ਸੰਘਰਸ਼ੀ ਜਜ਼ਬੇ ਨੂੰ ਸਲਾਮ, 350 ਕਿਲੋਮੀਟਰ ਪੈਦਲ ਚੱਲ ਕੇ ਦਿੱਲੀ ਪਹੁੰਚੇਗਾ 60 ਸਾਲਾ ‘ਜਵਾਨ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਦਾ ਅੰਨਦਾਤਾ ਕਿਸੇ ਵੀ ਹਾਲ ’ਚ ਕੇਂਦਰ ਦੇ ਮਨਸੂਬੇ ਨੂੰ ਕਾਮਯਾਬ ਨਹੀਂ ਹੋਣ ਦੇਣਗੇ

Delhi Morcha

ਬਰਨਾਲਾ : ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਬਰੂਹਾਂ ਮੱਲੀ ਬੈਠੇ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਲਈ ਵੱਡੀ ਗਿਣਤੀ ਸੰਘਰਸ਼ੀ ਯੋਧਿਆਂ ਦਾ ਦੂਰ-ਨੇੜਿਉ ਦਿੱਲੀ ਪਹੁੰਚਣਾ ਜਾਰੀ ਹੈ। ਲੋਕ ਵੱਖ-ਵੱਖ ਸਾਧਨਾਂ ਜ਼ਰੀਏ ਦਿੱਲੀ ਵੱਲ ਵਹੀਰਾ ਘੱਤ ਰਹੇ ਹਨ। ਇਨ੍ਹਾਂ ਵਿਚ ਕੁੱਝ ਅਜਿਹੀਆਂ ਸ਼ਖਸੀਅਤਾਂ ਵੀ ਸ਼ਾਮਲ ਹਨ ਜੋ ਆਪਣੇ ਸਫਰ ਦੇ ਸਾਧਨ ਕਾਰਨ ਚਰਚਾ 'ਚ ਹਨ।

ਪਿਛਲੇ ਦਿਨਾਂ ਦੌਰਾਨ ਹਾਥੀ, ਘੌੜੇ ਅਤੇ ਇਕ ਲੱਤ ਨਾਲ ਸਾਈਕਲ ਚਲਾ ਦਿੱਲੀ ਵੱਲ ਕੂਚ ਦੀਆਂ ਖਬਰਾਂ ਸਾਹਮਣੇ ਆ ਚੁਕੀਆਂ ਹਨ। ਇਸੇ ਤਰ੍ਹਾਂ ਟਰੈਕਟਰ-ਟਰਾਲੀਆਂ ਤੋਂ ਇਲਾਵਾ ਕੰਬਾਈਨਾਂ ਸਮੇਤ ਵੱਖ-ਵੱਖ ਵਾਹਨਾਂ ਰਾਹੀਂ ਵੀ ਲੋਕ ਦਿੱਲੀ ਪਹੁੰਚ ਰਹੇ ਹਨ। ਇਸੇ ਤਰ੍ਹਾਂ ਦਾ ਹੀ ਇਕ ਤਾਜ਼ਾ ਮਾਮਲਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੱਕਰ ਤੋਂ ਸਾਹਮਣੇ ਆਇਆ ਹੈ ਜਿੱਥੇ 60 ਸਾਲਾ ਕਿਸਾਨ ਨੇ ਪੈਦਲ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੈ।

ਪਿੰਡ ਚੱਕਰ ਦੇ ਕਿਸਾਨ ਜੋਗਿੰਦਰ ਸਿੰਘ (60) ਸਾਲਾ ਇਸ ਸੰਘਰਸ਼ ਦੇ ਰਾਹ 340 ਕਿਲੋ ਮੀਟਰ ਦਾ ਸਫ਼ਰ ਪੈਦਲ ਹੀ ਫਤਹਿ ਕਰਨ ਦਾ ਪ੍ਰਣ ਕੀਤਾ ਹੈ। ਜੋਗਿੰਦਰ ਸਿੰਘ ਮੁਤਾਬਕ ਉਹ ਘਰੋਂ ਵਾਹਿਗੁਰੂ ਅੱਗੇ ਮੋਰਚਾ ਫਤਿਹ ਕਰਨ ਦੀ ਅਰਦਾਸ ਕਰ ਸਵੇਰੇ 4 ਵਜੇ ਦਾ ਮੋਗਾ ਬਰਨਾਲਾ ਮਾਰਗ ਤੋਂ ਹੁੰਦਾ ਹੋਇਆ ਦਿੱਲੀ ਨੂੰ ਕੂਚ ਕਰ ਰਿਹਾ ਹੈ।

ਕਿਸਾਨ ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਖ਼ੇਤੀ ਸਾਡੀ ਮਾਂ ਹੈ ਤੇ ਕੇਂਦਰ ਨੇ ਸਾਡੀ ਮਾਂ ਨੂੰ ਹੱਥ ਪਾਇਆ ਹੈ ਅਤੇ ਦੇਸ਼ ਦਾ ਅੰਨਦਾਤਾ ਕਿਸੇ ਵੀ ਹਾਲ ’ਚ ਕੇਂਦਰ ਦੇ ਮਨਸੂਬੇ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਦੱਸ ਦੇਈਏ ਕਿ ਕੇਂਦਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ ਦੇਸ਼ ਦਾ ਅੰਨਦਾਤਾ ਕੀ ਬੱਚੇ ਨੌਜਵਾਨ ਬਜ਼ੁਰਗ ਸਾਰੇ ਦਿੱਲੀ ਦੀ ਹਿੱਕ ’ਤੇ ਆਣ ਬੈਠੇ ਹਨ ਤੇ ਕਿਸੇ ਵੀ ਹਾਲ ’ਚ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਵਾਪਸ ਨਾ ਜਾਣ ਦੀ ਗੱਲ ਆਖੀ ਜਾ ਰਹੀ ਹੈ।