ਕਾਂਗਰਸ ਰਾਜ ਦੀਆਂ 3 ਸਾਲਾਂ ਦੀਆਂ ਪ੍ਰਾਪਤੀਆਂ ਅਕਾਲੀ ਰਾਜ ਵੇਲੇ ਦੇ ਦੋ 'ਰਾਹੂ ਕੇਤੂਆਂ' ਦੀ ਮਾਰ ਹੇਠ!

ਏਜੰਸੀ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਪੰਜਾਬ ਕਾਂਗਰਸ ਦੇ ਤਿੰਨ ਸਾਲਾਂ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਵਾਉਣ ਲਈ ਸਾਰੀ ਸਰਕਾਰ ਇਕਜੁਟ ਹੋਈ ਮੰਚ 'ਤੇ ਨਜ਼ਰ ਆਈ। ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ ਗਈਆਂ

File

ਪੰਜਾਬ ਕਾਂਗਰਸ ਦੇ ਤਿੰਨ ਸਾਲਾਂ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਵਾਉਣ ਲਈ ਸਾਰੀ ਸਰਕਾਰ ਇਕਜੁਟ ਹੋਈ ਮੰਚ 'ਤੇ ਨਜ਼ਰ ਆਈ। ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ ਗਈਆਂ। ਰੁਜ਼ਗਾਰ ਜੋ ਕਿ ਪੰਜਾਬ ਦੀ ਸੱਭ ਤੋਂ ਵੱਡੀ ਜ਼ਰੂਰਤ ਹੈ, ਉਸ ਦੇ ਅੰਕੜੇ ਮੁੜ ਤੋਂ ਮੰਚ ਤੋਂ ਦੁਹਰਾਏ ਗਏ। ਕਾਂਗਰਸ ਅਪਣੇ ਆਪ ਨੂੰ ਥਾਪੀ ਦੇ ਰਹੀ ਹੈ ਕਿ ਅਸੀਂ ਪੰਜਾਬ ਨੂੰ ਸਹੀ ਰਸਤੇ ਉਤੇ ਲੈ ਕੇ ਜਾ ਰਹੇ ਹਾਂ। ਉਨ੍ਹਾਂ ਨੂੰ ਅਪਣੀ ਸਰਕਾਰ ਵਲੋਂ ਕਿਸਾਨਾਂ ਦੀ ਕੀਤੀ ਕਰਜ਼ਾ ਮਾਫ਼ੀ ਉਤੇ ਮਾਣ ਹੈ ਕਿਉਂਕਿ ਉਨ੍ਹਾਂ ਮੁਤਾਬਕ ਅਕਾਲੀ ਸਰਕਾਰ ਵਲੋਂ ਛੱਡੀ ਗਈ ਬੜੀ ਮੰਦੀ ਹਾਲਤ ਵਿਚ ਵੀ ਸਰਕਾਰ ਨੇ ਕਿਸਾਨਾਂ ਦੀ ਜ਼ਰੂਰਤ ਨੂੰ ਸਮਝ ਕੇ ਉਨ੍ਹਾਂ ਦਾ ਕਰਜ਼ਾ ਮਾਫ਼ ਕਰਨ ਨੂੰ ਪਹਿਲ ਦਿਤੀ। ਬਾਰੀਕੀ ਨਾਲ ਵੇਖਿਆ ਜਾਵੇ ਤਾਂ ਪੰਜਾਬ ਸਰਕਾਰ ਦੇ ਕੁੱਝ ਮਹਿਕਮਿਆਂ ਨੇ ਬੜੇ ਵੱਡੇ ਕਦਮ ਚੁੱਕੇ ਹਨ।

ਪੰਜਾਬ ਵਿਚ ਜਿਹੜੇ 5 ਹਜ਼ਾਰ ਸਮਾਰਟ ਸਕੂਲ ਸਥਾਪਤ ਕੀਤੇ ਜਾ ਰਹੇ ਹਨ, ਉਨ੍ਹਾਂ ਦਾ ਬੁਨਿਆਦੀ ਢਾਂਚੇ ਉਤੇ ਜਿਹੜਾ ਚੰਗਾ ਅਸਰ ਪਵੇਗਾ, ਉਹ ਪੀੜ੍ਹੀ ਦਰ ਪੀੜ੍ਹੀ ਅੱਗੇ ਚਲਦਾ ਜਾਵੇਗਾ। ਗ਼ਰੀਬ ਕਿਸਾਨਾਂ ਨੂੰ ਕਰਜ਼ਾ ਮਾਫ਼ੀ ਨਾਲ ਚੰਗੀ ਰਾਹਤ ਮਿਲੀ ਹੈ ਅਤੇ ਇਸ ਵਾਰ ਭੂਮੀਹੀਣ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਨ ਨਾਲ ਸੱਭ ਤੋਂ ਗ਼ਰੀਬ ਤਬਕੇ ਨੂੰ ਵੀ ਅਤਿ ਲੋੜੀਂਦੀ ਰਾਹਤ ਮਿਲ ਗਈ ਹੈ। ਕਰਜ਼ਾ ਵਧਿਆ ਹੈ ਪਰ ਆਮਦਨ ਵਿਚ ਵੀ ਵਾਧਾ ਹੋਇਆ ਹੈ। 1 ਲੱਖ ਸਰਕਾਰੀ ਨੌਕਰੀਆਂ ਦਾ ਟੀਚਾ ਜੇ ਸਰਕਾਰ ਪੂਰਾ ਕਰ ਲੈਂਦੀ ਹੈ ਤਾਂ ਇਹ ਇਕ ਪ੍ਰਾਪਤੀ ਹੀ ਪੰਜਾਬ ਦੇ ਨੌਜੁਆਨਾਂ ਦਾ ਅਪਣੇ ਪੰਜਾਬ ਵਿਚ ਵਿਸ਼ਵਾਸ ਮੁੜ ਤੋਂ ਬਹਾਲ ਕਰ ਲਵੇਗੀ। ਏਨਾ ਕੁੱਝ ਕਰਨ ਤੋਂ ਬਾਅਦ ਵੀ ਅਜੇ ਤਕ ਲੋਕਾਂ ਦਾ ਸਰਕਾਰ ਵਿਚ ਪੂਰਾ ਵਿਸ਼ਵਾਸ ਨਹੀਂ ਬਣ ਰਿਹਾ।

ਕਾਰਨ ਬੜਾ ਸਾਫ਼ ਹੈ। ਅਕਾਲੀ ਸਰਕਾਰ ਦੇ ਐਕਸੀਲੈਂਸ ਸਕੂਲ ਸਨ, ਕਾਂਗਰਸ ਸਰਕਾਰ ਸਮੇਂ ਸਮਾਰਟ ਸਕੂਲ ਹਨ। ਪ੍ਰਕਾਸ਼ ਸਿੰਘ ਬਾਦਲ ਦੇ ਆਦਰਸ਼ ਸਕੂਲ ਤਾਂ ਜੰਮਦਿਆਂ ਹੀ ਗੋਡੇ ਟੇਕ ਗਏ ਪਰ ਸਮਾਰਟ ਸਕੂਲਾਂ ਬਾਰੇ ਫ਼ੈਸਲਾ ਆਉਣ ਵਾਲਾ ਵਕਤ ਹੀ ਕਰੇਗਾ। ਕਰਜ਼ਾ ਦੋਹਾਂ ਦੇ ਸਮੇਂ ਚੜ੍ਹਿਆ ਸੀ। ਕਾਂਗਰਸ ਆਖਦੀ ਹੈ ਕਿ ਸਾਡਾ ਤਰੀਕਾ ਸਹੀ ਹੈ ਅਤੇ ਅਕਾਲੀ ਅਜੇ ਵੀ ਅਪਣਾ ਤਰੀਕਾ ਠੀਕ ਮੰਨਦੇ ਹਨ। ਅਕਾਲੀ ਸਰਕਾਰ ਮੁਫ਼ਤ ਦਾਲ, ਆਟਾ ਦੇ ਕੇ ਅਪਣੇ ਕਰਜ਼ੇ ਨੂੰ ਸਹੀ ਠਹਿਰਾਂਦੀ ਸੀ ਪਰ ਹੁਣ ਦੀ ਸਰਕਾਰ, ਮੁਫ਼ਤਖ਼ੋਰੀਆਂ ਵਾਲੇ ਪਾਸੇ ਪੈਣ ਦੀ ਬਜਾਏ ਗ਼ਰੀਬ ਤੋਂ ਗ਼ਰੀਬ ਨਾਗਰਿਕ ਨੂੰ ਵੀ ਅਪਣੇ ਪੈਰਾਂ ਉਤੇ ਖੜਾ ਕਰ ਕੇ ਉਨ੍ਹਾਂ ਅੰਦਰ ਘੱਟੋ ਘੱਟ 10 ਹਜ਼ਾਰ ਦੀ ਕਮਾਈ ਕਰਨ ਦੀ ਕਾਬਲੀਅਤ ਪੈਦਾ ਕਰਨ ਵਲ ਧਿਆਨ ਦੇਣਾ ਚਾਹੁੰਦੀ ਹੈ।

ਕਰਜ਼ੇ ਅਤੇ ਆਰਥਕਤਾ ਦੀਆਂ ਬਾਰੀਕੀਆਂ, ਆਮ ਲੋਕਾਂ ਨੂੰ ਸਮਝ ਨਹੀਂ ਆਉਂਦੀਆਂ। ਕਰਜ਼ਾ ਕਿਹੜੇ ਖ਼ਰਚੇ ਵਾਸਤੇ ਵਰਤਣਾ ਹੈ, ਜੇ ਇਸ ਦੀ ਸਮਝ ਹੁੰਦੀ ਤਾਂ ਕਿਉਂ ਪੰਜਾਬ ਦੇ ਗ਼ਰੀਬ ਕਿਸਾਨ, ਮਹਿੰਗਾ ਕਰਜ਼ ਲੈ ਕੇ ਗੱਡੀਆਂ, ਟਰੈਕਟਰਾਂ ਅਤੇ ਵਿਖਾਵੇ ਦੇ ਕੰਮਾਂ ਤੇ ਖ਼ਰਚਦੇ? ਸਮਝਦਾਰੀ ਨਾਲ ਵਿੱਤ ਵਿਭਾਗ ਨੂੰ ਚਲਾਉਣ ਦੀ ਜਾਚ ਵੀ ਕਿਸੇ ਕਿਸੇ ਨੂੰ ਹੀ ਆਉਂਦੀ ਹੈ। ਕਾਂਗਰਸ ਨੂੰ ਪੰਜਾਬ ਦਾ ਸਾਥ ਚੰਗੇ ਸ਼ਾਸਨ ਦੀ ਉਮੀਦ ਵਿਚ ਨਹੀਂ, ਪਿਛਲੀ ਸਰਕਾਰ ਵੇਲੇ ਕੁੱਝ ਭਾਵਨਾਵਾਂ ਤੇ ਸੱਟ ਮਾਰਨ ਬਦਲੇ ਮਿਲਿਆ ਸੀ। ਵੱਡੇ ਬਾਦਲ ਆਖ ਗਏ ਹਨ ਕਿ ਅਕਾਲੀ ਦਲ ਨੂੰ ਬਰਗਾੜੀ ਕਾਂਡ ਦਾ ਨੁਕਸਾਨ ਨਹੀਂ ਹੋਇਆ ਬਲਕਿ ਇਕ ਹੋਰ ਕਾਰਨ ਕਰ ਕੇ ਇਸ ਦਾ ਨੁਕਸਾਨ ਹੋਇਆ ਜਿਸ ਬਾਰੇ ਉਹ ਕੁੱਝ ਨਹੀਂ ਕਹਿਣਾ ਚਾਹੁੰਦੇ।

ਨਾ ਕਹਿੰਦੇ ਹੋਏ ਵੀ ਉਨ੍ਹਾਂ ਆਖ ਦਿਤਾ ਕਿ ਉਨ੍ਹਾਂ ਨੂੰ ਨਸ਼ਾ ਤਸਕਰੀ ਦੇ ਇਲਜ਼ਾਮਾਂ ਅਤੇ ਉਨ੍ਹਾਂ ਦੇ ਪਾਰਟੀ ਦੇ ਵੱਡੇ ਆਗੂਆਂ ਦੀ ਇਸ ਵਿਚ ਕਥਿਤ ਸ਼ਮੂਲੀਅਤ ਮਾਰ ਗਈ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਆਖ ਰਹੇ ਹਨ ਕਿ ਬਰਗਾੜੀ ਦਾ ਫ਼ਾਇਦਾ ਕਾਂਗਰਸ ਨੂੰ ਹੋਇਆ ਹੈ ਅਤੇ ਨੁਕਸਾਨ ਅਕਾਲੀ ਦਲ ਨੂੰ ਹੋਇਆ। ਦੋਹਾਂ ਦਾ ਕਹਿਣਾ ਠੀਕ ਹੈ। ਨਸ਼ਾ ਤਸਕਰੀ ਦੇ ਇਲਜ਼ਾਮ ਅਤੇ ਬਰਗਾੜੀ ਵਿਚ ਜਨਰਲ ਡਾਇਰ ਵਾਂਗ ਗੋਲੀਆਂ ਚਲਾਉਣਾ ਅਕਾਲੀ ਅਕਸ ਨੂੰ ਤਬਾਹ ਕਰ ਕੇ ਰੱਖ ਗਏ। ਭਾਵਨਾਵਾਂ ਦਾ ਮੁੱਦਾ ਹੈ ਤੇ ਆਖਿਆ ਨਹੀਂ ਜਾ ਸਕਦਾ ਕਿ ਕਿੰਨਾ ਅਸਰ ਹੋਇਆ ਸੀ ਪਰ ਅਸਲ ਹਾਰ ਦਾ ਕਾਰਨ ਇਹੀ ਦੋਵੇਂ ਮੁੱਦੇ ਸਨ। ਅੱਜ ਤਕ ਕਿਉਂਕਿ ਬਰਗਾੜੀ ਦਾ ਸੱਚ ਸਾਹਮਣੇ ਨਹੀਂ ਆਇਆ, ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਨਸ਼ੇ ਤੇ ਰੋਕ ਨਹੀਂ ਲੱਗ ਸਕੀ, ਇਸ ਲਈ ਕਾਂਗਰਸ ਉਸੇ ਥਾਂ ਤੇ ਖੜੀ ਹੈ

ਜਿਥੇ ਅਕਾਲੀ ਦਲ ਚਾਰ ਸਾਲ ਪਹਿਲਾਂ ਖੜਾ ਸੀ। ਸੁਖਬੀਰ ਸਿੰਘ ਬਾਦਲ ਨੇ ਬਰਗਾੜੀ ਦੀ ਸਾਜ਼ਸ਼ ਕਾਂਗਰਸੀਆਂ ਦੇ ਮੱਥੇ ਮੜ੍ਹ ਕੇ, ਅਪਣੇ ਆਪ ਨੂੰ ਬਰੀ ਕਰ ਦਿਤਾ ਹੈ ਅਤੇ ਉਨ੍ਹਾਂ ਪੀੜਤਾਂ ਦੇ ਇਕ ਦੋ ਪ੍ਰਵਾਰਾਂ ਵਲੋਂ ਵੀ ਕਾਂਗਰਸੀਆਂ ਨੂੰ ਮਗਰੋਂ ਦੀਆਂ ਕਾਰਵਾਈਆਂ ਲਈ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਨਸ਼ੇ ਦੇ ਕਾਰੋਬਾਰ ਵਿਚ ਵੀ ਹੁਣ ਕਾਂਗਰਸੀ ਆਗੂਆਂ ਦਾ ਨਾਂ ਵੱਜਣ ਲੱਗ ਪਿਆ ਹੈ। ਬਿਪਰਫ਼ੀਨ ਦੀਆਂ 500 ਕਰੋੜ ਦੀਆਂ ਗੋਲੀਆਂ ਦੀ ਤਸਕਰੀ ਸਿਹਤ ਮੰਤਰੀ ਦੇ ਮੱਥੇ ਤੇ ਮੜ੍ਹੀ ਜਾ ਰਹੀ ਹੈ। ਅੱਜ ਤੋਂ ਬਾਅਦ ਕਾਂਗਰਸ ਇਨ੍ਹਾਂ ਇਲਜ਼ਾਮਾਂ ਤੇ ਕੀ ਰੁਖ਼ ਅਪਣਾਉਂਦੀ ਹੈ, ਉਹ ਤੈਅ ਕਰੇਗਾ ਕਿ ਆਉਣ ਵਾਲੇ ਦੋ ਸਾਲਾਂ ਵਿਚ ਕਾਂਗਰਸ ਲੋਕਾਂ ਦਾ ਵਿਸ਼ਵਾਸ ਮੁੜ ਤੋਂ ਜਿੱਤ ਸਕੇਗੀ ਜਾਂ ਅਕਾਲੀਆਂ ਵਾਲੇ ਰਾਹ ਪੈਣ ਦਾ ਫ਼ੈਸਲਾ ਹੀ ਲਵੇਗੀ।

ਪੰਜਾਬ ਦੇ ਲੋਕ ਬੜੇ ਤਾਕਤਵਰ ਕਿਰਦਾਰ ਦੇ ਮਾਲਕ ਤਾਂ ਹਨ ਹੀ ਪਰ ਨਾਲ ਨਾਲ ਬੜੇ ਭਾਵੁਕ ਕਿਸਮ ਦੇ ਲੋਕ ਵੀ ਹਨ। ਲੱਖ ਗ਼ਲਤੀਆਂ ਤੇ ਚੋਰੀਆਂ ਮਾਫ਼ ਕਰ ਦੇਂਦੇ ਹਨ, ਦੁਸ਼ਮਣਾਂ ਨਾਲ ਵੀ ਚੰਗਾ ਕਰਨ ਦੀ ਤਾਕਤ ਹੈ ਪਰ ਕੁੱਝ ਗੱਲਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਇਹ ਕਦੇ ਮਾਫ਼ ਨਹੀਂ ਕਰਦੇ। ਨਾ ਅਪਣੇ ਗੁਰੂ ਦੀ ਬੇਅਦਬੀ ਭੁੱਲਣ ਵਾਲੇ ਹਨ ਅਤੇ ਨਾ ਹੀ ਨਸ਼ਾ ਤਸਕਰੀ ਨੂੰ ਉਤਸ਼ਾਹਤ ਕਰ ਕੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲਿਆਂ ਨੂੰ ਮਾਫ਼ ਕਰਨ ਵਾਲੇ ਹਨ। ਕਾਂਗਰਸ ਸਰਕਾਰ ਦੇ ਲੱਖਾਂ ਚੰਗੇ ਕੰਮ ਇਨ੍ਹਾਂ ਦੋ ਮਾਮਲਿਆਂ ਨੂੰ ਲੈ ਕੇ ਅਪਣਾਈ ਗਈ ਢਿਲ ਮੱਠ ਦੇ ਸਾਹਮਣੇ ਫਿੱਕੇ ਪੈ ਜਾਣਗੇ।  -ਨਿਮਰਤ ਕੌਰ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।