ਬਠਿੰਡਾ ਦਾ ਕੋਰੋਨਾ ਮੁਕਤ ਹੋਣਾ ਵੱਡੀ ਪ੍ਰਾਪਤੀ, ਬਠਿੰਡਾ ਨੂੰ ਗਰੀਨ ਜ਼ੋਨ ਐਲਾਨਿਆ
ਹੁਣ ਤੱਕ ਇਥੇ ਕੀਤੇ 106 ਟੈਸਟ ਦੀ ਰਿਪੋਰਟ ਨੈਗਟਿਵ ਆਈ ਹੈ। ਇੱਕ ਰਿਪੋਰਟ ਆਉਣੀ ਬਾਕੀ ਹੈ
ਚੰਡੀਗੜ੍ਹ- ਕੋਰੋਨਾ ਵਾਇਰਸ ਨੇ ਪੰਜਾਬ ਵਿਚ ਵੀ ਲਗਾਤਾਰ ਤਬਾਹੀ ਮਚਾਈ ਹੋਈ ਹੈ ਹੁਣ ਤੱਕ ਪੰਜਾਬ ਵਿਚ ਦਰਜਨ ਤੋਂ ਵੱਧ ਜਾਨਾਂ ਲੈ ਚੁੱਕੇ ਇਸ ਚੀਨੀ ਵਾਇਰਸ ਦੇ ਪ੍ਰਕੋਪ ਤੋਂ ਬਠਿੰਡਾ ਜਿਲ੍ਹਾ ਸੁਰੱਖਿਅਤ ਹੈ। ਇਸ ਕਰਕੇ ਕੇਂਦਰ ਸਰਕਾਰ ਵੱਲੋਂ ਬਠਿੰਡਾ ਨੂੰ ਗਰੀਨ ਜ਼ੋਨ ਐਲਾਨ ਕੀਤਾ ਗਿਆ ਹੈ। ਬਠਿੰਡਾ ਜਿਲ੍ਹੇ ਤੋਂ ਕੋਰੋਨਾ ਕੋਹਾਂ ਦੂਰ ਹੈ। ਬਠਿੰਡਾ ਜਿਲ੍ਹੇ ਨੂੰ ਗਰੀਨ ਜ਼ੋਨ ਵਿਚ ਰੱਖਿਆ ਗਿਆ।
ਹੁਣ ਤੱਕ ਇਥੇ ਕੀਤੇ 106 ਟੈਸਟ ਦੀ ਰਿਪੋਰਟ ਨੈਗਟਿਵ ਆਈ ਹੈ। ਇੱਕ ਰਿਪੋਰਟ ਆਉਣੀ ਬਾਕੀ ਹੈ। ਡਿਪਟੀ ਕਮਿਸ਼ਨਰ ਬੀ. ਸ੍ਰੀ ਨਿਵਾਸਨ ਦੇ ਮੁਤਾਬਿਕ ਸਾਰੇ ਲੋਕਾਂ ਦੀ ਸਖ਼ਤ ਮਿਹਨਤ, ਪੁਲਿਸ ਤੇ ਡਾਕਟਰਾਂ ਦੀ ਸਹਾਇਤਾ ਕਰਕੇ ਇਹ ਗਰੀਨ ਜ਼ੋਨ ਬਣਿਆ ਹੈ ਪਰ ਹੁਣ ਬਠਿੰਡਾ ਨੂੰ ਗਰੀਨ ਜੋਨ ਬਣਾਈ ਰੱਖਣਾ ਉਸ ਤੋਂ ਵੀ ਵੱਡੀ ਚੁਣੌਤੀ ਹੈ। ਦਿਨ ਰਾਤ ਸਖ਼ਤ ਡਿਊਟੀ ਨਿਭਾ ਰਹੀ ਪੁਲਿਸ ਦਾ ਵੀ ਬਠਿੰਡਾ ਨੂੰ ਕੋਰੋਨਾ ਮੁਕਤ ਰੱਖਣ ਵਿਚ ਵੱਡਾ ਯੋਗਦਾਨ ਹੈ।
ਬਠਿੰਡਾ ਦੇ ਐਸਐਸਪੀ ਨਾਨਕ ਸਿੰਘ ਮੁਤਾਬਿਕ ਕੋਰੋਨਾ ਦੀ ਪੰਜਾਬ ਐਂਟਰੀ ਤੋਂ ਪਹਿਲਾਂ ਹੀ ਉਹਨਾਂ ਨੇ ਬਠਿੰਡਾ ਦੇ ਨਾਲ ਲੱਗਦੇ ਸਾਰੇ ਜ਼ਿਲ੍ਹਿਆਂ ਤੇ ਗੁਆਂਢੀ ਸੂਬਿਆਂ ਦੇ ਬਾਰਡਰ ਸੀਲ ਕਰ ਦਿੱਤੇ ਸਨ। ਬਠਿੰਡਾ ਨਾਲ ਲੱਗਦੇ ਮਾਨਸਾ, ਮੁਕਤਸਰ, ਬਰਨਾਲਾ ,ਫ਼ਰੀਦਕੋਟ ਵਿਚ ਕੋਰੋਨਾ ਦੇ ਕਈ ਮਰੀਜ਼ ਆ ਚੁੱਕੇ ਹਨ, ਅਜਿਹੇ ਵਿਚ ਕਰੀਬ 3 ਲੱਖ ਦੀ ਆਬਦੀ ਦੇ ਬਾਵਜੂਦ ਬਠਿੰਡਾ ਦਾ ਕੋਰੋਨਾ ਮੁਕਤ ਹੋਣਾ ਵੱਡੀ ਪ੍ਰਾਪਤੀ ਹੈ। ਪ੍ਰਸਾਸ਼ਨ ਵੱਲੋਂ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਸਿਹਤ ਮੰਤਰਾਲੇ ਨੇ ਸਖ਼ਤ ਗਾਈਡਲਾਈਨ ਜਾਰੀ ਕੀਤੀਆਂ ਸਨ ਕਿ ਹੁਣ ਪੂਰੇ ਦੇਸ਼ ਦੇ ਸਾਰੇ ਜ਼ਿਲ੍ਹਿਆਂ ਨੂੰ ਤਿੰਨ ਜ਼ੋਨਾਂ ਵਿਚ ਵੰਡਿਆ ਜਾਵੇਗਾ।