ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਮਾੜੀ ਵਿੱਤੀ ਹਾਲਤ ਨਾਲ ਜੂਝ ਰਹੇ ਪੰਜਾਬ ਨੂੰ ਕੇਂਦਰ ਨੇ ਵੱਡੀ ਰਾਹਤ ਦੇ ਦਿਤੀ ਹੈ। ਕੇਂਦਰ ਸਰਕਾਰ ਨੇ ਜੀਐਸਟੀ ਦੇ ਬਕਾਏ ਜਾਰੀ ਕੀਤੇ ਹਨ। ਕੇਂਦਰ ਨੇ ਰਾਜਾਂ ਨੂੰ 35,298 ਕਰੋੜ ਜਾਰੀ ਕੀਤੇ ਹਨ। ਇਨ੍ਹਾਂ ਵਿਚੋਂ 2228 ਕਰੋੜ ਰੁਪਏ ਅੱਜ ਪੰਜਾਬ ਨੂੰ ਮਿਲ ਗਏ ਹਨ ਜਿਸ ਦੀ ਪੁਸ਼ਟੀ ਪ੍ਰਮੁੱਖ ਸਕੱਤਰ ਨੇ ਕਰ ਦਤੀ ਹੈ।
ਪਿਛਲੇ ਦਿਨੀਂ ਮਨਪ੍ਰੀਤ ਬਾਦਲ ਨੇ ਕੇਂਦਰੀ ਵਿੱਤ ਮੰਤਰੀ ਸੀਤਾਰਮਨ ਨਾਲ ਮੁਲਾਕਾਤ ਕੀਤੀ ਸੀ ਤੇ ਸੀਤਾਰਮਨ ਨੇ ਮਨਪ੍ਰੀਤ ਨੂੰ ਭਰੋਸਾ ਦਿਤਾ ਸੀ ਕਿ ਛੇਤੀ ਹੀ ਜੀ ਐਸ ਟੀ ਦਾ ਬਕਾਇਆ ਜਾਰੀ ਕਰ ਦਿਤਾ ਜਾਵੇਗਾ। ਅੱਜ ਮਿਲੇ ਬਕਾਏ ਨਾਲ ਪੰਜਾਬ ਸਰਕਾਰ ਦੀ ਗੱਡੀ ਕਾਫ਼ੀ ਹੱਦ ਤਕ ਰੁੜ ਜਾਵੇਗੀ ਕਿਉਂਕਿ ਪੰਜਾਬ ਦਾ ਖ਼ਜ਼ਾਨਾ ਖ਼ਾਲੀ ਹੋਣ ਕਾਰਨ ਸਰਕਾਰ ਕੰਗਾਲੀ ਦੀ ਹਾਲਤ 'ਚ ਆ ਗਈ ਸੀ।
ਸਰਕਾਰ ਕੋਲ ਰੋਜ਼ਮਰ੍ਹਾ ਦੇ ਖ਼ਰਚੇ ਚਲਾਉਣ ਲਈ ਵੀ ਪੈਸਾ ਨਹੀਂ ਸੀ। ਸਾਰੇ ਵਿਭਾਗਾਂ ਦੇ ਮੁਲਾਜ਼ਮ ਤਨਖ਼ਾਹਾਂ ਨਾ ਮਿਲਣ ਕਾਰਨ ਪੰਜਾਬ ਸਰਕਾਰ ਨੂੰ ਕੋਸ ਰਹੇ ਸਨ ਤੇ ਇਨ੍ਹਾਂ ਮੁਲਾਜ਼ਮਾਂ ਨੂੰ ਮਨਪ੍ਰੀਤ ਬਾਦਲ ਨਾਲ ਕਾਫ਼ੀ ਰੋਸਾ ਸੀ ਤੇ ਪਿਛਲੇ ਦਿਨੀਂ ਮੁਲਾਜ਼ਮਾਂ ਨੇ ਮਨਪ੍ਰੀਤ ਬਾਦਲ ਦੇ ਪੋਸਟਰ ਵੀ ਜਾਰੀ ਕੀਤੇ ਸਨ। ਪਾਵਰਕਾਮ ਦੇ ਮੁਲਾਜ਼ਮਾਂ ਨੇ ਵੀ ਸਰਕਾਰ ਵਿਰੁਧ ਝੰਡਾ ਚੁਕਿਆ ਹੋਇਆ ਹੈ।
ਮੁਲਾਜ਼ਮਾਂ ਨੂੰ ਤਨਖ਼ਾਹਾਂ ਨਾ ਦੇਣ 'ਤੇ ਵੀ ਮਨਪ੍ਰੀਤ ਵਿਰੋਧੀ ਧਿਰਾਂ ਦੇ ਨਿਸ਼ਾਨੇ 'ਤੇ ਆ ਗਏ ਸਨ। ਬੀਤੇ ਦਿਨੀਂ ਸੁਖਬੀਰ ਬਾਦਲ ਨੇ ਵੀ ਟਵਿੱਟਰ ਰਾਹੀਂ ਤੰਜ ਕਸਿਆ ਸੀ। ਹੁਣ ਇਸ ਤਰ੍ਹਾਂ ਲਗਦਾ ਹੈ ਕਿ ਕੇਂਦਰ ਸਰਕਾਰ ਵਲੋਂ ਮਿਲੇ ਇਸ ਪੈਸੇ ਨਾਲ ਪੰਜਾਬ ਸਰਕਾਰ ਸੁਖ ਦਾ ਸਾਹ ਲਵੇਗੀ।
ਇਹ ਬਕਾਇਆ ਮਿਲਣ ਤੋਂ ਬਾਅਦ ਇਕ ਗੱਲ ਹੋਰ ਸਪੱਸ਼ਟ ਹੋ ਗਈ ਕਿ ਸੂਬੇ ਅੰਦਰ ਜੇਕਰ ਵਿਰੋਧੀ ਪਾਰਟੀ ਦੀ ਸਰਕਾਰ ਹੋਵੇ ਤਾਂ ਕੇਂਦਰ ਜਾਣਬੁੱਝ ਕੇ ਸੂਬਾ ਸਰਕਾਰ ਨੂੰ ਜ਼ਲੀਲ ਕਰਦਾ ਹੈ। ਇਥੇ ਵੀ ਬਿਲਕੁੱਲ ਅਜਿਹਾ ਹੀ ਹੋਇਆ ਕਿ ਭਾਜਪਾ ਨੇ ਅਪਣੇ ਭਾਈਵਾਲਾਂ ਦੇ ਆਖੇ ਲੱਗ ਕੇ ਪਿਛਲੇ ਸਮੇਂ ਤੋਂ ਪੰਜਾਬ ਦੇ ਹਰੇਕ ਵਰਗ ਨੂੰ ਫਾਹੇ ਟੰਗੀ ਰਖਿਆ।