ਲੋਕ ਸਭਾ ਚੋਣਾਂ 'ਚ ਅਕਾਲੀਆਂ ਦਾ ਸਫ਼ਾਇਆ ਹੋ ਜਾਵੇਗਾ : ਕੈਪਟਨ ਅਮਰਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਦੇ ਅੱਜ ਦੋ ਸਾਲ ਪੂਰੇ ਹੋਣ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਵਿਚ ਦਾਅਵਾ ਕੀਤਾ ਕਿ...

Captain Amarinder Singh

ਚੰਡੀਗੜ੍ਹ : ਪੰਜਾਬ ਸਰਕਾਰ ਦੇ ਅੱਜ ਦੋ ਸਾਲ ਪੂਰੇ ਹੋਣ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਵਿਚ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਲਗਾਤਾਰ ਵਾਅਦੇ ਪੂਰੇ ਕਰ ਰਹੀ ਹੈ ਅਤੇ ਅਗਲੇ ਸਮੇਂ ਵਿਚ 100 ਫ਼ੀ ਸਦੀ ਵਾਅਦੇ ਪੂਰੇ ਹੋਣਗੇ। ਕੈਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ-ਭਾਜਪਾ 'ਤੇ ਹਮਲਾ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਸੁਖਬੀਰ ਸਿੰਘ ਬਾਦਲ ਦਾ ਸਫ਼ਾਇਆ ਹੋ ਜਾਵੇਗਾ। ਉਹ ਅਪਣੀ ਪਾਰਟੀ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ।

ਬਰਗਾੜੀ ਅਤੇ ਕੋਟਕਪੂਰਾ ਕਾਂਡ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਅਪਣੀ ਜਾਂਚ ਮੁਕੰਮਲ ਕਰਨ ਵਲ ਵਧ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਚਾਹੇ ਉਹ ਕਿੰਨਾ ਵੱਡਾ ਹੋਵੇ, ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਪਾਕਿਸਤਾਨ ਵਿਚ ਅਤਿਵਾਦੀਆਂ 'ਤੇ ਹਵਾਈ ਹਮਲੇ ਸਬੰਧੀ ਭਾਜਪਾ ਰਾਜਨੀਤੀ ਕਰ ਰਹੀ ਹੈ। ਉਹ ਫ਼ੌਜ ਦੀ ਕਾਰਵਾਈ ਦਾ ਵੀ ਚੋਣਾਂ ਵਿਚ ਲਾਭ ਲੈਣਾ ਚਾਹੁੰਦੀ ਹੈ, ਜੋ ਗ਼ਲਤ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਨੇ 1965 ਅਤੇ 1971 ਦੀਆਂ ਲੜਾਈਆਂ ਵਿਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਪ੍ਰੰਤੂ ਕਾਂਗਰਸ ਨੇ ਇਸ ਦਾ ਸਿਆਸੀ ਲਾਭ ਨਹੀਂ ਸੀ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਸਮੇਂ ਉਨ੍ਹਾਂ 9 ਮੁੱਖ ਦਾਅਵੇ ਕੀਤੇ ਸਨ। ਇਕ ਤਾਂ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨਾ, ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ, ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨਾ, ਨਸ਼ਿਆਂ 'ਤੇ ਨਕੇਲ ਪਾਉਣਾ, ਬਜ਼ੁਰਗਾਂ ਦੀਆਂ ਪੈਨਸ਼ਨਾਂ 'ਚ ਵਾਧਾ, ਮੋਬਾਈਲ ਫ਼ੋਨ ਆਦਿ ਦੇ ਵਾਅਦੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਤਕ ਲੱਖਾਂ ਕਿਸਾਨਾਂ ਦਾ 4730 ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਜਾ ਚੁਕਾ ਹੈ।

ਚੋਣ ਜ਼ਾਬਤਾ ਖ਼ਤਮ ਹੋਣ ਉਪਰੰਤ ਹੋਰ ਵੀ ਕਰਜ਼ਾ ਮਾਫ਼ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰਨਾ ਸੰਭਵ ਨਹੀਂ। ਉਨ੍ਹਾਂ ਵਲੋਂ ਕਿਸਾਨਾਂ ਦੀ ਸਹਾਇਤਾ ਲਈ ਵੱਧ ਤੋਂ ਵੱਧ ਕਰਜ਼ਾ ਮਾਫ਼ ਕਰਨ ਦੇ ਯਤਨ ਕੀਤੇ ਗਏ। ਕਰਜ਼ਾ ਮਾਫ਼ੀ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ। ਬਲਕਿ ਸਵਾਮੀਨਾਥਨ ਕਮਿਸ਼ਨ ਦੀ ਰੀਪੋਰਟ ਲਾਗੂ ਕਰਨ ਨਾਲ ਹੀ ਕਿਸਾਨਾਂ ਨੂੰ ਕੁੱਝ ਰਾਹਤ ਮਿਲ ਸਕੇਗੀ। ਕੇਂਦਰ ਸਰਕਾਰ ਨੂੰ ਇਹ ਰੀਪੋਰਟ ਲਾਗੂ ਕਰਨੀ ਚਾਹੀਦੀ ਸੀ।

ਉਨ੍ਹਾਂ ਕਿਹਾ ਕਿ ਜਿਥੋਂ ਤਕ ਨਸ਼ਿਆਂ ਦਾ ਸਬੰਧ ਹੈ। ਇਸ ਉਪਰ ਪੂਰੀ ਸਖ਼ਤ ਹੋ ਰਹੀ ਹੈ। ਨਸ਼ਿਆਂ ਉਪਰ ਕਾਬੂ ਪਾਉਣ ਵਿਚ ਸਰਕਾਰ ਕਾਫ਼ੀ ਸਫ਼ਲ ਹੋਈ ਹੈ ਅਤੇ ਅਜੇ ਹੋਰ ਕਰਨ ਦੀ ਲੋੜ ਹੈ। ਉਨ੍ਹਾਂ ਦਸਿਆ ਕਿ ਹੁਣ ਮਾਰਕੀਟ ਵਿਚ ਨਸ਼ਾ ਆਮ ਉਪਲਬਧ ਨਾ ਹੋਣ ਕਾਰਨ ਹੀ ਇਨ੍ਹਾਂ ਦੀਆਂ ਕੀਮਤਾਂ ਕਈ ਗੁਣਾਂ ਵੱਧ ਗਈਆਂ ਹਨ। ਉਨ੍ਹਾਂ ਕਿਹਾ ਕਿ ਨਸ਼ੇ ਵੇਚਣ ਵਾਲਿਆਂ ਵਿਰੁਧ 21985 ਕੇਸ ਦਰਜ ਕੀਤੇ ਗਏ ਅਤੇ 2600 ਨਸ਼ਾ ਵੇਚਣ ਵਾਲੇ ਗ੍ਰਿਫ਼ਤਾਰ ਕੀਤੇ ਗਏ।

ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਬਦਮਾਸ਼ਾਂ ਦੇ ਗਰੋਹ ਬਿਨਾਂ ਡਰ ਪੰਜਾਬ ਵਿਚ ਘੁੰਮਦੇ ਸਨ। ਅੱਜ ਮੁਸ਼ਕਲ ਨਾਲ 4-5 ਗਰੋਹ ਹੀ ਬਚੇ ਹਨ। ਬਹੁਤੇ ਗ੍ਰਿਫ਼ਤਾਰ ਹੋ ਚੁਕੇ ਹਨ ਅਤੇ ਕੁੱਝ ਪੰਜਾਬ ਵਿਚੋਂ ਨਿਕਲ ਗਏ। ਪੰਜਾਬ ਦੇ ਦਰਿਆਈ ਪਾਣੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਅਦਾਲਤਾਂ ਵਿਚ ਪੈਰਵਾਈ ਕਰ ਕੇ ਪੰਜਾਬ ਦੇ ਹਿਤਾਂ ਦੀ ਰਾਖੀ ਕਰ ਰਹੀ ਹੈ। ਪੰਜਾਬ ਕੋਲ ਫ਼ਾਲਤੂ ਪਾਣੀ ਹੈ ਹੀ ਨਹੀਂ ਅਤੇ ਧਰਤੀ ਹੇਠਲਾ ਪਾਣੀ ਵੀ ਖ਼ਤਮ ਹੋ ਰਿਹਾ ਹੈ। 

ਮੁੱਖ ਮੰਤਰੀ ਨੇ ਦਸਿਆ ਕਿ ਉਨ੍ਹਾਂ ਨੇ ਲੋਕਪਾਲ ਬਣਾਉਣ ਅਤੇ ਪ੍ਰਵਾਸੀ ਭਾਰਤੀਆਂ ਦੀਆਂ ਜਾਇਦਾਦਾਂ ਸੁਰੱਖਿਅਤ ਬਣਾਉਣ ਦਾ ਜੋ ਵਾਅਦਾ ਕੀਤਾ ਸੀ ਉਸ ਉਪਰ ਵੀ ਅਮਲ ਹੋ ਰਿਹਾ ਹੈ। ਚੋਣ ਜ਼ਾਬਤਾ ਖ਼ਤਮ ਹੋਣ ਉਪਰੰਤ ਲੋਕਪਾਲ ਬਣਾਇਆ ਜਾਵੇਗਾ। ਇਸੀ ਤਰ੍ਹਾਂ ਪ੍ਰਵਾਸੀ ਭਾਰਤੀਆਂ ਦੀਆਂ ਜਾਇਦਾਦਾਂ ਸੁਰੱਖਿਅਤ ਕਰਨ ਲਈ ਬਿਲ ਦਾ ਖਰੜਾ ਤਿਆਰ ਹੈ, ਛੇਤੀ ਹੀ ਬਿਲ ਪਾਸ ਕਰ ਕੇ ਕਾਨੂੰਨ ਬਣੇਗਾ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਵਿਧਾਨ ਸਭਾ ਦੇ ਅਗਲੇ ਸਮਾਗਮ ਸਮੇਂ 'ਹਿਤਾਂ ਦਾ ਟਕਰਾਅ' (ਕਲੈਸ਼ ਆਫ਼ ਇੰਟਰਸਟ) ਬਿਲ ਲਿਆਂਦਾ ਜਾਵੇਗਾ।

ਜੇਕਰ ਇਹ ਬਿਲ ਪਾਸ ਹੋ ਜਾਂਦਾ ਹੈ ਤਾਂ ਕੋਈ ਵੀ ਮੰਤਰੀ ਅਪਣੇ ਨਾਮ ਉਪਰ ਵਪਾਰ ਨਹੀਂ ਕਰ ਸਕੇਗਾ ਅਤੇ ਨਾ ਹੀ ਕੰਪਨੀ ਚਲਾ ਸਕੇਗਾ। ਚਾਹੇ ਉਹ ਮੰਤਰੀ ਪਦ ਰਖੇਗਾ ਜਾਂ ਵਪਾਰ। ਦੋਹਾਂ ਵਿਚੋਂ ਇਕ ਚੁਣਨਾ ਹੋਵੇਗਾ। ਉਨ੍ਹਾਂ ਦਸਿਆ ਕਿ ਜਬਰ ਜਨਾਹ ਅਤੇ ਨਸ਼ੇ ਦੇ ਕੇਸਾਂ ਵਿਚ ਦੋਸ਼ੀਆਂ ਨੂੰ ਛੇਤੀ ਸਜ਼ਾ ਦੇਣ ਲਈ ਵਿਸ਼ੇਸ਼ ਅਦਾਲਤਾਂ ਬਣਾਈਆਂ ਜਾਣਗੀਆਂ। ਕੈਪਟਨ ਅਮਰਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਵਿਸ਼ੇਸ਼ ਅਦਾਲਤਾਂ ਬਣਾਉਣ ਸਬੰਧੀ ਇਕ ਪੱਤਰ ਲਿਖਿਆ ਸੀ ਅਤੇ ਉਨ੍ਹਾਂ ਦਾ ਜਵਾਬ ਵੀ ਬਹੁਤ ਹੀ ਉਸਾਰੂ ਹੈ।

ਛੇਤੀ ਹੀ ਵਿਸ਼ੇਸ਼ ਅਦਾਲਤਾਂ ਬਣਨਗੀਆਂ ਤਾਂ ਜੋ ਦੋਸ਼ੀਆਂ ਨੂੰ ਛੇਤੀ ਸਜ਼ਾਵਾਂ ਮਿਲ ਸਕਣ। ਕਰਤਾਰਪੁਰ ਸਾਹਿਬ ਕੋਰੀਡੋਰ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਮਾਮਲਾ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨਾਲ ਜੁੜਿਆ ਹੈ ਅਤੇ ਬਣਨਾ ਚਾਹੀਦਾ ਹੈ। ਪ੍ਰੰਤੂ ਪਾਕਿਸਤਾਨ ਦੀ ਨੀਅਤ ਵਿਚ ਖੋਟ ਹੈ। ਉਹ ਕੋਰੀਡੋਰ ਰਾਹੀਂ ਸਿੱਖ ਹਿਤੈਸ਼ੀ ਬਣਨਾ ਚਾਹੁੰਦਾ। ਉਸ ਦੀ ਇਸ ਪਿਛੇ ਵੀ ਡੂੰਘੀ ਸਾਜ਼ਸ਼ ਹੈ। ਸਾਨੂੰ ਚੌਕਸ ਰਹਿਣਾ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਕਰਤਾਰਪੁਰ ਸਾਹਿਬ ਗੁਰਦਵਾਰੇ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ਨਹੀਂ ਰੱਖੀ ਜਾਣੀ ਚਾਹੀਦੀ।

80 ਫ਼ੀ ਸਦੀ ਪੇਂਡੂਆਂ ਕੋਲ ਪਾਸਪੋਰਟ ਨਹੀਂ ਹਨ। ਇਸ ਤਰ੍ਹਾਂ ਉਹ ਤਾਂ ਗੁਰਦਵਾਰਾ ਸਾਹਿਬ ਦੇ ਦਰਸ਼ਨ ਹੀ ਨਹੀਂ ਕਰ ਸਕਣਗੇ। ਖੁੱਲ੍ਹੇ ਦਰਸ਼ਨ ਹੋਣੇ ਚਾਹੀਦੇ ਹਨ। ਕੋਈ ਹੋਰ ਪਹਿਚਾਣ ਪੱਤਰ ਰਖਿਆ ਜਾ ਸਕਦਾ ਹੈ। ਉਨ੍ਹਾਂ ਇਹ ਮੰਗ ਵੀ ਕੀਤੀ ਕਿ 500 ਦੀ ਬਜਾਏ ਘੱਟੋ-ਘੱਟ 5000 ਸਿੱਖ ਸ਼ਰਧਾਲੂਆਂ ਨੂੰ ਰੋਜ਼ਾਨਾ ਦਰਸ਼ਨ ਕਰਨ ਲਈ ਜਾਣ ਦਿਤਾ ਜਾਵੇ।