ਭਾਜਪਾ ਦੀ 'ਮੈਂ ਵੀ ਚੌਕੀਦਾਰ' ਮੁਹਿੰਮ ਨਾਲ ਗ਼ਰੀਬ ਲੋਕਾਂ ਦਾ ਢਿੱਡ ਨਹੀਂ ਭਰਨਾ : ਕੈਪਟਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

​'ਜੁਮਲਾ' ਮੁਹਿੰਮ ਨਾਲ ਨੌਜਵਾਨਾਂ ਨੂੰ ਨੌਕਰੀਆਂ ਨਸੀਬ ਨਹੀਂ ਹੋਣ ਵਾਲੀਆਂ

Amarinder Singh

ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੀ 'ਮੈਂ ਵੀ ਚੌਕੀਦਾਰ' ਚੋਣ ਮੁਹਿੰਮ ਨੂੰ 'ਜੁਮਲਾ' ਦਸਦਿਆਂ ਇਸ ਦਾ ਮਜ਼ਾਕ ਉਡਾਇਆ ਅਤੇ ਆਖਿਆ ਕਿ ਅਜਿਹੀ ਮੁਹਿੰਮ ਨਾਲ ਦੇਸ਼ ਵਾਸੀਆਂ ਦੀਆਂ ਅਸਲ ਸਮੱਸਿਆਵਾਂ ਹੱਲ ਨਹੀਂ ਹੋਣਗੀਆਂ। 

ਅੱਜ ਪਟਿਆਲਾ ਵਿਖੇ ਪਾਰਟੀ ਵਿਧਾਇਕਾਂ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜ਼ੋਨ ਇੰਚਾਰਜਾਂ ਅਤੇ ਫ਼ਰੰਟਲ ਆਰਗਨਾਈਜੇਸ਼ਨਾਂ ਦੇ ਮੁਖੀਆਂ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਨਾਹਰਿਆਂ ਨਾਲ ਗ਼ਰੀਬ ਲੋਕਾਂ ਨਾਲ ਢਿੱਡ ਨਹੀਂ ਭਰੇਗਾ ਅਤੇ ਨਾ ਹੀ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਨਸੀਬ ਹੋਣਗੀਆਂ। ਮੁੱਖ ਮੰਤਰੀ ਨੇ ਆਖਿਆ ਕਿ 'ਜੁਮਲਾ' ਪਾਰਟੀ ਅਪਣੇ ਇਨ੍ਹਾਂ ਸਾਲਾਂ ਦੌਰਾਨ ਕੋਈ ਵੀ ਵਾਅਦਾ ਪੁਗਾਉਣ ਵਿਚ ਨਾਕਾਮ ਰਹੀ ਹੈ ਅਤੇ ਹੁਣ ਵੋਟਾਂ ਹਾਸਲ ਕਰਨ ਲਈ ਮਾਯੂਸੀ ਦੇ ਆਲਮ 'ਚ ਹੋਰ ਜੁਮਲੇਬਾਜ਼ੀ 'ਤੇ ਉਤਰ ਆਈ ਹੈ। 

ਲੋਕ ਸਭਾ ਚੋਣਾਂ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪੂਰੀ ਤਿਆਰੀ ਹੋਣ ਦਾ ਐਲਾਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਪਾਰਟੀ 13 ਦੀਆਂ 13 ਸੀਟਾਂ 'ਤੇ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਥਿਤੀ ਸੂਬੇ ਵਿਚ ਬਹੁਤ ਮਜ਼ਬੂਤ ਹੈ ਅਤੇ ਉਨ੍ਹਾਂ ਨੇ ਅਪਣੇ ਪਹਿਲੇ ਸਟੈਂਡ ਨੂੰ ਦੁਹਰਾਉਂਦਿਆਂ ਕਿਹਾ ਕਿ ਪਾਰਟੀ ਨੂੰ ਕਿਸੇ ਹੋਰ ਨਾਲ ਗਠਜੋੜ ਦੀ ਲੋੜ ਨਹੀਂ ਅਤੇ ਸੂਬੇ ਵਿਚ ਇਕਲਿਆਂ ਹੀ ਚੋਣ ਮੈਦਾਨ ਵਿਚ ਨਿਤਰੇਗੀ। 
 ਭਾਰਤੀ ਸੈਨਾਵਾਂ ਦਾ ਸਿਆਸੀਕਰਨ ਦੀਆਂ ਕੋਸ਼ਿਸ਼ਾਂ ਲਈ ਭਾਜਪਾ 'ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਰੱਖਿਆ ਸੈਨਾਵਾਂ ਕੁਦਰਤੀ ਤੌਰ 'ਤੇ ਗ਼ੈਰ-ਸਿਆਸੀ ਹੁੰਦੀਆਂ ਹਨ ਜੋ ਉਨ੍ਹਾਂ ਨੂੰ ਭਾਰਤ ਦਾ ਅਸਲ 'ਚੌਕੀਦਾਰ' ਬਣਾਉਂਦੀਆਂ ਹਨ। 

ਪਟਿਆਲਾ ਵਿਚ ਸਾਬਕਾ ਸੰਸਦ ਮੈਂਬਰ ਪਰਨੀਤ ਕੌਰ ਦਾ ਘਿਰਾਉ ਕਰਨ ਦੀ ਅਕਾਲੀਆਂ ਵਲੋਂ ਦਿਤੀ ਧਮਕੀ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਕੈਪਟਨ ਨੇ ਕਿਹਾ ਕਿ ਕਾਂਗਰਸ ਪਾਰਟੀ ਪੂਰੇ ਪੰਜਾਬ ਵਿੱਚ ਅਕਾਲੀ ਦਲ ਦਾ ਘਿਰਾਉ ਕਰੇਗੀ ਤੇ ਉਨ੍ਹਾਂ ਨੂੰ ਲੁਕਣ ਲਈ ਕੋਈ ਖੂੰਜਾ ਵੀ ਨਹੀਂ ਲਭਣਾ।