ਅੱਜ ਦਾ ਪੁਜਾਰੀ ਮਨੁੱਖ ਨੂੰ ਗ਼ੁਲਾਮ ਬਣਾ ਕੇ ਰਖਣਾ ਚਾਹੁੰਦੈ : ਭਾਈ ਰਣਜੀਤ ਸਿੰਘ ਖ਼ਾਲਸਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਉਨ੍ਹਾਂ ਆਖਿਆ ਕਿ ਜਦੋਂ ਸਾਡੇ ਗੁਰੂਆਂ ਦਾ ਮਜ਼ਾਕ ਬਣਾਇਆ ਜਾਂਦਾ ਹੈ ਤਾਂ ਸਾਡੇ ਵੀ ਹਿਰਦੇ ਵਲੂੰਧਰੇ ਜਾਂਦੇ ਹਨ।

Photo

ਸੰਗਰੂਰ : ਗੁਰਦੁਆਰਾ ਪ੍ਰਮੇਸ਼ਰ ਦੁਆਰ ਸਾਹਿਬ ਵਿਖੇ ਭਾਈ ਰਣਜੀਤ ਸਿੰਘ ਖ਼ਾਲਸਾ ਵਲੋਂ ਸਟੇਜਾਂ ਬੰਦ ਕਰਨ ਤੋਂ ਬਾਅਦ ਲਗਾਏ ਦੀਵਾਨ ਵਿਚ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁੱਝ ਲੋਕ ਕਹਿੰਦੇ ਹਨ ਕਿ ਗੁਰੂ ਕਰਾਮਾਤਾਂ ਕਰਦੇ ਸਨ ਪਰੰਤੂ ਅਸੀਂ ਮੰਨਦੇ ਹਾਂ ਕਿ ਗੁਰੂਆਂ ਦਾ ਜੀਵਨ ਹੀ ਕਰਾਮਾਤ ਸੀ।

ਉਨ੍ਹਾਂ ਦਾ ਹਰ ਪਲ, ਬੜਕ, ਉਨ੍ਹਾਂ ਦਾ ਤਵੀਆਂ ਤੇ ਬਹਿਣਾ ਅਤੇ ਦੇਗਾਂ ਵਿਚ ਸੜਨਾ ਵੀ ਕਰਾਮਾਤ ਸੀ। ਗੁਰੂ ਜੀ ਜਾਦੂਗਰਾਂ ਵਾਲੀਆਂ ਕਰਾਮਾਤਾਂ ਨਹੀਂ ਸਨ ਦਿਖਾਉਂਦੇ ਉਹ ਤਾਂ ਆਪ ਖ਼ੁਦ ਕਰਾਮਾਤਾਂ ਹੀ ਸਨ। ਭਾਈ ਰਣਜੀਤ ਸਿੰਘ ਖ਼ਾਲਸਾ ਨੇ ਆਖਿਆ ਕਿ ਬਾਬਿਆਂ ਦੀਆਂ ਗੱਪਾਂ ਕਾਰਨ ਸਾਡੇ ਗੁਰੂਆਂ ਦਾ ਮਜ਼ਾਕ ਉਡਾਇਆ ਜਾਂਦਾ ਹੈ।

ਉਨ੍ਹਾਂ ਆਖਿਆ ਕਿ ਜਦੋਂ ਸਾਡੇ ਗੁਰੂਆਂ ਦਾ ਮਜ਼ਾਕ ਬਣਾਇਆ ਜਾਂਦਾ ਹੈ ਤਾਂ ਸਾਡੇ ਵੀ ਹਿਰਦੇ ਵਲੂੰਧਰੇ ਜਾਂਦੇ ਹਨ। ਉਨ੍ਹਾਂ ਆਖਿਆ ਕਿ ਮਨੁੱਖ ਬਹੁਤ ਵੱਡੀ ਸ਼ਕਤੀ ਹੈ, ਉਹ ਜੋ ਕੁੱਝ ਵੀ ਚਾਹੇ ਕਰ ਸਕਦਾ ਹੈ। ਉਨ੍ਹਾਂ ਆਖਿਆ ਕਿ ਮਨੁੱਖ ਨੂੰ ਰੱਬ ਨਾਲ ਪਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਰੱਬ ਬੰਦੇ ਦੇ ਅੰਦਰ ਹੈ ਇਸ ਲਈ ਮਨੁੱਖ ਨੂੰ ਅਪਣੇ ਆਪ ਨਾਲ ਪਿਆਰ ਕਰਨਾ ਚਾਹੀਦਾ ਹੈ।

ਭਾਈ ਰਣਜੀਤ ਸਿੰਘ ਨੇ ਮੌਜੂਦਾ ਹਾਲਾਤ ਦੀ ਗੱਲ ਕਰਦਿਆਂ ਆਖਿਆ ਕਿ ਜਿਹੜੇ ਫੂਕਾਂ ਅਤੇ ਗਲਵੱਕੜੀਆਂ ਪਾ ਕੇ ਮਰੀਜ਼ਾਂ ਨੂੰ ਠੀਕ ਕਰਦੇ ਹਨ, ਹੁਣ ਉਹ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਦੁੱਖ ਦੂਰ ਕਰਨ ਲਈ ਹੰਭਲਾ ਮਾਰਨ। ਉਨ੍ਹਾਂ ਆਖਿਆ ਕਿ ਸਾਡੇ ਲੋਕ ਪੈਂਟ-ਸ਼ਰਟ ਪਾ ਕੇ ਬਕਰਾ ਵੱਢਣ ਵਾਲੇ ਨੂੰ ਕਸਾਈ ਅਤੇ ਚੋਲਾ ਪਾ ਕੇ ਬੱਕਰਾ ਵੱਢਣ ਵਾਲੇ ਨੂੰ ਬਲੀ ਦੇਣ ਵਾਲਾ ਸਮਝਦਾ ਹੈ, ਉਸੇ ਤਰ੍ਹਾਂ ਭੰਗ ਘੋਟਣ ਵਾਲੇ ਨੂੰ ਨਸ਼ਈ ਅਤੇ ਚੋਲੇ ਵਿਚ ਭੰਗ ਘੋਟਣ ਵਾਲੇ ਨੂੰ ਕਹਿੰਦੇ ਹਨ ਕਿ ਪ੍ਰਸ਼ਾਦ ਬਣਾ ਰਿਹਾ ਹੈ।

ਇਨ੍ਹਾਂ ਗੱਲਾਂ ਨੂੰ ਸਮਝਣ ਦੀ ਲੋੜ ਹੈ। ਉਨ੍ਹਾਂ ਆਮ ਕਪੜਿਆਂ ਅਤੇ ਭਗਵੇਂ ਜਾਂ ਚੋਲੇ ਵਾਲੇ ਕਪੜਿਆਂ ਵਿਚ ਵੱਜ ਰਹੀਆਂ ਠੱਗੀਆਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਦਸਿਆ ਕਿ ਸਾਨੂੰ ਨਕਲੀ ਨਿਰੰਕਾਰੀ ਦੱਸਣ ਵਾਲਿਆਂ ਨੂੰ ਅਸੀਂ ਦਸਣਾ ਚਾਹੁੰਦੇ ਹਾਂ ਕਿ ਹੁਣ ਤਕ ਪ੍ਰੇਸ਼ਰ ਦੁਆਰ ਸਾਹਿਬ ਵਿਖੇ 8 ਲੱਖ ਦੇ ਕਰੀਬ ਸਿੰਘਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ। ਸਾਨੂੰ ਨਕਲੀ ਨਿਰੰਕਾਰੀ ਦਸਣ ਵਾਲਿਆਂ ਨੂੰ ਇਹ ਵੀ ਨਹੀਂ ਪਤਾ ਲਗਿਆ ਕਿ ਨਿਰੰਕੀਆਂ ਨੇ ਕਦੋਂ ਬਰਨਾਲਾ ਸਮਾਗਮ ਕੀਤਾ ਅਤੇ ਕਰ ਕੇ ਚਲੇ ਗਏ।

ਉਨ੍ਹਾਂ ਰੋਸ ਜਤਾਇਆ ਕਿ ਕੁੱਝ ਦਿਨ ਪਹਿਲਾਂ ਇਕ ਧਾਰਮਕ ਸਟੇਜ ਤੋਂ ਗੀਤ ਗਾਇਆ ਗਿਆ ਕਿ ''ਸੱਚੇ ਪਾਤਿਸ਼ਾਹ ਵਾਹਿਗੁਰੂ ਜਾਣੇ ਕੀ ਬਣੂਗਾ ਅਮਲੀਆਂ ਦਾ'' ਅਤੇ ਮਾਤਾ ਗੁਜਰੀ ਨੂੰ ਉਜੜੀ ਕਹਿ ਦੇਵੇ, ਸਰਸੇ ਵਾਲੇ ਨੂੰ 90-90 ਲੱਖ ਰੁਪਏ ਦੇ ਇਸ਼ਤਿਹਾਰ ਦੇ ਕੇ ਮਾਫ਼ ਕੀਤਾ ਗਿਆ ਅਤੇ ਫਿਰ ਵੀ ਕੋਈ ਪੰਜ ਮੈਂਬਰੀ ਕਮੇਟੀ ਨਹੀਂ ਬਣਾਈ ਗਈ ਪਰੰਤੂ ਸਾਡੇ ਵਰਗੇ ਮਾੜੀ ਜਿਹੀ ਗੱਲ ਕਰਦੇ ਹਨ ਉਦੋਂ ਹੀ ਨਿਰੰਕਾਰੀਆ ਅਤੇ ਪੰਜ ਕਮੇਟੀ ਕਮੇਟੀ ਥੋਪ ਦਿਤੀ ਜਾਂਦੀ ਹੈ।

ਉਨ੍ਹਾਂ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਅਤੇ ਭਗਤ ਕਬੀਰ ਜੀ ਨਾਲ ਵੀ ਧੱਕਾ ਕੀਤਾ ਗਿਆ ਪਰ ਉਹੀ ਹਾਲਾਤ ਹੁਣ ਸਾਡੇ ਨਾਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਵਾਰ-ਵਾਰ ਚੈਨਲਾਂ ਤੇ ਬਹਿ ਕੇ ਆਪੋ ਅਪਣੇ ਵਿਚਾਰ ਰੱਖਣ ਲਈ ਤਿਆਰ ਹਾਂ ਤਾਂ ਫਿਰ 'ਜਥੇਦਾਰ' ਨੂੰ ਕਿਸ ਗੱਲ ਦਾ ਖ਼ਤਰਾ ਹੈ?

ਭਾਈ ਰਣਜੀਤ ਸਿੰਘ ਖ਼ਾਲਸਾ ਨੇ ਦਸਿਆ ਕਿ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਅਜਿਹੀਆਂ ਵੀਡੀਓਜ਼ ਆ ਰਹੀਆਂ ਹਨ ਕਿ ਜਿਨ੍ਹਾਂ ਦਾ ਸਾਡੇ ਨਾਲ ਕੋਈ ਤਾਲਮੇਲ ਹੀ ਨਹੀਂ ਜਿਵੇਂ ਕਿ ਪ੍ਰਮੇਸ਼ਰ ਦੁਆਰ ਸਾਹਿਬ ਵਿਖੇ ਦਲਜੀਤ ਦੁਸਾਂਝ, ਸੰਨੀ ਦਿਉਲ ਵਰਗੇ ਹੀਰੋ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਦੇ ਹੱਕ ਵਿਚ ਆਏ। ਇਸ ਵੀਡੀਉ 'ਤੇ 1000 ਵਿਅਕਤੀਆਂ ਨੇ ਕੁਮੈਂਟ ਕੀਤੇ ਜਿਸ ਵਿਚੋਂ 900 ਨੇ ਲਾਈਕ ਅਤੇ 100 ਨੇ ਅਨਲਾਈਕ ਕੀਤਾ ਜਿਸ ਤੋਂ ਪਤਾ ਚਲਦਾ ਹੈ ਕਿ ਲੋਕ ਕਿਵੇਂ ਅਜਿਹੀਆ ਝੂਠੀਆਂ ਗੱਲਾਂ ਤੇ ਯਕੀਨ ਕਰਦੇ ਹਨ।

ਪਰ ਜਦੋਂ 100-200 ਸਾਲ ਪਹਿਲਾਂ ਬਾਬਿਆਂ ਨੇ ਲੋਕਾਂ ਨੂੰ ਪਾਖੰਡ ਭਰੀਆਂ ਝੂਠੀਆਂ ਕਹਾਣੀਆਂ ਸੁਣਾਈਆਂ ਤਾਂ ਸੁਭਾਵਕ ਹੈ ਕਿ ਲੋਕਾਂ ਨੂੰ ਯਕੀਨ ਕਰਨ ਵਿਚ ਬਹੁਤੀ ਦੇਰ ਨਹੀਂ ਲੱਗਦੀ ਹੋਵੇਗੀ। ਉਨ੍ਹਾਂ ਆਖਿਆ ਕਿ ਉਨ੍ਹਾਂ ਜਿਥੇ ਵੀ ਦੀਵਾਨ ਲਗਾਏ ਹਨ ਇਹੀ ਐਲਾਨ ਕੀਤਾ ਕਿ ਸਾਇਦ ਇਹ ਆਖ਼ਰੀ ਦੀਵਾਨ ਹੋਣ, ਪਰੰਤੂ ਅੱਜ ਉਨ੍ਹਾਂ ਇਹ ਵੀ ਕਹਿ ਦਿਤਾ ਕਿ ਹੋ ਸਕਦਾ ਹੈ ਪ੍ਰਮੇਸ਼ਰ ਦੁਆਰ ਸਾਹਿਬ ਦੀ ਸਟੇਜ ਵੀ ਨਾ ਲੱਗਣ ਦਿਤੀ ਜਾਵੇ।

ਉਨ੍ਹਾਂ ਬਾਬਾ ਦਾਦੂਵਾਲ ਦੇ ਉਸ ਬਿਆਨ ਦੀ ਵੀ ਸਖ਼ਤ ਨਿਖੇਧੀ ਕੀਤੀ ਜਿਸ ਵਿਚ ਉਸ ਨੇ ਕਿਹਾ ਕਿ ਢਡਰੀਆਂ ਵਾਲਿਆਂ ਦੇ ਦੀਵਾਨ ਪ੍ਰਮੇਸ਼ਰ ਦੁਆਰ ਵਿਚ ਵੀ ਨਹੀਂ ਲੱਗਣ ਦੇਣਗੇ ਅਤੇ ਯੂ ਟਿਊਬ ਤੇ ਪ੍ਰਚਾਰ ਨਹੀਂ ਹੋਣ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘਾਂ ਦਾ ਅਕਾਲ ਤਖ਼ਤ ਸਾਹਿਬ ਤੋਂ ਇਹ ਕਹਿਣਾ ਕਿ ਜਿਹੜਾ ਨਹੀਂ ਆਵੇਗਾ ਉਸ ਨੂੰ ਚੁੱਕ ਕੇ ਇਥੇ ਲਿਆਂਦਾ ਜਾਵੇਗਾ, ਇਹ ਗੱਲ ਸੱਚ ਵੀ ਹੋ ਸਕਦੀ ਹੈ। ਉਨ੍ਹਾਂ ਆਖਿਆ ਕਿ ਜਿਸ ਦਾਦੂਵਾਲ ਦੇ ਆਨੰਦ ਕਾਰਜਾਂ ਤੇ ਬਿਆਸ ਵਾਲਾ ਬਾਬਾ ਆਵੇ ਉਸ ਵਿਅਕਤੀ ਦੀ ਕਿੰਨੀ ਪਹੁੰਚ ਹੋਵੇਗੀ ਸੋਚ ਵੀ ਨਹੀਂ ਸਕਦੇ। ਉਨ੍ਹਾਂ ਆਖਿਆ ਕਿ ਭਾਵੇਂ ਸਾਡਾ ਸੱਭ ਕੁੱਝ ਚਲਾ ਜਾਵੇ ਪਰ ਸੰਗਤ ਅਪਣੀ ਸੋਚ ਕਾਇਮ ਰੱਖੇ।