ਭਲਕੇ ਹੋਵੇਗਾ 13 ਲੋਕ ਸਭਾ ਸੀਟਾਂ 'ਤੇ ਮੁਕਾਬਲਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ, ਪਟਿਆਲਾ, ਫਿਰੋਜ਼ਪੁਰ ਤੇ ਗੁਰਦਾਸਪੁਰ ਵਿਚ ਤਕੜੀ ਟੱਕਰ 

The contest will be held in 13 Lok Sabha seats tomorrow

ਆਮ ਚੋਣਾਂ ਵਿਚ ਸਿਰਫ ਅੱਜ ਦਾ ਦਿਨ ਰਹਿ ਗਿਆ ਹੈ ਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਦੌਰਾਨ ਸੂਬੇ ਦੀਆਂ ਸਾਰੀਆਂ ਯਾਨੀਕਿ 13 ਦੀਆਂ 13 ਸੀਟਾਂ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ, ਪਰ ਇਨ੍ਹਾਂ ਚੋਣਾਂ ਦੌਰਾਨ ਕੀਤੇ ਗਏ ਵਿਸ਼ਲੇਸ਼ਣ ਤੋਂ ਇਹ ਗੱਲ ਤਾ ਸਾਫ ਹੈ ਕਿ ਕੋਈ ਵੀ ਪਾਰਟੀ ਸੂਬੇ ਦੀਆਂ ਸਾਰੀਆਂ ਸੀਟਾਂ ਨਹੀਂ ਜਿੱਤ ਪਾ ਰਹੀ। ਭਲਕੇ ਨੂੰ ਹੋਣ ਜਾ ਰਹੀਆਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੀ ਚੋਣ 'ਚੋ 4 ਸੀਟਾਂ ਦੀ ਚੋਣ ਬੇਹੱਦ ਦਿਲਚਸਪ ਮੰਨੀ ਜਾ ਰਹੀ ਹੈ।

ਕਰੜੇ ਮੁਕਾਬਲੇ ਵਾਲੀਆਂ ਇਨ੍ਹਾਂ 4 ਸੀਟਾਂ ਵਿਚ ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ ਅਤੇ ਪਟਿਆਲਾ ਸ਼ਾਮਿਲ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਕਾਲੀਆਂ ਦਾ ਗੜ੍ਹ ਮੰਨੀਆਂ ਜਾਂਦੀਆਂ ਬਠਿੰਡਾ ਤੇ ਫਿਰੋਜ਼ਪੁਰ ਦੀਆਂ ਸੀਟਾਂ ਦੀ। ਫਿਰੋਜ਼ਪੁਰ ਵਿਚ ਜਿਥੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਮੈਦਾਨ ਵਿਚ ਉਤਰੇ ਹਨ ਉਥੇ ਹੀ ਦੂਜੇ ਪਾਸੇ ਅਕਾਲੀ ਦਲ ਦੀ ਟਿਕਟ ਤੋਂ ਫਿਰੋਜ਼ਪੁਰ ਦੇ ਐੱਮ ਪੀ ਬਣਨ ਵਾਲੇ ਸ਼ੇਰ ਸਿੰਘ ਘੁਬਾਇਆ ਕਾਂਗਰਸ ਵੱਲੋਂ ਸੁਖਬੀਰ ਨੂੰ ਟੱਕਰ ਦੇ ਰਹੇ ਹਨ। 

ਇਹ ਹਲਕਾ ਅਕਾਲੀਆਂ ਦਾ ਮੰਨਿਆ ਜਾਂਦਾ ਹੈ ਤੇ ਘੁਬਾਇਆ ਨੇ ਇਥੋਂ ਹਮੇਸ਼ਾ ਸ਼ਾਨਦਾਰ ਜਿੱਤ ਹਾਸਿਲ ਕੀਤਾ ਹੈ, ਪਰ ਹੁਣ ਘੁਬਾਇਆ ਕਾਂਗਰਸ ਦੇ ਖਿਡਾਰੀ ਹਨ ਤੇ ਸੁਖਬੀਰ ਅਕਾਲੀ ਦਲ ਦੀ ਸੀਟ ਨੂੰ ਬਚਾਉਣ ਲਈ ਮੈਦਾਨ ਵਿੱਚ ਉਤਰੇ ਹਨ। ਇਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਅਕਾਲੀਆਂ ਦੀ ਦੂਜੀ ਸੀਟ ਬਠਿੰਡਾ ਦੀ ਜੋ ਇਸ ਵਾਰ ਅਕਾਲੀਆਂ ਦੇ ਹੱਥੋਂ ਜਾਂਦੀ ਦਿਖਾਈ ਦੇ ਰਹੀ ਹੈ।

ਬਠਿੰਡਾ ਦੀ ਸੀਟ ਤੋਂ ਅਕਾਲੀ ਭਾਜਪਾ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਵਿਚ ਕਾਂਗਰਸ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ , ਆਪ ਤੋਂ ਬੀਬੀ ਬਲਜਿੰਦਰ ਕੌਰ ਤੇ PDA ਤੋਂ ਸੁਖਪਾਲ ਸਿੰਘ ਖਹਿਰਾ ਮੈਦਾਨ ਵਿਚ ਡਟੇ ਹੋਏ ਹਨ। ਇਸ ਸੀਟ ਦੇ ਸਮੀਕਰਨ ਦੱਸਦੇ ਹਨ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਅਕਾਲੀਆਂ ਦੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਤਕੜੀ ਟੱਕਰ ਦਿਤੀ ਹੈ ਤੇ ਮੌਜੂਦਾ ਐਮ ਪੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਸੀਟ ਖੁਸਦੀ ਨਜ਼ਰ ਆ ਰਹੀ ਹੈ। 

ਹੁਣ ਰੁੱਖ ਕਰਦੇ ਹਾਂ ਕਾਂਗਰਸੀਆਂ ਦਾ ਗੜ੍ਹ ਕਹੀ ਜਾਂਦੀ ਸੀਟ ਪਟਿਆਲਾ ਦੀ, ਖੈਰ ਇਹ ਸੀਟ ਪਿਛਲੀਆਂ ਚੋਣਾਂ ਦੌਰਾਨ ਕਾਂਗਰਸੀਆਂ ਦੇ ਹੱਥੋਂ ਨਿਕਲ ਗਈ ਸੀ ਪਰ ਹੁਣ ਦੋਬਾਰਾ ਕਾਂਗਰਸ ਇਸ ਸੀਟ 'ਤੇ ਵਾਪਸੀ ਕਰਦੀ ਨਜ਼ਰ ਆ ਰਹੀ ਹੈ। ਖੈਰ ਇਸ ਵਾਰ ਵੀ ਪਟਿਆਲਾ ਦੀ ਸੀਟ ਤੋਂ ਕਾਂਗਰਸ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੂੰ ਪਟਿਆਲਾ ਦੇ ਮੌਜੂਦਾ ਸੰਸਦ ਮੈਂਬਰ ਤੇ PDA ਦੇ ਡਾਕਟਰ ਧਰਮਵੀਰ ਗਾਂਧੀ ਜ਼ਬਰਦਸਤ ਮੁਕਾਬਲਾ ਦੇ ਰਹੇ ਹਨ।

ਇਸ ਤੋਂ ਬਾਅਦ ਨੰਬਰ ਆਉਂਦਾ ਹੈ ਗੁਰਦਾਸਪੁਰ ਹਲਕੇ ਦਾ ਜਿਥੇ ਜ਼ਿਮਨੀ ਚੋਣ ਜਿੱਤ ਐੱਮ ਪੀ ਬਣਨ ਵਾਲੇ ਕਾਂਗਰਸ ਦੇ ਸੁਨੀਲ ਜਾਖੜ ਅਤੇ ਅਕਾਲੀ ਭਾਜਪਾ ਵੱਲੋਂ ਬਾਲੀਵੁਡ ਤੋਂ ਲਿਆਂਦੇ ਗਏ ਸਨੀ ਦਿਓਲ ਮੈਦਾਨ ਵਿਚ ਉਤਰੇ ਹੋਏ ਹਨ। ਸਨੀ ਦਿਓਲ ਨੂੰ ਬੇਸ਼ੱਕ ਸਿਆਸਤ ਬਾਰੇ ਕੁਝ ਨਹੀਂ ਪਤਾ ਪਰ ਉਨ੍ਹਾਂ ਦੀ ਪ੍ਰਸਿੱਧੀ ਸੁਨੀਲ ਜਾਖੜ ਨੂੰ ਖਤਰੇ ਵਿਚ ਪਾ ਰਹੀ ਹੈ। ਸੋ ਹੁਣ ਦੇਖਣਾ ਇਹ ਹੈ ਕਿ ਇਨ੍ਹਾਂ 4 ਸੀਟਾਂ ਵਿਚ ਲੋਕ ਕਿਸ 'ਤੇ ਵਿਸ਼ਵਾਸ ਜਤਾਉਂਦੇ ਹਨ ਤੇ ਕੌਣ ਸੰਸਦ ਵਿਚ ਜਾ ਕੇ ਲੋਕਾਂ ਦੀ ਆਵਾਜ਼ ਬਣਦਾ ਹੈ।