ਪੰਜਾਬ ਦੀ ਸਿਆਸਤ 4-5 ਬੰਦਿਆਂ ਦੇ ਪਾਵੇ ਨਾਲ ਨਹੀਂ ਬੱਝ ਸਕਦੀ: ਸਿੱਧੂ
ਸਿਆਸਤ 'ਚ ਮੁੜ ਸਰਗਰਮ ਹੋਏ ਚਰਚਿਤ ਨਵਜੋਤ ਸਿੰਘ ਸਿੱਧੂ
ਅੰਮ੍ਰਿਤਸਰ- ਸਿਆਸਤ 'ਚ ਮੁੜ ਸਰਗਰਮ ਹੋਏ ਚਰਚਿਤ ਨਵਜੋਤ ਸਿੰਘ ਸਿੱਧੂ ਸਾਬਕਾ ਮੰਤਰੀ ਨੇ ਅਪਣਾ ਸਿਆਸੀ ਦਰਦ ਇਨ੍ਹਾਂ ਸਤਰਾਂ ਨਾਲ ਜਨਤਕ ਕਰਦੇ ਹੋਏ ਕਿਹਾ ਕਿ ਜੇ.ਆਈ.ਏ. ਪਤਝੜ ਤਾਂ ਫੇਰ ਕੀ ਏ, ਤੂੰ ਅਗਲੀ ਰੁੱਤ 'ਤੇ ਯਕੀਨ ਕਰ, ਮੈਂ ਲੱਭ ਕੇ ਲਿਆਂਉਦਾ, ਕੁੱਝ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖ। ਨਵਜੋਤ ਸਿੱਧੂ ਨੇ ਅਪਣਾ ਸਿਆਸੀ ਭਵਿੱਖ ਪੰਜਾਬ ਦੇ ਲੋਕਾਂ 'ਤੇ ਛੱਡ ਦਿਤਾ ਹੈ।
ਉਹ 2022 ਦੀਆਂ ਚੋਣਾਂ ਵਲ ਸੇਧਤ ਹਨ। ਉਨ੍ਹਾਂ ਕਿਹਾ ਕਿ ਮੇਰੀ ਰਾਜਨੀਤੀ ਆਸ ਅਤੇ ਵਿਸ਼ਵਾਸ਼ ਦੀ ਹੈ ਤੇ 4-5 ਬੰਦਿਆਂ ਦੇ ਹਵਾਲੇ ਲੋਕ-ਤਾਕਤ (ਹਕੂਮਤ) ਨੂੰ ਉਨ੍ਹਾਂ ਦੇ ਪਾਵਿਆਂ ਨਾਲ ਨਹੀਂ ਬੰਨ੍ਹਿਆ ਜਾ ਸਕਦਾ। ਇਸ ਵੇਲੇ ਮੇਰੇ 'ਤੇ ਔਖੀ ਘੜੀ ਤਾਂ ਜ਼ਰੂਰ ਹੈ ਪਰ ਪਤਝੜ ਬਾਅਦ ਮੁੜ ਹਰਿਆਵਲ ਦਸਤਕ ਦਿੰਦੀ ਹੈ।
ਜ਼ਿੰਦਗੀ 'ਚ ਉਤਾਰ-ਚੜ੍ਹਾਅ ਦਾ ਆਉਣਾ ਕੁਦਰਤੀ ਹੈ ਜੋ ਧੁੱਪ-ਛਾਂ ਵਾਂਗ ਹੁੰਦੇ ਹਨ। ਪੰਜਾਬ ਦੇ ਅਵਾਮ ਦਾ ਦੁੱਖ, ਦਰਦ ਉਹ ਚੈਨਲ ਰਾਹੀਂ ਸੁਣਨਗੇ। ਸਿੱਧੂ ਨੇ ਮੀਡੀਆ 'ਤੇ ਹਿਰਖ ਕਰਦਿਆਂ ਇਹ ਵੀ ਕਿਹਾ ਕਿ ਤੋੜ-ਮਰੋੜ ਕੇ ਛਪਦੇ ਬਿਆਨਾਂ ਕਾਰਨ ਹੀ ਉਸ ਨੇ ਅਪਣੇ ਚੈਨਲ ਦਾ ਆਸਰਾ ਲਿਆ ਹੈ ਤਾਂ ਜੋ ਉਸ ਦੇ ਮੂੰਹ 'ਚੋਂ ਨਿਕਲੇ ਸ਼ਬਦ ਹੀ ਪ੍ਰਕਾਸ਼ਤ ਹੋਣ।
ਸਿੱਧੂ ਨੇ ਪੰਜਾਬ ਦੇ ਲੋਕਾਂ ਨੂੰ ਅਪਣਾ ਰੱਬ, ਰਹਿਬਰ ਮੰਨਦਿਆਂ ਕਿਹਾ ਹੈ ਕਿ ਹੁਣ ਉਹ ਹੀ ਉਸ ਦੇ ਭਵਿਖ ਦਾ ਫੈਸਲਾ ਕਰਨਗੇ। ਸਿਆਸੀ ਪੰਡਤਾਂ ਮੁਤਾਬਕ ਕਾਂਗਰਸ ਹਾਈ ਕਮਾਂਡ ਨੇ ਮੱਧ-ਪ੍ਰਦੇਸ਼ ਚ ਹੋਏ ਸਿਆਸੀ ਧਮਾਕੇ ਕਾਰਨ ਕੌਮਾਂਤਰੀ ਪੱਧਰ ਦੇ ਬੁਲਾਰੇ, ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੂੰ ਨਰਾਜ ਕਰਕੇ ਅੱਕ ਚੱਬਦਿਆਂ ਪੰਜਾਬ ਦੀ ਸਤਾ ਚ ਕਿਸੇ ਵੀ ਕਿਸਮ ਦੀ ਛੇੜ-ਛਾੜ ਨਾ ਕਰਨ ਦਾ ਫੈਸਲਾ ਲਿਆ ਹੈ।
ਇਹ ਜ਼ਿਕਰਯੋਗ ਹੈ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰਾਜਸੀ ਮਤਭੇਦ ਹੋਣ ਤੇ ਨਵਜੋਤ ਸਿੰਘ ਸਿੱਧੂ ਨੇ ਕੈਬਨਿਟ ਮੰਤਰੀ ਵਜੋਂ ਅਸਤੀਫਾ ਦੇ ਦਿਤਾ ਸੀ । ਉਹ ਪਿਛਲੇ 8-9 ਮਹੀਨਆਂ ਤੋਂ ਅੰਮ੍ਰਿਤਸਰ ਸਥਿਤ ਘਰ ਵਿਚ ਮੌਨ ਧਾਰ ਕੇ ਬੈਠੇ ਸਨ ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।