ਪੰਜਾਬ 'ਚ 'ਹੋਇਆ ਤਾਂ ਹੋਇਆ' ਤੋਂ ਜ਼ਿਆਦਾ ਹਾਵੀ ਹੈ ਪਵਿੱਤਰ ਗ੍ਰੰਥ ਦੀ ਬੇਅਦਬੀ ਦਾ ਮੁੱਦਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਾਂ ਵਿਚ ਹਾਲੇ ਵੀ ਪਾਈ ਜਾ ਰਹੀ ਭਾਰੀ ਰੋਸ ਦੀ ਲਹਿਰ

Desecration is the Most Important Topic in Punjab

ਪੰਜਾਬ- ਪੰਜਾਬ ਵਿਚ ਵਿਰੋਧੀ ਨੇਤਾ ਭਾਵੇਂ ਕਾਂਗਰਸੀ ਨੇਤਾ ਸੈਮ ਪਿਤਰੋਦਾ ਦੇ 84 ਨੂੰ ਲੈ ਕੇ ਦਿੱਤੇ ਬਿਆਨ 'ਹੋਇਆ ਤਾਂ ਹੋਇਆ' ਨੂੰ ਲੈ ਕੇ ਕਾਂਗਰਸ ਨੂੰ ਘੇਰਨ ਦਾ ਯਤਨ ਕਰ ਰਹੇ ਹਨ ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਚੋਣਾਂ ਵਿਚ ਇਸ ਤੋਂ ਕਿਤੇ ਜ਼ਿਆਦਾ ਹਾਵੀ ਹੈ। ਪੰਜਾਬ ਦੇ ਲੋਕ ਅਜੇ ਵੀ ਅਕਤੂਬਰ 2015 ਦੇ ਉਸ ਦਿਨ ਨੂੰ ਭੁੱਲ ਨਹੀਂ ਸਕੇ ਜਦੋਂ ਬਰਗਾੜੀ ਵਿਚ ਸਿੱਖਾਂ ਦੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੰਦਭਾਗਾ ਮਾਮਲਾ ਸਾਹਮਣੇ ਆਇਆ ਸੀ।

ਇਸ ਘਟਨਾ ਤੋਂ ਬਾਅਦ ਪੈਦਾ ਹੋਏ ਸਿੱਖ ਸੰਘਰਸ਼ ਦੌਰਾਨ ਪੁਲਿਸ ਗੋਲੀਬਾਰੀ ਵਿਚ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ। ਫਰੀਦਕੋਟ ਲੋਕ ਸਭਾ ਵਿਚ ਆਉਣ ਵਾਲਾ ਬਰਗਾੜੀ ਪਿੰਡ ਬਠਿੰਡਾ ਤੋਂ ਜ਼ਿਆਦਾ ਦੂਰ ਨਹੀਂ ਇਹ ਖੇਤਰ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਹੈ। ਬੇਅਦਬੀ ਦੀ ਘਟਨਾ ਦੇ ਸਮੇਂ ਸੂਬੇ ਵਿਚ ਅਕਾਲੀਆਂ ਦੀ ਹੀ ਸਰਕਾਰ ਸੀ। ਜਿਨ੍ਹਾਂ ਨੂੰ ਅਜੇ ਤਕ ਉਸ ਘਟਨਾ ਤੋਂ ਬਾਅਦ ਪਣਪੀ ਹਿੰਸਾ ਅਤੇ ਦੋ ਸਿੱਖ ਨੌਜਵਾਨਾਂ ਦੀ ਮੌਤ ਦੀ ਕੀਮਤ ਚੁਕਾਉਣੀ ਪੈ ਰਹੀ ਹੈ। ਕਾਂਗਰਸ ਸਰਕਾਰ ਅਕਾਲੀਆਂ ਪ੍ਰਤੀ ਜਨਤਾ ਦੇ ਇਸੇ ਗੁੱਸੇ ਦਾ ਫ਼ਾਇਦਾ ਲੈਣ ਦੀ ਕੋਸ਼ਿਸ਼ ਵਿਚ ਹਨ।

ਪੰਜਾਬ ਦੇ ਮਾਝਾ, ਮਾਲਵਾ ਅਤੇ ਦੁਆਬਾ ਖੇਤਰਾਂ ਵਿਚ ਹਾਲੇ ਵੀ ਅਕਾਲੀ ਦਲ ਦੇ ਪ੍ਰਤੀ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਇਸ ਦੀ ਵਜ੍ਹਾ ਬਾਦਲ ਪਰਿਵਾਰ ਦਾ ਪਰਿਵਾਰਵਾਦ ਅਤੇ ਡਰੱਗ ਨਾਲ ਲੜਨ ਵਿਚ ਸਰਕਾਰ ਦੀ ਨਾਕਾਮੀ ਹੈ ਹਾਲਾਂਕਿ ਸਥਿਤੀਆਂ ਕਾਂਗਰਸ ਲਈ ਵੀ ਇੰਨੀਆਂ ਆਸਾਨ ਨਹੀਂ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਕੁੱਝ ਨੀਤੀਆਂ ਅਤੇ ਵਾਅਦਿਆਂ ਦਾ ਅਸਰ ਹੁੰਦਾ ਦੇਖ ਅਜੇ ਲੋਕ ਉਨ੍ਹਾਂ ਨੂੰ ਹੋਰ ਮੌਕਾ ਦਿੱਤੇ ਜਾਣ ਦੇ ਪੱਖ ਵਿਚ ਜਾਪਦੇ ਹਨ। ਅਕਾਲੀ ਦੀ ਭਾਈਵਾਲ ਭਾਜਪਾ ਪੰਜਾਬ ਵਿਚ 3 ਸੀਟਾਂ 'ਤੇ ਚੋਣ ਲੜ ਰਹੀ ਹੈ ਬਾਕੀ 'ਤੇ ਗਠਜੋੜ ਦੇ ਸਹਿਯੋਗੀ ਅਕਾਲੀ ਦਲ ਦੇ ਉਮੀਦਵਾਰ ਹਨ।

ਪੰਜਾਬ ਵਿਚ ਮੋਦੀ ਫੈਕਟਰ ਕਿਧਰੇ ਵੀ ਨਜ਼ਰ ਨਹੀਂ ਆਉਂਦਾ। ਭਾਜਪਾ ਦੇ ਚੋਣ ਪੋਸਟਰਾਂ ਵਿਚ ਵੀ ਸਥਾਨਕ ਨੇਤਾਵਾਂ ਦੀ ਮੌਜੂਦਗੀ ਦਿਸਦੀ ਹੈ ਅਤੇ ਮੁੱਦੇ ਵੀ ਸਥਾਨਕ ਹੁੰਦੇ ਹਨ। ਸਰਹੱਦੀ ਰਾਜ ਹੋਣ ਦੇ ਬਾਵਜੂਦ ਇੱਥੇ ਰਾਸ਼ਟਰਵਾਦ ਦਾ ਖ਼ਾਸ ਰੋਲ ਨਜ਼ਰ ਨਹੀਂ ਆ ਰਿਹਾ। ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਕੁੱਝ ਖੇਤਰਾਂ ਨੂੰ ਛੱਡ ਕੇ 'ਪਾਕਿਸਤਾਨ ਕਾਰਡ' ਦਾ ਖ਼ਾਸ ਮਹੱਤਵ ਨਹੀਂ ਹੈ। ਸਥਾਨਕ ਲੋਕ ਵੀ ਮੋਦੀ ਸਰਕਾਰ ਤੋਂ ਜ਼ਿਆਦਾ ਸੰਤੁਸ਼ਟ ਨਜ਼ਰ ਨਹੀਂ ਆਉਂਦੇ।

ਉਨ੍ਹਾਂ ਨੂੰ ਬਾਲਾਕੋਟ ਸਟ੍ਰਾਈਕ ਤੋਂ ਜ਼ਿਆਦਾ ਮਤਲਬ ਬੱਚਿਆਂ ਦੀ ਬਿਹਤਰ ਸਕੂਲੀ ਪੜ੍ਹਾਈ ਨਾਲ ਹੈ। ਦਸ ਦਈਏ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਸੱਤਵੇਂ ਅਤੇ ਆਖਰੀ ਪੜਾਅ ਤਹਿਤ 19 ਮਈ ਨੂੰ ਵੋਟਿੰਗ ਹੋਣੀ ਹੈ। ਜਿਸ ਵਿਚ ਬੇਅਦਬੀਆਂ ਨੂੰ ਲੈ ਕੇ ਲੋਕਾਂ ਦਾ ਗੁੱਸਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਸਿੱਖ ਆਪਣੀ ਬੇਇੱਜ਼ਤੀ ਤਾਂ ਬਰਦਾਸ਼ਤ ਕਰ ਸਕਦੇ ਹਨ ਪਰ ਗੁਰੂ ਦੀ ਨਹੀਂ ਇਸ ਲਈ ਜ਼ਿਆਦਾਤਰ ਲੋਕ ਕਿਸੇ ਪਾਰਟੀ ਨੂੰ ਵੋਟ ਪਾਉਣ ਦੀ ਬਜਾਏ ਇਸ ਵਾਰ 'ਨੋਟਾ' ਦਾ ਬਟਨ ਦਬਾ ਕੇ ਵੀ ਅਪਣਾ ਗੁੱਸਾ ਕੱਢ ਸਕਦੇ ਹਨ।