦ ਕਰਤਾਰਪੁਰ ਲਾਂਘੇ...

ਨਵਜੋਤ ਸਿੱਧੂ

ਚੰਡੀਗੜ੍ਹ (ਸ.ਸ.ਸ) : ਪੰਜਾਬ ਦੇ ਲੋਕਲ ਬਾਡੀਜ਼ ਅਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵਿਰੋਧੀਆਂ ਦੇ ਲੱਖ ਅੜਿੱਕਿਆਂ ਦੇ ਬਾਵਜੂਦ ਕਰਤਾਰਪੁਰ ਲਾਂਘੇ ਦਾ ਸਿਹਰਾ ਤਾਂ ਮਿਲ ਹੀ ਗਿਆ ਹੈ, ਹੁਣ ਤਿੰਨ ਸੂਬਿਆਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਕਾਂਗਰਸ ਦੀ ਵਾਪਸੀ ਦਾ ਸਿਹਰਾ ਵੀ ਮਿਲ ਗਿਆ ਹੈ। ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੋਹਾਂ ਸੂਬਿਆਂ ਵਿਚ ਭਾਰਤੀ ਜਨਤਾ ਪਾਰਟੀ ਪਿਛਲੇ ਡੇਢ ਦਹਾਕੇ ਤੋਂ ਜਿਵੇਂ ਪੱਕੀ ਤਰ੍ਹਾਂ ਪੈਰ ਜਮਾਈ ਬੈਠੀ ਸੀ ਅਤੇ ਰਾਜਸਥਾਨ ਵਿਚ ਇਕ ਪਾਸੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੀਆਂ ਧੂੰਆਂਧਾਰ ਰੈਲੀਆਂ ਨੇ ਹਵਾ ਦਾ ਰੁਖ਼ ਕਾਂਗਰਸ ਦੇ ਹੱਕ ਵਿਚ ਪਲਟਾ ਦਿਤਾ।

ਹੁਣ ਇਨ੍ਹਾਂ ਤਿੰਨਾਂ ਸੂਬਿਆਂ ਵਿਚ ਕਾਂਗਰਸ ਸਰਕਾਰਾਂ ਬਣਨ ਨਾਲ ਰਾਹੁਲ ਗਾਂਧੀ, ਨਵਜੋਤ ਸਿੱਧੂ ਦੇ ਵਾਰੇ-ਵਾਰੇ ਜਾ ਰਿਹਾ ਹੈ। ਇਨ੍ਹਾਂ ਤਿੰਨਾਂ ਸੂਬਿਆਂ ਵਿਚ ਨਵਜੋਤ ਸਿੱਧੂ ਨੇ ਵੋਟਰਾਂ ਦੀਆਂ ਇੱਛਾਵਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਉਹ ਤਾਲੀ ਠੋਕੀ ਕਿ ਲੋਕ ਉਸ ਨੂੰ ਰੈਲੀਆਂ ਵਿਚ ਵੇਖਣ ਲਈ ਉਮੜਨ ਲੱਗ ਪਏ ਸਨ। ਉਸ ਦੇ ਤੇਜ਼ ਤਰਾਰ ਸ਼ਬਦੀ ਝਟਕਿਆਂ ਨੇ ਭਾਜਪਾ ਦੇ ਲੱਕ ਨੂੰ ਵੱਲ ਪਾ ਦਿਤਾ ਹੈ। ਇਨ੍ਹਾਂ ਰੈਲੀਆਂ ਵਿਚ ਬੋਲ-ਬੋਲ ਕੇ ਉਸ ਦੀ ਆਵਾਜ਼ ਤਕ ਚਲੇ ਜਾਣ ਦੀ ਨੌਬਤ ਆ ਗਈ ਸੀ ਪਰ ਨੀਅਤ ਨੂੰ ਮੁਰਾਦ ਮਿਲੀ।

ਜਿਸ ਦਿਨ ਤਿੰਨਾਂ ਰਾਜਾਂ ਦੇ ਚੋਣ ਨਤੀਜੇ ਆਏ, ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਹੁੰਦਿਆਂ ਰਾਹੁਲ ਗਾਂਧੀ ਨੇ ਸੁਨੀਲ ਜਾਖੜ ਨੂੰ ਨਜ਼ਰਅੰਦਾਜ਼ ਕਰ ਕੇ ਨਵਜੋਤ ਸਿੱਧੂ ਨੂੰ ਅਪਣੇ ਨਾਲ ਬਿਠਾਇਆ। ਇਸ ਇਕੱਲੇ ਸੰਕੇਤ ਨਾਲ ਪੂਰੀ ਪੰਜਾਬ ਕਾਂਗਰਸ ਪਾਰਟੀ ਅਤੇ ਸਰਕਾਰ, ਖ਼ਾਸ ਕਰ ਕੇ ਉਹ ਲੋਕ ਹਿੱਲ ਗਏ ਹਨ ਜਿਹੜੇ ਪਹਿਲਾਂ ਉਸ ਵਿਰੁਧ ਝੰਡਾ ਚੁੱਕੀ ਫਿਰਦੇ ਸਨ ਅਤੇ ਉਸ ਨੂੰ ਵਜ਼ਾਰਤ ਵਿਚੋਂ ਕੱਢਣ ਦੀ ਮੰਗ ਕਰ ਰਹੇ ਸਨ। ਸਿਆਸੀ ਗਲਿਆਰੇ ਹੁਣ ਸੰਕੇਤ ਤਾਂ ਇਹ ਦੇ ਰਹੇ ਹਨ ਕਿ ਇਹ ਚੋਣਾਂ ਜਿੱਤਣ ਦਾ ਸਿਹਰਾ ਸਿੱਧੂ ਨੂੰ ਤਾਂ ਜਾਂਦਾ ਹੀ ਹੈ ਬਲਕਿ ਉਸ ਨੂੰ ਕੋਈ ਵੱਡਾ ਅਹੁਦਾ ਵੀ ਮਿਲ ਸਕਦਾ ਹੈ। ਇਹ ਕੀ ਹੋ ਸਕਦਾ ਹੈ, ਤੁਸੀਂ ਵੀ ਅੰਦਾਜ਼ਾ ਲਾਉ।