ਕੋੋਰੋਨਾ ਵਾਇਰਸ ਦੇ ਜ਼ਰੀਏ ਢੱਡਰੀਆਂਵਾਲੇ ਨੇ ਲਈ ਸਭ ਦੀ ਕਲਾਸ

ਏਜੰਸੀ

ਖ਼ਬਰਾਂ, ਪੰਜਾਬ

ਕੋਰੋਨਾ ਵਾਇਰਸ ਦੀ ਬੀਮਾਰੀ ਤੋਂ ਪੀੜਤਾਂ ਨੂੰ ਵਖਰੇ ਰੱਖਣ ਲਈ ਪ੍ਰਮੇਸ਼ਰ ਦੁਆਰ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ...

Ranjit Singh Dhadrian Wale

ਸੰਗਰੂਰ:  ਗੁਰਦਵਾਰਾ ਪ੍ਰਮੇਸ਼ਰ ਦੁਆਰ ਸਾਹਿਬ ਦੇ ਪ੍ਰਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਖ਼ਾਲਸਾ ਢੱਡਰੀਆਂ ਵਾਲਿਆਂ ਨੇ ਇਕ ਵੀਡੀਉ ਜਾਰੀ ਕਰਦਿਆਂ ਦੁਨੀਆਂ ਵਿਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਜਿਸ ਨਾਲ ਵੱਡੀ ਗਿਣਤੀ ਵਿਚ ਵੱਖ-ਵੱਖ ਦੇਸ਼ਾਂ ਵਿਚ ਲੋਕ ਮੌਤ ਦਾ ਸ਼ਿਕਾਰ ਹੋ ਰਹੇ ਹਨ, ਪ੍ਰੰਤੂ ਸਾਡੇ ਧਾਰਮਕ ਸਥਾਨਾਂ ਤੇ ਅਰਬਾਂ ਰੁਪਏ ਚੜ੍ਹਾਵਾ ਲਿਆ ਜਾਂਦਾ ਹੈ।

 ਇਹ ਕਿਹਾ ਜਾਂਦਾ ਹੈ ਕਿ ਦਾਨ ਕਰਨ ਨਾਲ 10 ਗੁਣਾ ਇਥੇ ਅਤੇ 70 ਗੁਣਾ ਅੱਗੇ ਮਿਲਦਾ ਹੈ। ਇਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਮਨੁੱਖ ਅਪਣੀਆਂ ਜ਼ਮੀਨਾਂ, ਕੋਠੀਆਂ ਅਤੇ ਰੁਪਈਆ, ਗਹਿਣੇ ਦਾਨ ਕਰਨ ਲਗਿਆਂ ਇਕ ਵਾਰ ਵੀ ਨਹੀਂ ਸੋਚਦਾ ਫਿਰ ਇਹ ਬੀਮਾਰੀ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਕਿਉਂ ਸੁਟਿਆ ਜਾ ਰਿਹਾ ਹੈ? ਇੰਨਾ ਦਾਨ ਪੁੰਨ ਕਰਨ ਦੇ ਬਾਵਜੂਦ ਵੀ ਮਨੁੱਖ ਕਦੋਂ ਮੌਤ ਦਾ ਸ਼ਿਕਾਰ ਹੋ ਜਾਵੇ ਇਹ ਕਿਸੇ ਨੂੰ ਨਹੀਂ ਪਤਾ।

ਅੱਜ ਲੋੜ ਪੈਣ 'ਤੇ ਗਿਆਨ ਵਿਚੋਂ ਨਿਕਲਿਆ ਵਿਗਿਆਨ ਹੀ ਕੰਮ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਮੋਟਾ ਪੈਸਾ ਚੜ੍ਹਾਵੇ ਵਿਚ ਲਿਆ ਹੈ ਅੱਜ ਉਹ ਲੋਕਾਂ ਨੂੰ ਧਾਰਮਕ ਸਥਾਨਾਂ 'ਤੇ ਨਾ ਆਉਣ ਲਈ ਕਹਿ ਰਹੇ ਹਨ। ਉਨ੍ਹਾਂ ਆਖਿਆ ਕਿ ਕੁਦਰਤ ਨਾਲ ਖਿਲਵਾੜ ਕਰਨ ਦਾ ਨਤੀਜਾ ਦੁਨੀਆਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਝੂਠੇ ਦਾਅਵੇ ਕਰਨ ਵਾਲਿਆਂ ਦੇ ਹਮੇਸ਼ਾ ਵਿਰੁਧ ਰਹੇ ਹਨ।

ਭਾਈ ਰਣਜੀਤ ਸਿੰਘ ਨੇ ਦਸਿਆ ਕਿ ਜਿਹੜੇ ਧਾਰਮਕ ਸਥਾਨਾਂ ਤੇ ਦੁੱਖ ਕੱਟਣ ਦੀਆਂ ਗੱਲਾਂ ਹੁੰਦੀਆਂ ਸਨ ਅੱਜ ਉਥੇ ਲਿਖ ਕੇ ਪਰਚੇ ਲਗਾਏ ਹੋਏ ਹਨ ਕਿ ਇਥੇ ਹੱਥ ਨਹੀਂ ਲਗਾਉਣਾ, ਉਥੇ ਹੱਥ ਨਹੀਂ ਲਗਾਉਣਾ ਕਿਉਂਕਿ ਤੁਹਾਡੀ ਬੀਮਾਰੀ ਕਿਤੇ ਸਾਡੇ 'ਤੇ ਹੀ ਨਾ ਲੱਗ ਜਾਵੇ। ਜਿਹੜੇ ਧਾਰਮਕ ਸਥਾਨਾਂ 'ਤੇ ਕਿਸੇ ਸਮੇਂ ਬੀਮਾਰੀਆਂ ਦੂਰ ਕਰਨ ਦੀਆਂ ਗੱਲਾਂ ਹੁੰਦੀਆਂ ਸਨ ਅੱਜ ਉਨ੍ਹਾਂ ਨੂੰ ਖ਼ੁਦ ਬੀਮਾਰੀਆਂ ਲੱਗਣ ਦਾ ਡਰ ਸਤਾ ਰਿਹਾ ਹੈ।

ਉਨ੍ਹਾਂ ਦਸਿਆ ਕਿ ਜਿਹੜੇ ਧਾਰਮਕ ਸਥਾਨ ਤੁਹਾਡੇ ਕਿਸੇ ਦਿਨ ਦੁੱਖ ਤੋੜਦੇ ਸਨ ਅੱਜ ਜੇਕਰ ਤੁਸੀਂ ਉਨ੍ਹਾਂ ਕੋਲ ਜਾਣ ਦੀ ਗੱਲ ਕਰੋਗੇ ਤਾਂ ਉਹ ਤੁਹਾਨੂੰ ਅੰਦਰ ਦਾਖ਼ਲ ਹੋਣ ਤੋਂ ਵੀ ਰੋਕਣਗੇ। ਉਨ੍ਹਾਂ ਕਿਹਾ ਕਿ ਜਿਹੜੇ ਜੋਤਸ਼ੀ ਦਸਦੇ ਸਨ ਕਿ ਆਉਣ ਵਾਲਾ ਸਮਾਂ ਕਿਹੋ ਜਿਹੇ ਆਵੇਗਾ ਉਨ੍ਹਾਂ ਇਕ ਦੋ ਮਹੀਨੇ ਪਹਿਲਾਂ ਇਹ ਕਿਉਂ ਨਹੀਂ ਦਸਿਆ ਕਿ ਕੋਰੋਨਾ ਵਾਇਰਸ ਆ ਰਿਹਾ ਹੈ? ਇਸ ਬੀਮਾਰੀ ਨਾਲ ਲੱਖਾਂ ਲੋਕ ਪੀੜਤ ਹਨ ਪ੍ਰੰਤੂ ਜੋਤਸ਼ੀਆਂ ਦੇ ਸੱਭ ਦਾਅਵੇ ਝੂਠੇ ਨਿਕਲੇ ਹਨ।

ਭਾਈ ਸਾਹਿਬ ਨੇ ਅਖ਼ੀਰ ਵਿਚ ਆਖਿਆ ਕਿ ਜੇਕਰ ਅੱਜ ਆਮ ਮਨੁੱਖ ਨੇ ਮੂੰਹ ਢਕਿਆ ਹੈ ਤਾਂ ਬਾਬਿਆਂ ਨੇ ਵੀ ਢਕਿਆ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ ਸਿਹਤ ਮੰਤਰਾਲੇ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਜੇਕਰ ਆਉਣ ਵਾਲੇ ਸਮੇਂ ਵਿਚ ਬੀਮਾਰੀ ਵਧਣ ਦੀ ਸੰਭਾਵਨਾ ਹੈ ਤਾਂ ਗੁਰਦੁਆਰਾ ਪ੍ਰਮੇਸ਼ਰ ਦੁਆਰ ਸਾਹਿਬ ਵਿਖੇ 100 ਬੈੱਡ ਵਾਲਾ ਹਾਲ ਤਿਆਰ ਹੈ।

 ਗੁਰਦੁਆਰਾ ਸਾਹਿਬ ਵਲੋਂ ਰਹਿਣ, ਸਹਿਣ ਅਤੇ ਖਾਣ ਲਈ ਪੂਰਾ ਪ੍ਰਬੰਧ ਕੀਤਾ ਜਾਵੇਗਾ। ਹੋਰ ਵੀ ਹਰ ਤਰ੍ਹਾਂ ਦੀ ਮਦਦ ਲਈ ਗੁਰਦੁਆਰਾ ਪ੍ਰਮੇਸ਼ਰ ਦੁਆਰ ਦੀਆਂ ਸੰਗਤਾਂ ਤਿਆਰ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।