ਕੈਪਟਨ ਨੇ ਖੋਲ੍ਹੀ ਨੌਕਰੀਆਂ ਦੀ ਪੋਟਲੀ, ਪੰਜਾਬ ਸਰਕਾਰ ਵੱਲੋਂ ਇਨੀਆਂ ਆਸਾਮੀਆਂ ਮੰਜ਼ੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਮੰਤਰੀ ਮੰਡਲ ਨੇ ਅੱਜ ਪਟਿਆਲਾ ਅਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜਾਂ...

Captain Amrinder Singh

ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਨੇ ਅੱਜ ਪਟਿਆਲਾ ਅਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜਾਂ ਦੇ ਕੰਮਕਾਜ ਨੂੰ ਹੋਰ ਬਿਹਤਰ ਅਤੇ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਇਨ੍ਹਾਂ ਅਦਾਰਿਆਂ ਵਿੱਚ 550 ਅਸਾਮੀਆਂ ਦੇ ਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਨਵੀਆਂ ਅਸਾਮੀਆਂ ਵਿਚ ਤਕਨੀਕੀ ਪੈਰਾ ਮੈਡੀਕਲ ਦੀਆਂ 66, ਨਰਸਾਂ, ਟੈਕਨੀਸ਼ੀਅਨ ਅਤੇ ਚੌਥੇ ਦਰਜੇ ਦੇ ਕਰਮਚਾਰੀਆਂ ਦੀਆਂ 464 ਅਸਾਮੀਆਂ ਅਤੇ ਵੀਡੀਆਰਐਲ/ਐਮਆਰਯੂ ਲੈਬ ਪ੍ਰਾਜੈਕਟਾਂ ਦੀਆਂ 20 ਅਸਾਮੀਆਂ ਸ਼ਾਮਲ ਹੋਣਗੀਆਂ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਅਸਾਮੀਆਂ ਮੈਡੀਕਲ ਮਸ਼ੀਨਰੀ, ਉਪਕਰਣ ਅਤੇ ਬੁਨਿਆਦੀ ਢਾਂਚੇ ਦੀ ਵਰਤੋਂ ਵਿੱਚ ਸਹਾਈ ਹੋਣਗੀਆਂ ਅਤੇ ਸਟਾਫ ਦੀ ਘਾਟ ਨੂੰ ਵੀ ਪੂਰਾ ਕਰਨਗੀਆਂ ਜਿਸ ਨਾਲ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣਗੀਆਂ।

ਇਸ ਤੋਂ ਇਲਾਵਾ ਮੰਤਰੀ ਮੰਡਲ ਨੇ ਆਪਣੀ ਪੁਨਰ ਗਠਨ ਯੋਜਨਾ ਤਹਿਤ ਪਹਿਲਾਂ ਤੋਂ ਮਨਜ਼ੂਰਸੁਦਾ 9 ਅਸਾਮੀਆਂ ਨੂੰ ਪੁਨਰ-ਸੁਰਜੀਤ ਕਰਨ ਦੇ ਨਾਲ ਨਾਲ ਮੈਡੀਕਲ ਸਿੱਖਿਆ ਅਤੇ ਖੋਜ ਡਾਇਰੈਕਟੋਰੇਟ ਵਿਚ ਪੰਜ ਨਵੀਆਂ ਅਸਾਮੀਆਂ ਬਣਾਉਣ ਅਤੇ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਬੁਲਾਰੇ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਇਨ੍ਹਾਂ ਮੈਡੀਕਲ ਕਾਲਜਾਂ ਵਿਚ ਨਰਸਾਂ, ਟੈਕਨੀਸੀਅਨ ਅਤੇ ਚੌਥੇ ਦਰਜੇ ਦੇ ਕਰਮਚਾਰੀਆਂ ਦੀਆਂ 464 ਖਾਲੀ ਪਈਆਂ ਅਸਾਮੀਆਂ ਨੂੰ ਮੁੜ ਸੁਰਜੀਤ ਕਰਨ ਅਤੇ ਭਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅੰਮਿ੍ਰਤਸਰ ਵਿਖੇ ਵਾਇਰਲ ਰਿਸਰਚ ਐਂਡ ਡਾਇਗਨੌਸਟਿਕ ਲੈਬਾਰਟਰੀ (ਵੀ.ਡੀ.ਆਰ.ਐਲ.)/ਮਲਟੀ-ਡਿਸਪਲੇਨਰੀ ਰਿਸਰਚ ਯੂਨਿਟ (ਐਮ.ਆਰ.ਯੂ.) ਦੀਆਂ 20 ਅਸਾਮੀਆਂ ਵੀ ਬਣਾਈਆਂ ਗਈਆਂ ਹਨ।

ਇਨ੍ਹਾਂ ਅਸਾਮੀਆਂ ਨਾਲ ਪ੍ਰਯੋਗਸ਼ਾਲਾ ਦੇ ਸਾਰੇ ਟੈਸਟ ਕਰਵਾਉਣ ਵਿੱਚ ਆਮ ਲੋਕਾਂ ਨੂੰ ਆਸਾਨੀ ਹੋਵੇਗੀ ਅਤੇ ਮੈਡੀਕਲ ਕੌਂਸਲ ਆਫ ਇੰਡੀਆ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਘੱਟੋ-ਘੱਟ ਲੋੜੀਂਦੀਆਂ ਸ਼ਰਤਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਮਿਲੇਗੀ ਜਿਸ ਨਾਲ ਇਨ੍ਹਾਂ ਸੰਸਥਾਵਾਂ ਨੂੰ ਖੋਜ-ਮੁਖੀ ਬਣਾਇਆ ਜਾ ਸਕੇਗਾ।

ਜ਼ਿਕਰਯੋਗ ਹੈ ਕਿ ਸਿਹਤ ਅਤੇ ਮੈਡੀਕਲ ਸਿੱਖਿਆ ਦੇ ਸਲਾਹਕਾਰ ਡਾ.ਕੇ.ਕੇ. ਤਲਵਾੜ ਦੀ ਪ੍ਰਧਾਨਗੀ ਹੇਠ ਇਕ ਉੱਚ ਪੱਧਰੀ ਕਮੇਟੀ ਜਿਸ ਨੂੰ ਮੈਡੀਕਲ ਕਾਲਜਾਂ ਦੇ ਪੁਨਰਗਠਨ ਅਤੇ ਨਵੀਨੀਕਰਨ ਲਈ ਗਠਿਤ ਕੀਤਾ ਗਿਆ ਸੀ, ਨੇ ਮੌਜੂਦਾ ਕਾਰਜਸ਼ੀਲ ਮਸ਼ੀਨਰੀ ਅਤੇ ਉਪਕਰਣ/ਬੁਨਿਆਦੀ ਢਾਂਚੇ ਦੀ ਵਰਤੋਂ ਕਰਨ ਅਤੇ ਪਟਿਆਲਾ ਅਤੇ ਅੰਮਿ੍ਰਤਸਰ ਦੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਉਪਲੱਬਧ ਸਹੂਲਤਾਂ ਨੂੰ ਅਪਗ੍ਰੇਡ ਕਰਨ ਲਈ ਇਨ੍ਹਾਂ ਅਸਾਮੀਆਂ ਦੇ ਨਿਰਮਾਣ/ਨਵੀਨੀਕਰਨ ਦੀ ਸਿਫਾਰਸ਼ ਕੀਤੀ ਸੀ।