ਕਾਂਗਰਸ ਹਾਈਕਮਾਨ ਨਵਜੋਤ ਸਿੱਧੂ ਦੀ ਤਿੰਨ ਰਾਜਾਂ 'ਚ ਸਫ਼ਲਤਾ ਤੋਂ ਬਾਗ਼ੋਬਾਗ਼
ਕ੍ਰਿਕਟ ਦੇ ਖੇਤਰ 'ਚ 'ਸਿਕਸਰ ਸਿੱਧੂ' ਵਜੋਂ ਜਾਣੇ ਜਾਂਦੇ ਰਹੇ ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਤਿੰਨ ਰਾਜਾਂ ਦੀਆਂ ਵਿਧਾਨ....
ਚੰਡੀਗੜ੍ਹ, 17 ਦਸੰਬਰ (ਨੀਲ ਭਲਿੰਦਰ ਸਿੰਘ) : ਕ੍ਰਿਕਟ ਦੇ ਖੇਤਰ 'ਚ 'ਸਿਕਸਰ ਸਿੱਧੂ' ਵਜੋਂ ਜਾਣੇ ਜਾਂਦੇ ਰਹੇ ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਤਿੰਨ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਚ 'ਸਫਲਤਾ ਔਸਤ' ਤੋਂ ਪਾਰਟੀ ਹਾਈਕਮਾਨ ਬਾਗੋਬਾਗ ਦਸੀ ਜਾ ਰਹੀ ਹੈ. ਕਾਂਗਰਸ ਹਾਈ ਕਮਾਨ ਮੁਤਾਬਿਕ ਪਾਰਟੀ ਸਟਾਰ ਚੋਣ ਪ੍ਰਚਾਰਕ ਵਜੋਂ ਸਿੱਧੂ ਨੇ ਮੱਧ ਪ੍ਰਦੇਸ਼ ਦੇ 30, ਛੱਤੀਸਗੜ੍ਹ ਦੇ 15 ਅਤੇ ਰਾਜਸਥਾਨ ਦੇ 19 ਹਲਕਿਆਂ ਵਿੱਚ ਚੋਣ ਰੈਲੀਆਂ ਕੀਤੀਆਂ। ਇਹ ਉਹ ਹਲਕੇ ਹਨ ਜਿੱਥੋਂ ਕਾਂਗਰਸ ਦੇ ਕੁੱਲ 50 ਉਮੀਦਵਾਰ ਜਿੱਤੇ ਹਨ।
ਕਾਂਗਰਸ ਦੇ ਇਕ ਬੁਲਾਰੇ ਨੇ ਸਿੱਧੂ ਦੀਆਂ ਰੈਲੀਆਂ ਦੇ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਨਾਲੋਂ ਵੀ ਕਿਤੇ ਬਿਹਤਰ ਆਏ ਹੋਣ ਦਾ ਦਾਅਵਾ ਭਰਿਆ ਹੈ। ਅਹਿਮ ਗੱਲ ਇਹ ਵੀ ਰਹੀ ਕਿ ਚੋਣ ਪ੍ਰਚਾਰ ਦੌਰਾਨ 26 ਨਵੰਬਰ ਨੂੰ ਸਿੱਧੂ ਦਾ ਜਹਾਜ਼ ਲੈਂਡ ਨਾ ਹੋ ਸਕਣ ਕਾਰਨ ਮੱਧ ਪ੍ਰਦੇਸ਼ ਵਿਚ ਸਿੱਧੂ ਦੀਆਂ ਤਜਵੀਜਤ ਚਾਰ ਰੈਲੀਆਂ ਰੱਦ ਕਰਨੀਆਂ ਪੈ ਗਈਆਂ ਸਨ ਅਤੇ ਉੱਥੇ ਕਾਂਗਰਸੀ ਉਮੀਦਵਾਰ ਇੱਕ ਤੋਂ 2 ਹਜ਼ਾਰ ਵੋਟਾਂ ਦੇ ਫਰਕ ਨਾਲ ਹਾਰ ਗਏ। ਇਸ ਲਈ ਕਾਂਗਰਸ ਹਾਈਕਮਾਨ ਨਾ ਸਿਰਫ ਸਿੱਧੂ ਨੂੰ ਇਕ ਵਾਰ ਫਿਰ ਲੋਕ ਸਭਾ ਚੋਣਾਂ ਲਈ ਮੁੱਖ ਸਟਾਰ ਚੋਣ ਪ੍ਰਚਾਰਕ ਵਜੋਂ ਤਿਆਰ ਕਰ ਰਹੀ ਹੈ
ਸਗੋਂ ਸਿੱਧੂ ਦਾ ਧਿਆਨ ਕੇਵਲ ਅਤੇ ਕੇਵਲ 2019 ਦੀਆਂ ਆਮ ਚੋਣਾਂ ਉਤੇ ਹੀ ਲਈ ਉਹਨਾਂ ਨੂੰ ਪਾਰਟੀ ਢਾਂਚੇ ਚ ਮਜਬੂਤ ਕੀਤਾ ਜਾਣ ਦੀ ਵਿਉਂਤਬੰਦੀ ਵੀ ਬਣ ਰਹੀ ਦੱਸੀ ਜਾ ਰਹੀ ਹੈ. ਕਾਂਗਰਸ ਹਾਈਕਮਾਨ ਲਈ ਸਿੱਧੂ ਦੀ ਸੁਰਖਿਆ ਵਿਵਸਥਾ ਵੀ ਵਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ. ਇਸੇ ਲਈ ਚੋਣ ਨਤੀਜਿਆਂ ਮਗਰੋਂ ਪੰਜਾਬ ਪਰਤਦਿਆਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੂ ਦੀ ਸੁਰਖਿਆ ਦੀ ਨਜਰਸਾਨੀ ਦੇ ਨਿਰਦੇਸ਼ ਦੇ ਚੁਕੇ ਹਨ. ਜਿਸ ਤਹਿਤ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਅਤੇ ਡੀਜੀਪੀ (ਇੰਟੈਲੀਜੈਂਸ) ਦਿਨਕਰ ਗੁਪਤਾ ਵੱਲੋਂ ਸਿੱਧੂ ਨਾਲ ਬੈਠਕ ਕਰ ਕੇ ਬੁਲੇਟ ਪਰੂਫ ਗੱਡੀ ਅਤੇ ਸੀਆਈਐਸਐਫ (ਕੇਂਦਰੀ ਸਨਅਤੀ ਸੁਰੱਖਿਆ ਬਲ) ਦੀ ਸੁਰਖਿਆ ਛਤਰੀ ਪ੍ਰਦਾਨ ਕਰਨ ਬਾਰੇ ਗੱਲਬਾਤ ਕੀਤੀ ਗਈ ਦਸੀ ਜਾ ਰਹੀ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਸਿੱਧੂ ਨੂੰ ਬੁਲੇਟ ਪਰੂਫ (ਸੰਭਵ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਲਈ ਮੰਗਵਾਈ ਜਾ ਰਹੀ ਵਿਸ਼ੇਸ਼ ਬਖ਼ਤਰਬੰਦ ਰੇਂਜ ਰੋਵਰ ਕਾਰ ਜਿਹਾ) ਵਹੀਕਲ ਦੇਣ ਤੇ ਵੀ ਗੌਰ ਕੀਤੀ ਜਾ ਰਹੀ ਹੈ।