26 ਜਨਵਰੀ ਦੀ ਪਰੇਡ ਲਈ ਪੰਜਾਬੀਆਂ ਵਿਚ ਭਾਰੀ ਉਤਸ਼ਾਹ, ਹਰ ਪਾਸੇ ਟਰੈਕਟਰਾਂ ਦੇ ਕਾਫਲਿਆਂ ਦੀ ਗੂੰਜ
ਪਿੰਡਾਂ ਤੇ ਸ਼ਹਿਰਾਂ ਵਿਚ ਕਿਸਾਨ ਕਰ ਰਹੇ ਟਰੈਕਟਰ ਪਰੇਡ ਦੀ ਰਿਹਰਸਲ
ਚੰਡੀਗੜ੍ਹ : ਦਿੱਲੀ ਵਿਖੇ ਮਨਾਏ ਜਾਣ ਵਾਲੇ 26 ਜਨਵਰੀ ਦੇ ਦਿਹਾੜੇ ਨੂੰ ਲੈ ਕੇ ਇਸ ਵਾਰ ਖਾਸ ਤਰ੍ਹਾਂ ਦੀ ਉਤਸੁਕਤਾ ਪਾਈ ਜਾ ਰਹੀ ਹੈ। ਭਾਵੇਂ ਹਰ ਵਾਰ 26 ਜਨਵਰੀ ਮੌਕੇ ਜੈ ਕਿਸਾਨ, ਜੈ ਜਵਾਨ ਦਾ ਨਾਅਰਾ ਦਿਤਾ ਜਾਂਦਾ ਹੈ, ਪਰ ਸਮਾਗਮ ਵਿਚ ਕੇਵਲ ਜਵਾਨ ਦੀ ਹੀ ਵਿਸ਼ੇਸ਼ ਸ਼ਮੂਲੀਅਤ ਹੁੰਦੀ ਹੈ। ਚੱਲ ਰਹੇ ਕਿਸਾਨੀ ਸੰਘਰਸ਼ ਕਾਰਨ ਇਸ ਵਾਰ ਇਨ੍ਹਾਂ ਸਮਾਗਮਾਂ ਵਿਚ ਕਿਸਾਨੀ ਦੀ ਸ਼ਮੂਲੀਅਤ ਰਿਕਾਰੜ ਤੋੜ ਹੋਣ ਦੀ ਸੰਭਾਵਨਾ ਹੈ।
ਬੇਸ਼ੱਕ ਕਿਸਾਨ ਜਥੇਬੰਦਆਂ ਵਲੋਂ ਸਰਕਾਰੀ ਪਰੇਡ ਤੋਂ ਅਲੱਗ ਪ੍ਰੋਗਰਾਮ ਉਲੀਕਿਆ ਗਿਆ ਹੈ ਪਰ ਦਿੱਲੀ 'ਚ 26 ਜਨਵਰੀ ਮੌਕੇ ਕਿਸਾਨਾਂ ਵਲੋਂ ਕੱਢੀ ਜਾਣ ਵਾਲੀ ਟਰੈਕਟਰ ਪਰੇਡ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਟਰੈਕਟਰ ਪਰੇਡ ਨੂੰ ਲੈ ਕੇ ਪੂਰੇ ਪੰਜਾਬ ਵਿਹ ਹਰ ਪਿੰਡ ਤੇ ਸ਼ਹਿਰ ਵਿਚ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਰਿਹਰਸਲ ਮਾਰਚ ਕੱਢਿਆ ਜਾ ਰਿਹਾ ਹੈ।
ਰਾਜਧਾਨੀ ਚੰਡੀਗੜ੍ਹ ਤੋਂ ਲੈ ਕੇ ਸੂਬੇ ਦੇ ਕੋਨੇ ਕੋਨੇ ਵਿਚੋਂ ਕਿਸਾਨਾਂ ਵਲੋਂ ਟਰੈਕਟਰ ਪਰੇਡ ਰਿਹਰਸਲ ਮਾਰਚ ਕੱਢਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਮਾਰਚ ਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਕਿਸਾਨਾਂ ਮੁਤਾਬਕ ਮੋਦੀ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨ ਕਿਸਾਨਾਂ ਦੇ ਨਾਲ-ਨਾਲ ਹਰ ਵਰਗ ਨੂੰ ਵੀ ਪ੍ਰਭਾਵਿਤ ਕਰਨਗੇ।
ਮਾਰਚ ਵਿਚ ਸ਼ਾਮਲ ਵੱਡੀ ਗਿਣਤੀ ਨੌਜਵਾਨ ਕਿਸਾਨਾਂ ਨੇ ਕਿਹਾ ਪੰਜਾਬੀ ਨੌਜਵਾਨਾਂ ਨੂੰ ਹੁਣ ਤਕ ਨਸ਼ਈ ਕਹਿ ਕੇ ਭੰਡਿਆ ਜਾਂਦਾ ਰਿਹਾ ਹੈ। ਇੱਥੋਂ ਤਕ ਕਿ ਬਾਲੀਵੁਡ ਵਲੋਂ ਉੱਡਦਾ ਪੰਜਾਬ ਸਿਰਲੇਖ ਹੇਠ ਫਿਲਮ ਵੀ ਬਣਾ ਦਿਤੀ ਗਈ ਸੀ। ਪਰ ਅੱਜ ਪੂਰੇ ਦੇਸ਼ ਦੇ ਕਿਸਾਨਾਂ ਦੀ ਅਗਵਾਈ ਕਰ ਕੇ ਪੰਜਾਬੀਆਂ ਨੇ ਸਾਬਤ ਕਰ ਦਿਤਾ ਹੈ ਕਿ ਇਹ ਉੱਡਦਾ ਪੰਜਾਬ ਨਹੀਂ ਬੁੱਕਦਾ ਪੰਜਾਬ ਹੈ। ਸਮੇਂ ਦੀਆਂ ਸਰਕਾਰ ਨੇ ਜੇਕਰ ਲੋਕਾਈ ਦੇ ਹੱਕਾਂ ਤੇ ਡਾਕਾ ਮਾਰਨਾ ਬੰਦ ਕੀਤਾ ਤਾਂ ਪੰਜਾਬ ਹੱਕਾਂ ਲਈ ਲੜ ਰਹੇ ਦੇਸ਼ ਵਾਸੀਆਂ ਦੀ ਅਗਵਾਈ ਕਰਦਿਆਂ ਇੰਝ ਹੀ ਬੁੱਕਦਾ ਰਹੇਗਾ।
ਕਿਸਾਨਾਂ ਮੁਤਾਬਕ ਸਰਕਾਰ ਜਿੰਨੀ ਮਰਜ਼ੀ ਟਾਲ-ਮਟੋਲ ਕਰ ਲਵੇ, ਅਖੀਰ ਉਸਨੂੰ ਇਹ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਕਿਸਾਨਾਂ ਮੁਤਾਬਕ 23 ਜਨਵਰੀ ਨੂੰ ਹਜ਼ਾਰਾਂ ਦੀ ਤਦਾਤ ਕਾਫਿਲੇ ਦੇ ਰੂਪ 'ਚ ਟਰੈਕਟਰ ਦਿੱਲੀ ਲਈ ਰਵਾਨਾ ਹੋ ਕੇ 26 ਜਨਵਰੀ ਦੀ ਟਰੈਕਟਰ ਪਰੇਡ ਵਿਚ ਸ਼ਾਮਲ ਹੋਣਗੇ। ਦੂਜੇ ਪਾਸੇ ਸਰਕਾਰ ਨੇ ਵੀ ਟਰੈਕਟਰ ਮਾਰਚ ਨੂੰ ਅਸਫਲ ਬਣਾਉਣ ਲਈ ਪੂਰੀ ਤਾਕਤ ਝੋਕ ਦਿਤੀ ਹੈ। ਦਿੱਲੀ ਪੁਲਿਸ ਨੇ ਅਮਨ-ਕਾਨੂੰਨ ਦਾ ਹਵਾਲਾ ਦਿੰਦਿਆਂ ਸੁਪਰੀਮ ਕੋਰਟ ਕੋਲ ਪਹੁੰਚ ਕਰ ਕੇ ਟਰੈਕਟਰ ਮਾਰਚ ਤੇ ਰੋਕ ਲਾਉਣ ਦੀ ਬੇਨਤੀ ਕੀਤੀ ਪਰ ਉਚ ਅਦਾਲਤ ਨੇ ਇਸ ਵਿਚ ਦਖਲ ਦੇਣ ਤੋਂ ਇਨਕਾਰ ਕਰ ਦਿਤਾ ਹੈ।