PSIEC ਦਾ ਚੀਫ਼ ਜਨਰਲ ਮੈਨੇਜਰ ਜਸਵਿੰਦਰ ਸਿੰਘ ਰੰਧਾਵਾ ਮੁਅੱਤਲ, ਹਜ਼ਾਰਾਂ ਕਰੋੜਾਂ ਦੇ ਘਪਲੇ ਦਾ ਹੈ ਮਾਸਟਰਮਾਈਂਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁੰਦਰ ਸ਼ਾਮ ਅਰੋੜਾ ਨੂੰ ਇਸੇ ਨਿਗਮ ਵਿਚ ਹੋਏ ਘਪਲੇ ਦੀ ਜਾਂਚ ਤੋਂ ਬਚਣ ਲਈ ਵਿਜੀਲੈਂਸ ਦੇ ਸੀਨੀਅਰ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।

PSIEC's Chief General Manager suspended

 

ਮੁਹਾਲੀ (ਸੁਖਦੀਪ ਸਿੰਘ ਸੋਈ):  ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਲਿਮਟਡ ਨੇ ਆਪਣੇ ਚੀਫ਼ ਜਨਰਲ ਮੈਨੇਜਰ ਜਸਵਿੰਦਰ ਸਿੰਘ ਰੰਧਾਵਾ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਕੁੱਝ ਹਫਤੇ ਪਹਿਲਾਂ ਪੰਜਾਬ ਦੇ ਸਾਬਕਾ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਇਸੇ ਨਿਗਮ ਵਿਚ ਹੋਏ ਘਪਲੇ ਦੀ ਜਾਂਚ ਤੋਂ ਬਚਣ ਲਈ ਪੰਜਾਬ ਵਿਜੀਲੈਂਸ ਦੇ ਸੀਨੀਅਰ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਦਯੋਗਿਕ ਪਲਾਟਾਂ ਦਾ ਘਪਲਾ ਪੰਜਾਬ ਦੇ ਸਭ ਤੋਂ ਵੱਡੇ ਘਪਲਿਆਂ ਵਿਚੋਂ ਇਕ ਹੈ। ਜਾਣਕਾਰੀ ਅਨੁਸਾਰ ਇਸ ਘਪਲੇ ਤਹਿਤ ਪੰਜਾਬ ਦੇ ਸੈਂਕੜੇ ਉਦਯੋਗਿਕ ਪਲਾਟਾਂ ਨੂੰ ਜਾਅਲੀ ਅਲਾਟਮੈਂਟ ਰਾਹੀਂ ਵੇਚਿਆ ਦਿਖਾ ਕੇ ਸਰਕਾਰ ਅਤੇ ਲੋਕਾਂ ਨੂੰ ਹਜ਼ਾਰਾਂ ਕਰੋੜਾਂ ਦਾ ਚੂਨਾ ਲਗਾਇਆ ਗਿਆ ਹੈ।

ਇਸ ਘਪਲੇ ਨੂੰ ਅੰਜਾਮ ਦੇਣ ਲਈ ਨਿਗਮ ਦੇ ਚੀਫ ਜਨਰਲ਼ ਮੈਨੇਜਰ ਜਸਵਿੰਦਰ ਸਿੰਘ ਰੰਧਾਵਾ ਅਤੇ ਉਸ ਦੇ ਸਾਥੀਆਂ ਨੇ ਪ੍ਰਾਪਰਟੀ ਡੀਲਰਾਂ, ਆਈਏਐਸ ਅਧਿਕਾਰੀਆਂ,  ਮੰਤਰੀਆਂ ਅਤੇ ਸਿਆਸੀ ਲੋਕਾਂ ਨਾਲ ਮਿਲੀਭੁਗਤ ਵੀ ਕੀਤੀ। ਸਾਲ 2018 ਤੋਂ ਇਹ ਮਾਮਲਾ ਸੁਰਖੀਆਂ ਵਿਚ ਰਿਹਾ ਹੈ ਪਰ ਅਧਿਕਾਰੀਆਂ ਨੇ ਵਿਜੀਲੈਂਸ ਜਾਂਚ ਨੂੰ ਬੰਦ ਕਰਵਾ ਦਿੱਤਾ ਸੀ। ਪਿਛਲੇ ਸਾਲ ਹਰਪਾਲ ਸਿੰਘ ਚੀਮਾ ਅਤੇ ਬ੍ਰਹਮ ਸ਼ੰਕਰ ਜਿੰਪਾ ਨੇ  ਬੰਦ ਹੋਈ ਜਾਂਚ ਦਾ ਵਿਰੋਧ ਕਰਕੇ ਮੁੜ ਜਾਂਚ ਚਾਲੂ ਕਰਵਾਈ ਸੀ।