ਸਰਕਾਰੀ ਸੀਲ ਤੋੜਨ ਲਈ 'ਗਰੈਂਡ ਮੈਨਰ ਹੋਮਜ਼' ਮਾਲਕਾਂ ਵਿਰੁੱਧ ਸਖ਼ਤ ਕਾਰਵਾਈ ਹੋਵੇ : ਮਾਣੂੰਕੇ
ਭਾਰਤ ਭੂਸ਼ਨ ਆਸ਼ੂ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਕੀਤੀ ਮੰਗ
ਚੰਡੀਗੜ੍ਹ : ਲੁਧਿਆਣਾ 'ਚ ਨਾਜਾਇਜ਼ ਤਰੀਕੇ ਨਾਲ ਉਸਾਰੇ ਜਾ ਰਹੇ ਬਹੁ-ਚਰਚਿਤ 'ਗਰੈਂਡ ਮੈਨਰ ਹੋਮਜ਼' ਨੂੰ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸੀਲ ਕਰਨ ਦੇ ਬਾਵਜੂਦ ਪ੍ਰਾਜੈਕਟ ਮਾਲਕਾਂ ਵੱਲੋਂ ਸੀਲ ਤੋੜ ਇੱਕ ਗੇਟ ਖੋਲ੍ਹ ਲੈਣ ਦਾ ਆਮ ਆਦਮੀ ਪਾਰਟੀ ਨੇ ਸਖ਼ਤ ਨੋਟਿਸ ਲਿਆ ਹੈ।
'ਆਪ' ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਵਿਧਾਨ ਸਭਾ 'ਚ ਪਾਰਟੀ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਦੋਸ਼ ਲਗਾਇਆ ਹੈ ਕਿ ਜਦ ਤੱਕ ਇਸ ਜ਼ਮੀਨ ਘੁਟਾਲੇ 'ਚ ਸ਼ਾਮਲ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਨਹੀਂ ਜਾਂਦਾ ਉਦੋਂ ਤੱਕ ਲੈਂਡ ਮਾਫ਼ੀਆ ਕਾਨੂੰਨ ਨੂੰ ਟਿੱਚ ਸਮਝਦਾ ਰਹੇਗਾ। ਉਨ੍ਹਾਂ ਕਿਹਾ ਕਿ ਆਸ਼ੂ ਦੀ ਸ਼ਹਿ 'ਤੇ ਪ੍ਰਾਜੈਕਟ ਮਾਲਕ ਨਿਯਮਾਂ ਨੂੰ ਛਿੱਕੇ ਟੰਗ ਕੇ ਰੋਕ ਲੱਗਣ ਦੇ ਬਾਵਜੂਦ ਆਪਣਾ ਕਾਰਜ ਨਿਰਵਿਘਨ ਕਰ ਰਹੇ ਹਨ।
ਮਾਣੂੰਕੇ ਨੇ ਕਿਹਾ ਕਿ ਅਧਿਕਾਰੀਆਂ ਨੂੰ ਧਮਕਾਉਣ ਦੇ ਮਾਮਲੇ ਵਿਚ ਆਸ਼ੂ ਵਿਰੁੱਧ ਕੋਈ ਕਾਰਵਾਈ ਨਾ ਕਰਨਾ ਸਿੱਧ ਕਰਦਾ ਹੈ ਕਿ ਸਰਕਾਰ ਭ੍ਰਿਸ਼ਟਾਚਾਰ ਪ੍ਰਤੀ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਖ਼ੂਨ ਪਸੀਨੇ ਨਾਲ ਕਮਾਏ ਪੈਸੇ ਦਾ ਦੁਰਉਪਯੋਗ ਕਰ ਰਹੇ ਨੇਤਾਵਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਬਣਦੀ ਹੈ।
ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਮੁਖ਼ਾਤਬ ਹੁੰਦਿਆਂ ਮਾਣੂੰਕੇ ਨੇ ਕਿਹਾ ਕਿ ਸਿੱਧੂ ਵੀ ਭ੍ਰਿਸ਼ਟਾਚਾਰ ਪ੍ਰਤੀ ਸਖ਼ਤ ਰੁੱਖ ਅਪਣਾਉਣ ਦਾ ਦਾਅਵਾ ਕਰਦੇ ਹਨ ਪਰ ਆਪਣੇ ਵਿਭਾਗ ਵਿਚ ਹੋ ਰਹੇ ਭ੍ਰਿਸ਼ਟਾਚਾਰ ਪ੍ਰਤੀ ਅੱਖਾਂ ਬੰਦ ਕਰ ਕੇ ਬੈਠੇ ਹਨ। ਉਨ੍ਹਾਂ ਮੰਗ ਕੀਤੀ ਕਿ ਸਿੱਧੂ ਇਸ ਮਾਮਲੇ ਵਿਚ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ 'ਤੇ ਸਖ਼ਤ ਐਕਸ਼ਨ ਲੈਣ।