ਮੁਫ਼ਤ ਐਲਾਨਾਂ 'ਤੇ ਸਾਬਕਾ MP ਦਾ ਫੁੱਟਿਆ ਗੁੱਸਾ, ‘ਮਾਈ ਭਾਗੋ ਦੀਆਂ ਵਾਰਸਾਂ ਨੂੰ ਮੰਗਤੀਆਂ ਨਾ ਸਮਝੋ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰ ਕੋਈ ਦੇਸ਼ ਦੇ ਅੰਨਦਾਤੇ ਨੂੰ ਮੰਗਤਾ ਬਣਾਉਣ ਲਈ ਜ਼ੋਰ ਲਗਾ ਰਿਹੈ- ਤਰਲੋਚਨ ਸਿੰਘ

Former MP Tarlochan Singh

ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ): ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਵੋਟਰਾਂ ਨੂੰ ਲੁਭਾਉਣ ਲਈ ਸਿਆਸੀ ਪਾਰਟੀਆਂ ਵਿਚ ਮੁਕਾਬਲਾ ਵਧਦਾ ਜਾ ਰਿਹਾ ਹੈ। ਵੱਖ-ਵੱਖ ਪਾਰਟੀਆਂ ਵਲੋਂ ਵੱਖ-ਵੱਖ ਵਰਗਾਂ ਲਈ ਕਈ ਵਾਅਦੇ ਕੀਤੇ ਜਾ ਰਹੇ ਹਨ। ਇਸ ਦੇ ਚਲਦਿਆਂ ਸਾਬਕਾ ਸੰਸਦ ਮੈਂਬਰ ਅਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਪੰਜਾਬ ਦੀਆਂ ਔਰਤਾਂ ਲਈ ਮੁਫ਼ਤ ਐਲਾਨ ਕਰਨ ਵਾਲਿਆਂ ਨੂੰ ਝਾੜ ਪਾਈ ਅਤੇ ਕਿਹਾ ਕਿ ਮਾਈ ਭਾਗੋ ਦੀਆਂ ਵਾਰਸਾਂ ਨੂੰ ਮੰਗਤੀਆਂ ਨਾ ਸਮਝੋ। ਉਹਨਾਂ ਕਿਹਾ ਕਿ ਸਿੱਖ ਇਤਿਹਾਸ ਵਿਚ ਬੀਬੀਆਂ ਦੀ ਅਹਿਮ ਭੂਮਿਕਾ ਰਹੀ ਹੈ ਅਤੇ ਸਾਡੀਆਂ ਬੀਬੀਆਂ ਕਿਸੇ ਮੁਫ਼ਤ ਐਲ਼ਾਨ ਦੇ ਝਾਂਸੇ ਵਿਚ ਨਹੀਂ ਆਉਣਗੀਆਂ। ਸਾਡੀ ਧੀ ਹਰਨਾਜ਼ ਸੰਧੂ ਅੱਜ ਮਿਸ ਯੂਨੀਵਰਸ ਬਣੀ ਹੈ। ਅੱਜ ਸਾਡੇ ਪੰਜਾਬ ਦੀ ਧੀ ਅਮਰੀਕੀ ਰਾਸ਼ਟਰਪਤੀ ਦੀ ਮੀਡੀਆ ਸਲਾਹਕਾਰ ਵਜੋਂ ਸੇਵਾਵਾਂ ਨਿਭਾਅ ਰਹੀ ਹੈ। ਇਹਨਾਂ ਨੂੰ ਮੰਗਤੀਆਂ ਨਾ ਬਣਾਓ। ਉਹਨਾਂ ਬੀਬੀਆਂ ਨੂੰ ਅਪੀਲ ਕੀਤੀ ਕਿ ਉਹ ਮੁਫ਼ਤ ਐਲਾਨ ਕਰਨ ਵਾਲੇ ਆਗੂਆਂ ਨੂੰ ਜਵਾਬ ਦੇਣ, ਅਸੀਂ ਅਪਣੀਆਂ ਧੀਆਂ ਨੂੰ ਮੰਗਤੀਆਂ ਨਾ ਬਣਾਈਏ। ਉਹਨਾਂ ਸਵਾਲ ਕੀਤਾ ਕਿ ਸਾਡੇ ਪੰਜਾਬ ਦੀਆਂ ਬੀਬੀਆਂ ਇਸ ਦੇ ਖਿਲਾਫ਼ ਕਿਉਂ ਨਹੀਂ ਬੋਲ ਰਹੀਆਂ?

Former MP Tarlochan Singh

ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਸਾਬਕਾ ਐਮਪੀ ਨੇ ਕਿਹਾ ਕਿ ਪੰਜਾਬ ਦੀਆਂ ਚੋਣਾਂ ਲਈ ਕਿਸੇ ਵੀ ਸਿਆਸੀ ਪਾਰਟੀ ਵਲੋਂ ਪੰਜਾਬ ਦਾ ਕੋਈ ਮੁੱਦਾ ਨਹੀਂ ਚੁੱਕਿਆ ਜਾ ਰਿਹਾ ਹੈ, ਸਿਆਸੀ ਪਾਰਟੀਆਂ ਇਸ ਤਰ੍ਹਾਂ ਲੱਗੀਆਂ ਹੋਈਆਂ ਹਨ ਜਿਵੇਂ ਪੰਜਾਬ ਇਕ ਮੰਡੀ ਹੋਵੇ। ਹਰ ਕੋਈ ਖਰੀਦੋ-ਫਰੋਖਤ ਵਿਚ ਲੱਗਿਆ ਹੋਇਆ ਹੈ, ਹਰੇਕ ਪਾਰਟੀ ਵਲੋਂ ਦੇਸ਼ ਦੇ ਅੰਨਦਾਤੇ ਨੂੰ ਮੰਗਤਾ ਬਣਾਉਣ ਲਈ ਜ਼ੋਰ ਲਗਾਇਆ ਜਾ ਰਿਹਾ ਹੈ। ਅਕਾਲੀ ਦਲ ਵਲੋਂ ਮੁਫ਼ਤ ਬਿਜਲੀ ਦੇ ਐਲਾਨਾਂ ਬਾਰੇ ਗੱਲ ਕਰਦਿਆਂ ਤਰਲੋਚਨ ਸਿੰਘ ਨੇ ਕਿਹਾ ਕਿ ਬਾਦਲ ਸਾਬ੍ਹ ਨੇ ਖੇਤੀਬਾੜੀ ਲਈ ਮੁਫ਼ਤ ਬਿਜਲੀ ਦਾ ਐਲਾਨ ਤਾਂ ਕਰ ਦਿੱਤਾ ਪਰ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਉਸ ਮੁਫ਼ਤ ਬਿਜਲੀ ਨੇ ਪੰਜਾਬ ਵਿਚ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਕਿ ਇਕ ਸਰਵੇਖਣ ਅਨੁਸਾਰ ਪੰਜਾਬ ਦੀ ਜ਼ਮੀਨ ਵਿਚ ਸਿਰਫ਼ 17 ਸਾਲ ਦਾ ਪਾਣੀ ਰਹਿ ਗਿਆ ਹੈ। ਇਸ ਮੁੱਦੇ ’ਤੇ ਕੋਈ ਗੱਲ ਨਹੀਂ ਕਰ ਰਿਹਾ।

Former MP Tarlochan Singh

ਉਹਨਾਂ ਦੱਸਿਆ ਕਿ ਜਦੋਂ ਚੀਨ ਨਾਲ ਪਹਿਲੀ ਜੰਗ ਹੋਈ ਤਾਂ ਪ੍ਰਤਾਪ ਸਿੰਘ ਕੈਰੋਂ ਨੇ ਆਵਾਜ਼ ਬੁਲੰਦ ਕੀਤੀ ਸੀ ਅਤੇ ਪੰਜਾਬੀਆਂ ਨੂੰ ਅਪੀਲ ਕੀਤੀ ਸੀ ਕਿ ਸਰਕਾਰ ਕੋਲ ਹਥਿਆਰ ਖਰੀਦਣ ਲਈ ਪੈਸੇ ਨਹੀਂ ਹਨ, ਉਸ ਦੌਰਾਨ ਹਿੰਦੁਸਤਾਨ ਵਿਚ ਬਹੁਤ ਸੋਨਾ ਇਕੱਠਾ ਹੋਇਆ, ਜਿਸ ਵਿਚੋਂ 80 ਫੀਸਦ ਸੋਨਾ ਪੰਜਾਬ ਵਿਚੋਂ ਇਕੱਠਾ ਹੋਇਆ ਸੀ। ਉਹਨਾਂ ਕਿਹਾ ਕਿ ਪ੍ਰਤਾਪ ਸਿੰਘ ਕੈਰੋਂ ਤੋਂ ਬਾਅਦ ਪੰਜਾਬ ਵਿਚ ਕਿਸੇ ਮੁੱਖ ਮੰਤਰੀ ਨੇ ਵਿਕਾਸ ਨਹੀਂ ਕੀਤਾ। ਸਾਬਕਾ ਸੰਸਦ ਮੈਂਬਰ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਭਾਰਤ ਵਿਚ 20 ਸਾਲ  ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ ਨੰਬਰ ਇਕ ’ਤੇ ਰਹੀ ਪਰ ਅੱਜ ਅਸੀਂ 10ਵੇਂ ਨੰਬਰ ’ਤੇ ਹਾਂ, ਅੱਜ ਹਰਿਆਣਾ ਅਤੇ ਹਿਮਾਚਲ ਪੰਜਾਬ ਨਾਲੋਂ ਅੱਗੇ ਹਨ। ਕੋਈ ਪਾਰਟੀ ਇਸ ਬਾਰੇ ਗੱਲ ਨਹੀਂ ਕਰਦੀ ਕਿ ਪ੍ਰਤੀ ਵਿਅਕਤੀ ਆਮਦਨ ਨੂੰ ਕਿਵੇਂ ਵਧਾਇਆ ਜਾਵੇਗਾ।

Partap Singh Kairon

ਪਾਣੀ ਦੇ ਸੰਕਟ ਬਾਰੇ ਗੱਲ ਕਰਦਿਆਂ ਤਰਲੋਚਨ ਸਿੰਘ ਨੇ ਕਿਹਾ ਕਿ ਜੇਕਰ ਸਾਰਾ ਪੰਜਾਬ ਝੋਨਾ ਬਿਜੇਗਾ ਤਾਂ ਪਾਣੀ ਖਤਮ ਹੋ ਜਾਵੇਗਾ, ਫਸਲੀ ਚੱਕਰ ਬਾਰੇ ਕੋਈ ਗੱਲ਼ ਨਹੀਂ ਕਰ ਰਿਹਾ। ਇਸ ਦੇ ਲਈ 12 ਹਜ਼ਾਰ ਕਰੋੜ ਰੁਪਏ ਚਾਹੀਦੇ ਹਨ, ਉਹ ਫੰਡ ਕੌਣ ਦੇਵੇਗਾ? ਇਸ ਬਾਰੇ ਕੋਈ ਗੱਲ ਨਹੀਂ ਕਰਦਾ। ਸਾਡੇ 30 ਲੱਖ ਪੰਜਾਬੀ ਵਿਦੇਸ਼ਾਂ ਵਿਚ ਰਹਿ ਰਹੇ ਹਨ, ਹਰ ਸਾਲ ਢਾਈ ਲੱਖ ਵਿਦਿਆਰਥੀ ਵਿਦੇਸ਼ ਜਾ ਰਹੇ ਹਨ, ਜਿੱਥੇ ਜਾਂ ਤਾ ਉਹ ਪੈਟਰੋਲ ਪੰਪ ਉੱਤੇ ਕੰਮ ਕਰ ਰਹੇ ਨੇ ਜਾਂ ਫਿਰ ਕਿਤੇ ਭਾਂਡੇ ਮਾਂਜ ਰਹੇ ਹਨ। ਇਸ ਬਾਰੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਅਪਣੇ ਪੱਧਰ ’ਤੇ ਵਿਦਿਆਰਥੀਆਂ ਨੂੰ ਚੰਗੀਆਂ ਯੂਨੀਵਰਸਿਟੀਆਂ ਵਿਚ ਦਾਖਲ ਕਰਵਾਉਣ ਤਾਂ ਜੋ ਉਹਨਾਂ ਦੀ ਪੜ੍ਹਾਈ ਵਿਚ ਕੋਈ ਰੁਕਾਵਟ ਨਾ ਆਵੇ। ਵਿਦੇਸ਼ ਪੜ੍ਹਾਈ ਕਰਨ ਦੇ ਚਾਹਵਾਨਾਂ ਲਈ ਸਿਆਸੀ ਪਾਰਟੀਆਂ ਵਲੋਂ ਕੀਤੇ ਐਲਾਨਾਂ ਬਾਰੇ ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ ਇਸ ਦੇ ਲਈ ਪੈਸੇ ਕਿੱਥੋਂ ਆਉਣਗੇ? ਪੰਜਾਬ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ ਹੈ ਅਤੇ ਸਾਲ ਦਾ 30 ਹਜ਼ਾਰ ਕਰੋੜ ਸੂਦ ਹੈ। ਕੋਈ ਪਾਰਟੀ ਇਹ ਕਿਉਂ ਨਹੀਂ ਦੱਸ ਰਹੀ। ਇਹ ਕਰਜ਼ਾ ਕੌਣ ਮਾਫ ਕਰੇਗਾ?

Former MP Tarlochan Singh

ਉਹਨਾਂ ਕਿਹਾ ਕਿ ਪਹਿਲਾਂ ਪੰਜਾਬ ਧਰਮਾਂ ਦੇ ਨਾਂਅ ਉੱਤੇ ਵੰਡਿਆ ਗਿਆ ਅਤੇ ਹੁਣ ਜਾਤਾਂ ਦੇ ਆਧਾਰ ਉੱਤੇ ਵੰਡਿਆ ਜਾ ਰਿਹਾ ਹੈ। ਇਸ ਨਾਲ ਪੰਜਾਬ ਤਬਾਹ ਹੋ ਜਾਵੇਗਾ। ਜਾਤ ਦੇ ਆਧਾਰ 'ਤੇ ਵੋਟਰਾਂ ਦਾ ਧਰੁਵੀਕਰਨ ਕੀਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਇਹ ਐਲਾਨ ਨਹੀਂ ਕਰਨਾ ਚਾਹੀਦਾ ਕਿ ਪੰਜਾਬ ਦਾ ਮੁੱਖ ਮੰਤਰੀ ਸਿੱਖ ਹੋਵੇਗਾ, ਕਈ ਹਿੰਦੂ ਸਿੱਖਾਂ ਨਾਲੋਂ ਵੱਧ ਪੱਕੇ ਪੰਜਾਬੀ ਹਨ। ਜਾਤ-ਪਾਤ ਅਤੇ ਧਰਮ ਦੇ ਨਾਂਅ ਉੱਤੇ ਵੋਟ ਨਹੀਂ ਮੰਗਣੀ ਚਾਹੀਦੀ। ਤਰਲੋਚਨ ਸਿੰਘ ਨੇ ਇਤਿਹਾਸ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਮਾਸਟਰ ਤਾਰਾ ਸਿੰਘ ਪੰਜਾਬੀ ਸੂਬੇ ਦੇ ਜਨਮਦਾਤਾ ਹਨ, ਉਹ ਚਾਹੁੰਦੇ ਸਨ ਕਿ ਇਕ ਸਿੱਖ ਬਹੁਗਿਣਤੀ ਸੂਬਾ ਹੋਵੇ ਪਰ ਉਹਨਾਂ ਨੇ ਲਾਲਾ ਜਗਤ ਨਾਰਾਇਣ ਨੂੰ ਸੰਸਦ ਮੈਂਬਰ ਬਣਾਇਆ। ਜਦੋਂ ਵੀਰ ਸਾਵਰਕਰ ਨੂੰ ਮਹਾਤਮਾ ਗਾਂਧੀ ਦੀ ਹੱਤਿਆ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਤਾਂ ਮਾਸਟਰ ਤਾਰਾ ਸਿੰਘ ਨੇ ਕਿਹਾ ਸੀ ਕਿ ਉਹ ਨਿਰਦੋਸ਼ ਹਨ। ਮਾਸਟਰ ਤਾਰਾ ਸਿੰਘ ਨੇ ਧਰਮ ਨਿਰਪੱਖਤਾ ਦਾ ਪ੍ਰਚਾਰ ਕੀਤਾ, ਅੱਜ ਅਸੀਂ ਉਸ ਧਰਮ ਨਿਰਪੱਖਤਾ ਨੂੰ ਭੁੱਲ ਚੁੱਕੇ ਹਾਂ।

Master Tara Singh

ਉਹਨਾਂ ਕਿਹਾ ਕਿ ਕੋਈ ਅੰਮ੍ਰਿਤਸਰ ਬਾਰਡਰ ਰਾਹੀਂ ਵਪਾਰ ਖੋਲ੍ਹਣ ਬਾਰੇ ਨਹੀਂ ਬੋਲ ਰਿਹਾ। ਇਸ ਤੋਂ ਇਲਾਵਾ ਫਿਰੋਜ਼ਪੁਰ ਬਾਰਡਰ ਨੂੰ ਵੀ ਵਪਾਰ ਲਈ ਖੋਲ੍ਹਿਆ ਜਾਣਾ ਚਾਹੀਦਾ ਹੈ। ਇਹ ਮੰਗ ਕਿਸੇ ਪਾਰਟੀ ਦੇ ਏਜੰਡੇ ਵਿਚ ਨਹੀਂ ਹੈ। ਕਿਸੇ ਪਾਰਟੀ ਨੇ ਇੰਡਸਟਰੀ ਦੀ ਮੰਗ ਨਹੀਂ ਕੀਤੀ। ਬਾਰਡਰ ਨੇੜਲੇ ਇਲਾਕਿਆਂ ਵਿਚ ਇੰਡਸਟਰੀ ਲਈ ਟੈਕਸ ਮੁਆਫ ਕੀਤਾ ਜਾਣਾ ਚਾਹੀਦਾ ਹੈ।  ਅਰਵਿੰਦ ਕੇਜਰੀਵਾਲ ਦੇ ਐਲਾਨਾਂ ਬਾਰੇ ਤਰਲੋਚਨ ਸਿੰਘ ਨੇ ਕਿਹਾ ਕਿ ਉਹ ਪੰਜਾਬ ਆ ਕੇ ਦਿੱਲੀ ਮਾਡਲ ਦੀਆਂ ਗੱਲਾਂ ਕਰਦੇ ਹਨ ਪਰ ਦਿੱਲੀ ਸ਼ਹਿਰ ਨਾਲ ਪੰਜਾਬ ਸੂਬੇ ਦਾ ਮੁਕਾਬਲਾ ਨਹੀਂ ਹੋ ਸਕਦਾ। ਉਹਨਾਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਮਾਰਕਿਟ ਨਾ ਬਣਾਇਆ ਜਾਵੇ। ਕਿਸੇ ਸਿਆਸੀ ਪਾਰਟੀ ਦੀ ਗਰੰਟੀ ਪੰਜਾਬ ਦੇ ਕੰਮ ਨਹੀਂ ਆਵੇਗੀ, ਸਿਰਫ ਪ੍ਰਧਾਨ ਮੰਤਰੀ ਦੀ ਗਰੰਟੀ ਹੀ ਪੰਜਾਬ ਲਈ ਲਾਹੇਵੰਦ ਹੋ ਸਕਦੀ ਹੈ।

PM Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਰੱਦ ਹੋਣ ਦੀ ਘਟਨਾ ਬਾਰੇ ਗੱਲ ਕਰਦਿਆਂ ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ ਉਸ ਦਿਨ ਜੋ ਵੀ ਹੋਇਆ ਉਹ ਬਹੁਤ ਗਲਤ ਹੋਇਆ। ਪ੍ਰਧਾਨ ਮੰਤਰੀ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ, ਉਹ ਦੇਸ਼ ਦੇ ਪ੍ਰਧਾਨ ਮੰਤਰੀ ਹੈ। ਸਾਨੂੰ ਦੇਖਣਾ ਚਾਹੀਦਾ ਸੀ ਕਿ ਪ੍ਰਧਾਨ ਮੰਤਰੀ ਸ਼ਹੀਦ ਭਗਤ ਸਿੰਘ ਦੀ ਸਮਾਧ ’ਤੇ ਜਾ ਰਹੇ ਸਨ, ਉਹਨਾਂ ਨੇ ਚੰਡੀਗੜ੍ਹ ਏਅਰਪੋਰਟ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ ਉੱਤੇ ਰੱਖਣ ਦਾ ਐਲ਼ਾਨ ਕਰਨਾ ਸੀ। ਇਸ ਨਾਲ ਪੰਜਾਬ ਅਤੇ ਸਿੱਖਾਂ ਦਾ ਨੁਕਸਾਨ ਹੋਇਆ ਹੈ। ਇਸ ਦਾ ਪੀਐਮ ਮੋਦੀ ਨੂੰ ਸਿਆਸੀ ਲਾਭ ਜ਼ਰੂਰ ਹੋਇਆ ਹੈ। ਕਿਸੇ ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਮੋੜਨਾ ਸਾਡੀ ਗਲਤੀ ਹੈ। ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ‘ਬਾਲ ਵੀਰ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਹ ਬਹੁਤ ਵੱਡੀ ਗੱਲ ਹੈ। ਜੇਕਰ ਇਹ ਸਿੱਖਾਂ ਨੂੰ ਖੁਸ਼ ਕਰਨ ਲਈ ਵੀ ਹੋ ਰਿਹਾ ਹੈ ਤਾਂ ਵੀ ਚੰਗੀ ਗੱਲ ਹੈ ਕਿਉਂਕਿ ਪਹਿਲੀ ਵਾਰ ਕਿਸੇ ਸਰਕਾਰ ਨੇ ਸਿੱਖਾਂ ਬਾਰੇ ਸੋਚਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਲਾਲ ਕਿਲ੍ਹੇ ਤੋਂ ਸੰਬੋਧਨ ਕਰਦਿਆਂ ਵੀ ਪ੍ਰਧਾਨ ਮੰਤਰੀ 4 ਵਾਰ ਸਿੱਖ ਗੁਰੂਆਂ ਬਾਰੇ ਗੱਲ ਕਰ ਚੁੱਕੇ ਹਨ, ਅੱਜ ਤੱਕ ਕਿਸੇ ਹੋਰ ਪ੍ਰਧਾਨ ਮੰਤਰੀ ਨੇ ਸਾਡੇ ਗੁਰੂਆਂ ਬਾਰੇ ਕਦੀ ਗੱਲ ਨਹੀਂ ਸੀ ਕੀਤੀ। ਜੇਕਰ ਉਹਨਾਂ ਨੇ ਕਿਸੇ ਚਲਾਕੀ ਵਜੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਹੈ ਤਾਂ ਉਹ ਹੋਰ ਚਲਾਕੀਆਂ ਕਰਨ। ਚਾਹੇ ਉਹਨਾਂ ਦਾ ਮਕਸਦ ਕੋਈ ਵੀ ਹੋਵੇ ਪਰ ਇਸ ਨਾਲ ਸਿੱਖਾਂ ਦਾ ਫਾਇਦਾ ਹੋ ਰਿਹਾ ਹੈ, ਸਾਨੂੰ ਇਸ ਦਾ ਸਵਾਗਤ ਕਰਨਾ ਚਾਹੀਦਾ ਹੈ। ਸਾਬਕਾ ਐਮਪੀ ਨੇ ਕਿਹਾ ਕਿ ਸਾਡੇ ਕਿਸਾਨ ਦਿੱਲੀ ਵਿਚ ਮੋਰਚਾ ਫਤਹਿ ਕਰਨ ਮਗਰੋਂ ਵਾਪਸ ਪਰਤੇ, ਉਹਨਾਂ ਨੂੰ ਪੂਰੀ ਦੁਨੀਆਂ ਨੇ ਦੇਖਿਆ ਪਰ ਅਸੀਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਹੀ ਭੁੱਲ ਗਏ।