ਸਿੱਧੇ ਪ੍ਰਸਾਰਨ ਦੀ ਖੁਲ੍ਹ ਦੇਣ ਲਈ ਤ੍ਰਿਪਤ ਬਾਜਵਾ ਨੇ ਜਥੇਦਾਰ ਅਕਾਲ ਤਖ਼ਤ ਨੂੰ ਲਿਖੀ ਚਿੱਠੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਦਲ ਪਰਵਾਰ ਦੀ ਮਾਲਕੀ ਵਾਲੇ ਇਕੱਲੇ ਚੈਨਲ ਤੋਂ ਹੋ ਰਹੇ ਗੁਰੂ ਘਰੋਂ ਪ੍ਰਸਾਰ ਨੂੰ ਸਾਰੇ ਚੈਨਲਾਂ ਰਾਹੀਂ ਘਰ-ਘਰ ਪਹੁੰਚਾਉ

Tript Rajinder Bajwa and Giani Harpreet singh

ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ 'ਤੇ ਪੰਜਾਬ ਵਿਧਾਨ ਸਭਾ ਸਰਬਸੰਮਤੀ ਨਾਲ ਪਾਸ ਕਰ ਚੁੱਕੀ ਹੈ ਮਤਾ

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸੱਚਖੰਡ ਹਰਿਮੰਦਰ ਸਾਹਿਬ ਤੋਂ ਪੀਟੀਸੀ ਚੈਨਲ ਦਾ ਏਕਾਧਿਕਾਰ ਖ਼ਤਮ ਕਰ ਕੇ ਮੁਫ਼ਤ ਤੇ ਹਰ ਸਮੇਂ ਖੁਲ੍ਹੇ ਪ੍ਰਸਾਰਨ ਦੀ ਮੰਗ ਕੀਤੀ ਹੈ ਜਿਸ ਸਬੰਧੀ ਪੰਜਾਬ ਵਿਧਾਨ ਸਭਾ ਦੇ ਇਕ ਦਿਨਾ ਸੈਸ਼ਨ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਪੀਲ ਕੀਤੀ ਹੈ ਪਰ ਕਾਫ਼ੀ ਦਿਨ ਲੰਘਣ ਦੇ ਬਾਵਜੂਦ ਉਸ ਵਲੋਂ ਕੋਈ ਵੀ ਹੁਗਾਰਾ ਨਹੀਂ ਭਰਿਆ ਗਿਆ।

ਇਹ ਵਿਧਾਨ ਸਭਾ ਸੈਸ਼ਨ 6 ਦਸੰਬਰ ਨੂੰ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼  ਪੁਰਬ  ਨੂੰ ਸਮਰਪਿਤ ਸੱਦਿਆ ਗਿਆ ਸੀ। ਪੱਤਰ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਜਿਸ ਕੋਲ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿਚ ਸਪਸ਼ਟ ਬਹੁਮਤ ਹੈ ਤੇ ਉਸ ਨੇ 1996, 2004 ਵਿਚ, ਐਸ ਜੀ ਪੀ ਸੀ ਚੋਣਾਂ ਲਈ ਜਾਰੀ ਕੀਤੇ ਚੋਣ ਮੈਨੀਫ਼ੈਸਟੋ ਪੱਤਰ ਵਿਚ ਸਿੱਖ ਸੰਗਤ ਨਾਲ ਵਾਅਦਾ ਕੀਤਾ ਸੀ ਕਿ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਲਈ ਸ਼੍ਰੋਮਣੀ ਕਮੇਟੀ ਅਪਣਾ ਟੀਵੀ ਚੈਨਲ ਸਥਾਪਤ ਕਰੇਗੀ।

ਦੁਨੀਆਂ ਦੇ ਹਰ ਉਸ ਟੀਵੀ ਚੈਨਲ ਅਤੇ ਰੇਡੀਉ ਨੂੰ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਦੀ ਖੁਲ੍ਹ ਦੇਣ ਲਈ 'ਜਥੇਦਾਰ' 'ਤੇ ਜ਼ੋਰ ਦਿਤਾ ਹੈ ਕਿ ਉਹ ਉਸ ਸਬੰਧੀ ਆਦੇਸ਼ ਸ਼੍ਰੋਮਣੀ ਕਮੇਟੀ ਨੂੰ ਜਾਰੀ ਕਰਨ, ਜਿਹੜੇ ਵੀ ਇਲਾਹੀ ਕੀਰਤਨ ਦਾ ਪ੍ਰਸਾਰਨ ਕਰਨਾ ਚਾਹੰਦੇ ਹਨ। ਐਸ ਜੀ ਪੀ ਸੀ ਨੂੰ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਨ ਕਰਨ ਦੇ ਚਾਹਵਾਨ ਟੀਵੀ ਚੈਨਲਾਂ ਮੁਫ਼ਤ ਸਿਗਨਲ ਮੁਹਈਆਂ ਕਰਵਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ।

ਸ. ਬਾਜਵਾ ਨੇ 'ਜਥੇਦਾਰ' ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਮੇਰੀ ਜਾਣਕਾਰੀ ਮੁਤਾਬਕ ਇਸ ਵੇਲੇ ਸ਼੍ਰੋਮਣੀ ਕਮੇਟੀ ਵਲੋਂ ਸਿਰਫ਼ ਇਕ ਸੀਮਤ ਪ੍ਰਸਾਰਨ ਘੇਰੇ ਵਾਲੇ ਅਤੇ ਬਾਦਲ ਪਰਵਾਰ ਦੀ ਮਾਲਕੀ ਵਾਲੇ ਪੰਜਾਬੀ ਚੈਨਲ ਨੂੰ ਕੁੱਝ ਰਕਮ ਬਦਲੇ ਸੱਚਖੰਡ ਹਰਿਮੰਦਰ ਸਾਹਿਬ ਤੋਂ ਹੁੰਦੇ ਇਲਾਹੀ ਕੀਰਤਨ ਦੇ ਸਿੱਧੇ ਪ੍ਰਸਾਰਨ ਦੇ ਹੱਕ ਦਿਤੇ ਹਨ।

ਸ਼੍ਰੋਮਣੀ ਕਮੇਟੀ ਦਾ ਫ਼ੈਸਲਾ ਇਹ ਕਿਸੇ ਤਰ੍ਹਾਂ ਵੀ ਦੁਰਸਤ ਨਹੀਂ ਮੰਨਿਆ ਨਹੀਂ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਦੇ ਹੁਕਮ ਤੇ ਹਵਾਲੇ ਅਨੁਸਾਰ ਸ. ਬਾਜਵਾ ਨੇ ਕਿਹਾ ਹੈ ਕਿ ਜੇ ਗੁਰਬਾਣੀ ਅਨੁਸਾਰ ਪੈਸਾ ਕਰਵਾਉਣ ਲਈ ਵਿਦਿਆ ਵੇਚਣਾ ਗ਼ਲਤ ਕਰਾਰ ਦਿਤਾ ਗਿਆ ਹੈ ਤਾਂ ਮਾਇਆ ਲਈ ਗੁਰਬਾਣੀ ਜਾਂ ਗੁਰਬਾਣੀ ਕੀਰਤਨ ਵੇਚਣਾ ਜਾਇਜ਼ ਨਹੀਂ ਹੋ ਸਕਦਾ।

ਦੂਸਰਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਪਾਰਕ ਅਦਾਰਾ ਨਹੀਂ, ਇਹ ਇਕ ਮਿਸ਼ਨਰੀ ਸੰਸਥਾ ਹੈ ਜਿਸ ਦੀ ਸਥਾਪਨਾ ਸਿੱਖ ਧਰਮ ਦਾ ਪ੍ਰਚਾਰ, ਪ੍ਰਸਾਰ ਅਤੇ ਸਿੱਖ ਗੁਰਦਵਾਰਾ ਸਾਹਿਬਾਨ ਦੀ ਸੇਵਾ ਸੰਭਾਲ ਦੇ ਮਕਸਦ ਲਈ ਕੀਤੀ ਗਈ ਹੈ। ਇਸ ਸਮੇਂ ਸਿਰਫ਼ ਇਕ ਚੈਨਲ ਨੂੰ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਦੇ ਹੱਕ ਦੇ ਕੇ ਸ਼੍ਰੋਮਣੀ ਕਮੇਟੀ ਆਪ ਹੀ ਗੁਰਬਾਣੀ ਦੇ ਚੈਨਲ ਨੂੰ ਕੀਰਤਨ ਰਾਹੀਂ ਘਰ ਘਰ ਪਹੁੰਚਣ ਦੇ ਰਾਹ ਵਿਚ ਰੋੜਾ ਬਣ ਰਹੀ ਹੈ।

ਸ. ਬਾਜਵਾ ਨੇ ਅਤੀਤ ਦੇ ਹਵਾਲਿਆਂ ਨਾਲ ਕਿਹਾ ਹੈ ਕਿ ਸਮੁੱਚੇ ਸਿੱਖ ਜਗਤ ਦੀ ਚਿਰੋਕਣੀ ਰੀਝ ਤੇ ਤਾਂਘ ਰਹੀ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਨ ਹੋਵੇ। ਇਸ ਸਬੰਧੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਿਜੀ ਸਹਾਇਕ ਸ. ਜਸਪਾਲ ਸਿੰਘ ਨੇ ਦਸਿਆ ਹੈ ਕਿ ਇਹ ਪੱਤਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਭੇਜ ਦਿਤਾ ਗਿਆ ਹੈ ਜੋ ਇਸ ਸਬੰਧੀ ਫ਼ੈਸਲਾ ਲੈਣਗੇ।