ਸ਼ਾਹਕੋਟ 'ਚ 'ਆਪ' ਦਾ ਸਕਰੀਨਿੰਗ ਕਮੇਟੀ ਮੈਂਬਰ ਬਲਜੀਤ ਮੱਲ੍ਹੀ ਕਾਂਗਰਸ 'ਚ ਸ਼ਾਮਲ
ਪੰਜਾਬ ਵਿਚ ਇਸ ਸਮੇਂ ਸ਼ਾਹਕੋਟ ਜ਼ਿਮਨੀ ਚੋਣ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਚੋਣ ਤੋਂ ਪਹਿਲਾਂ ਹੀ ਵੱਖ-ਵੱਖ ਸਿਆਸੀ ਪਾਰਟੀਆਂ ...
ਸ਼ਾਹਕੋਟ : ਪੰਜਾਬ ਵਿਚ ਇਸ ਸਮੇਂ ਸ਼ਾਹਕੋਟ ਜ਼ਿਮਨੀ ਚੋਣ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਚੋਣ ਤੋਂ ਪਹਿਲਾਂ ਹੀ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਆਪੋ-ਅਪਣੀ ਜਿੱਤ ਨੂੰ ਯਕੀਨੀ ਕਰਨ ਲਈ ਜੋੜ-ਤੋੜ ਦੀ ਰਾਜਨੀਤੀ ਖੇਡੀ ਜਾ ਰਹੀ ਹੈ।
ਹੁਣ ਆਮ ਆਦਮੀ ਪਾਰਟੀ (ਆਪ) ਦੀ ਸਕਰੀਨਿੰਗ ਕਮੇਟੀ ਦੇ ਮੈਂਬਰ ਅਤੇ ਸ਼ਾਹਕੋਟ ਤੋਂ ਸੀਨੀਅਰ ਨੇਤਾ ਬਲਜੀਤ ਮੱਲੀ ਨੇ ਰਾਣਾ ਗੁਰਜੀਤ ਸਿੰਘ ਅਤੇ ਹਿਮਾਂਸ਼ੂ ਪਾਠਕ ਦੀ ਹਾਜ਼ਰੀ ਵਿਚ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ।
ਇਸ ਮੌਕੇ ਉਨ੍ਹਾਂ ਦੇ ਨਾਲ ਸੈਂਕੜੇ ਸਮਰਥਕਾਂ ਅਤੇ ਵਲੰਟੀਅਰ ਵੀ ਕਾਂਗਰਸ ਵਿਚ ਸ਼ਾਮਲ ਹੋ ਗਏ। ਇਹ ਸ਼ਾਹਕੋਟ ਵਿਚ ਆਮ ਆਦਮੀ ਪਾਰਟੀ ਲਈ ਵੱਡਾ ਝਟਕਾ ਹੈ। ਇਸ ਤੋਂ ਪਹਿਲਾਂ ਜੋੜ-ਤੋੜ ਦੀ ਸਿਆਸਤ ਦੇ ਚਲਦਿਆਂ ਇੱਥੇ ਕਾਂਗਰਸ ਨੂੰ ਵੀ ਵੱਡਾ ਝਟਕਾ ਲੱਗ ਚੁੱਕਿਆ ਹੈ। ਕਾਂਗਰਸ ਦੇ ਸੀਨੀਅਰ ਆਗੂ ਬਰਿੱਜ ਭੁਪਿੰਦਰ ਸਿੰਘ ਲਾਲੀ (ਕੰਗ) ਪਾਰਟੀ ਦਾ ਸਾਥ ਛੱਡ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਸਨ।
ਦਸ ਦਈਏ ਕਿ ਮਰਹੂਮ ਅਕਾਲੀ ਦਲ ਦੇ ਵਿਧਾਇਕ ਅਜੀਤ ਸਿੰਘ ਕੁਹਾੜ ਦੀ ਮੌਤ ਤੋਂ ਬਾਅਦ ਸ਼ਾਹਕੋਟ ਹਲਕਾ ਦੀ ਖਾਲੀ ਹੋਈ ਸੀਟ ਲਈ ਚੋਣਾਂ 28 ਮਈ ਨੂੰ ਹਨ ਅਤੇ 31 ਮਈ ਨੂੰ ਨਤੀਜ਼ੇ ਐਲਾਨੇ ਜਾਣੇ ਹਨ। ਇਸ ਵੇਲੇ ਪੰਜਾਬ ਦੀਆਂ ਤਿੰਨ ਵੱਡੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਕਰ ਦਿੱਤੇ ਹਨ। ਤਿੰਨੋਂ ਪਾਰਟੀਆਂ ਆਪਣੀ ਜਿੱਤੇ ਦੇ ਦਾਅਵੇ ਕਰ ਰਹੀਆਂ ਹਨ।
ਕਾਂਗਰਸ ਵੱਲੋਂ ਐਲਾਨ ਉਮੀਦਵਾਰ ਹਰਦੇਵ ਸਿੰਘ ਲਾਡੀ ਦਾ ਕਥਿਤ ਮਾਈਨਿੰਗ ਮਾਫੀਆ ਦਾ ਸਟਿੰਗ ਸਾਹਮਣੇ ਆਉਣ ਕਾਰਨ ਤੇ ਇਸ ਮਾਮਲੇ ਵਿਚ ਪਰਚਾ ਦਰਜ ਹੋਣ ਕਾਰਨ ਕਾਂਗਰਸ ਲਈ ਇਹ ਸੀਟ 'ਤੇ ਜਿੱਤ ਹਾਸਲ ਕਰਨਾ ਵੱਡੀ ਚੁਣੌਤੀ ਬਣ ਗਈ ਹੈ।
ਖਾਸ ਕਰਕੇ ਜਦੋਂ ਸੱਤਾ ਵਿਚ ਆਉਣ ਨੂੰ ਇਕ ਸਾਲ ਤੋਂ ਉੱਪਰ ਹੋ ਚੁੱਕਿਆ ਹੋਵੇ ਤੇ ਪਿਛਲੇ ਪੰਜ ਸਾਲ ਤੋਂ ਲ਼ਗਾਤਾਰ ਅਕਾਲੀ ਦਲ ਇਸ ਸੀਟ 'ਤੇ ਜਿੱਤ ਦਰਜ ਕਰ ਰਿਹਾ ਹੈ ਪਰ ਇਸ ਵਾਰ ਦੇਖਣਾ ਹੋਵੇਗਾ ਕਿ ਇਹ ਸੀਟ ਕਿਸ ਪਾਰਟੀ ਦੇ ਖ਼ਾਤੇ ਜਾਂਦੀ ਹੈ।