ਭਾਰਤ ਦੀ ਰੂਹ ਦੀ ਰਾਖੀ ਲਈ ਚਟਾਨ ਵਾਂਗ ਖੜੇ ਹਾਂ-ਕੈਪਟਨ ਅਮਰਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਵਿਚ 71ਵਾਂ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

Photo

ਚੰਡੀਗੜ੍ਹ: ਦੇਸ਼ ਵਿਚ 71ਵਾਂ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। 71ਵਾਂ ਗਣਤੰਤਰ ਦਿਵਸ ਅਜ਼ਾਦੀ ਤੋਂ ਬਾਅਦ ਦੇਸ਼ ਦਾ ਹੁਣ ਤੱਕ ਦਾ ਸਫਰ ਬਹੁਤ ਹੀ ਨਾਜ਼ੁਕ ਘੜੀ ਮੌਕੇ ਆਇਆ ਹੈ। ਬਦਕਿਸਮਤੀ ਨਾਲ ਦੇਸ਼ ਦੇ ਸੰਵਿਧਾਨਕ ਤਾਣੇ-ਬਾਣੇ ਨੂੰ ਅੱਜ ਬਾਹਰੀ ਤਾਕਤਾਂ ਦੀ ਬਜਾਏ ਸਾਡੇ ਅਪਣੇ ਹੁਕਮਰਾਨਾਂ ਵੱਲੋਂ ਫੈਲਾਏ ਜਾ ਰਹੇ ਵੰਡਪਾਊ ਏਜੰਡੇ ਕਾਰਨ ਗੰਭੀਰ ਚੁਣੌਤੀਆਂ ਦਰਪੇਸ਼ ਹਨ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਣਤੰਤਰ ਦਿਵਸ ‘ਤੇ ਕੀਤਾ। ਉਹਨਾਂ ਨੇ ਕਿਹਾ ਕਿ ਦੇਸ਼ ਵਿਚ ਲਏ ਜਾ ਰਹੇ ਫੁੱਟਪਾਊ ਅਤੇ ਮਾਰੂ ਫੈਸਲੇ ਨਾਗਰਿਕਤਾ ਸੋਧ ਕਾਨੂੰਨ (ਸੀਏਏ), ਕੌਮੀ ਨਾਗਰਿਕਤਾ ਰਜਿਸਟਰ (ਐਨਆਰਸੀ), ਕੌਮੀ ਅਬਾਦੀ ਰਜ਼ਿਸਟਰ (ਐਨਪੀਆਰ) ਨਾਲ ਭਾਰਤ ਦੀ ਅਸਲ ਤਾਕਤ ਇਸ ਦੀਆਂ ‘ਲੋਕਤੰਤਰਿਕ ਨੀਹਾਂ’ ਨੂੰ ਅੱਜ ਵੱਡਾ ਖਤਰਾ ਬਣਿਆ ਹੋਇਆ ਹੈ।

ਅਜਿਹੇ ਫੈਸਲੇ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ, ਜੋ ਕਿ ਅਸੀਂ ਹਮੇਸ਼ਾਂ ਮੰਨਦੇ ਆਏ ਹਾਂ ਕਿ ਇਸ ਨੂੰ ਢਾਹ ਨਹੀਂ ਲਾਈ ਜਾ ਸਕਦੀ, ਦੀਆਂ ਜੜ੍ਹਾਂ ਖੋਖਲੀਆਂ ਕਰਨ ਵਾਲੇ ਹਨ।

ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ,'71ਵੇਂ ਗਣਤੰਤਰ ਦਿਵਸ ਦੀਆਂ ਸਮੁੱਚੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ। ਉਨ੍ਹਾਂ ਸਾਰੇ ਸ਼ਹੀਦਾਂ ਪ੍ਰਣਾਮ ਜਿਨ੍ਹਾਂ ਨੇ ਆਪਣੀ ਜਾਨ ਦੇ ਕੇ ਸਾਨੂੰ ਆਜ਼ਾਦੀ ਦਿਵਾਈ ਤੇ ਸਾਨੂੰ ਸਾਡੇ ਸੰਵਿਧਾਨ ਵਿੱਚ ਸਮਾਜਵਾਦੀ, ਧਰਮ ਨਿਰਪੱਖ ਅਤੇ ਲੋਕਤੰਤਰੀ ਗਣਰਾਜ ਦਿੱਤਾ ਜਿਸ ਦੀ ਸਾਨੂੰ ਹਮੇਸ਼ਾ ਰਾਖੀ ਕਰਨੀ ਚਾਹੀਦੀ ਹੈ'।

ਗਣਤੰਤਰ ਦਿਵਸ ‘ਤੇ ਰਾਜਪਾਲ ਵੀਪੀ ਸਿੰਘ ਬਦਨੌਰ ਵੱਲੋਂ ਪੰਜਾਬੀਆਂ ਨੂੰ ਵਧਾਈ
ਇਸ ਦੇ ਨਾਲ ਹੀ ਪੰਜਾਬ ਦੇ ਰਾਜਪਾਲ ਨੇ 71 ਵੇਂ ਗਣਤੰਤਰ ਦਿਵਸ ਦੇ ਮੌਕੇ ‘ਤੇ ਪੰਜਾਬ ਅਤੇ ਵਿਦੇਸ਼ਾਂ ਵਿਚ ਵਸਦੇ ਸਾਰੇ ਭਾਰਤੀਆਂ ਨੂੰ ਵਧਾਈ ਦਿੱਤੀ।

ਉਹਨਾਂ ਕਿਹਾ ਕਿ ਉਹ ਸਾਡੀਆਂ ਹਥਿਆਰਬੰਦ ਸੈਨਾਵਾਂ ਦੇ ਬਹਾਦਰ ਜਵਾਨਾਂ ਨੂੰ ਵੀ ਸ਼ੁੱਭਕਾਮਨਾਵਾਂ ਭੇਜਦੇ ਹਨ, ਜਿਹੜੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਰਾਸ਼ਟਰ ਦੀ ਏਕਤਾ ਤੇ ਖੇਤਰੀ ਅਖੰਡਤਾਂ ਕਾਇਮ ਰੱਖ ਰਹੇ ਹਨ।