ਪ੍ਰਗਟ ਸਿੰਘ ਨੂੰ ਮਿਲੀ ਧਮਕੀ ‘ਤੇ ਬੋਲੇ ਸਿੱਧੂ, ‘ਜੋ ਵੀ ਸੱਚ ਬੋਲਦਾ, ਉਹ ਤੁਹਾਡਾ ਦੁਸ਼ਮਣ ਬਣ ਜਾਂਦਾ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਪ੍ਰੈੱਸ ਕਾਨਫਰੰਸ ਵਿਚ ਦਾਅਵਾ ਕੀਤਾ ਕਿ ਉਹਨਾਂ ਨੂੰ ਮੁੱਖ ਮੰਤਰੀ ਦੇ ਸਲਾਹਕਾਰ ਵੱਲੋਂ ਧਮਕਾਇਆ ਜਾ ਰਿਹਾ ਹੈ।

Pargat Singh and Navjot Sidhhu

ਚੰਡੀਗੜ੍ਹ: ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਪ੍ਰੈੱਸ ਕਾਨਫਰੰਸ ਵਿਚ ਦਾਅਵਾ ਕੀਤਾ ਕਿ ਉਹਨਾਂ ਨੂੰ ਮੁੱਖ ਮੰਤਰੀ ਦੇ ਸਲਾਹਕਾਰ ਵੱਲੋਂ ਧਮਕਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਕਾਂਗਰਸ ਆਗੂ ਨਵਜੋਤ ਸਿੱਧੂ ਪ੍ਰਗਟ ਸਿੰਘ ਦੇ ਸਮਰਥਨ ਵਿਚ ਆਏ ਹਨ। ਨਵਜੋਤ ਸਿੱਧੂ ਨੇ ਕਿਹਾ ਕਿ ਜੋ ਵੀ ਸੱਚ ਬੋਲਦਾ ਹੈ, ਉਹ ਤੁਹਾਡਾ ਦੁਸ਼ਮਣ ਬਣ ਜਾਂਦਾ ਹੈ। ਇਸ ਕਰਕੇ, ਤੁਸੀਂ ਆਪਣੇ ਪਾਰਟੀ ਮੈਂਬਰਾ ਨੂੰ ਧਮਕਾ ਕੇ ਆਪਣਾ ਭੈਅ ਅਤੇ ਅਸੁਰੱਖਿਆ ਦਾ ਪ੍ਰਗਟਾਵਾ ਕਰ ਰਹੇ ਹੋ।

ਸਿੱਧੂ ਨੇ ਟਵੀਟ ਕੀਤਾ, ‘ਮੰਤਰੀ, ਵਿਧਾਇਕ ਤੇ ਮੈਂਬਰ ਪਾਰਲੀਮੈਂਟ ਲੋਕਾਂ ਦੀ ਆਵਾਜ਼ ਉਠਾ ਕੇ ਆਪਣੀ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਨ, ਉਹ ਆਪਣਾ ਸੰਵਿਧਾਨਕ ਅਧਿਕਾਰ ਵਰਤਦਿਆਂ ਆਪਣੇ ਜ਼ਮਹੂਰੀ ਫ਼ਰਜ ਅਦਾ ਕਰ ਰਹੇ ਹਨ।... ਪਰ ਜੋ ਵੀ ਸੱਚ ਬੋਲਦਾ ਹੈ, ਉਹ ਤੁਹਾਡਾ ਦੁਸ਼ਮਣ ਬਣ ਜਾਂਦਾ ਹੈ। ਇਸ ਕਰਕੇ, ਤੁਸੀਂ ਆਪਣੇ ਪਾਰਟੀ ਮੈਂਬਰਾ ਨੂੰ ਧਮਕਾ ਕੇ ਆਪਣਾ ਭੈਅ ਅਤੇ ਅਸੁਰੱਖਿਆ ਦਾ ਪ੍ਰਗਟਾਵਾ ਕਰ ਰਹੇ ਹੋ’।

ਇਸ ਦੇ ਨਾਲ ਉਹਨਾਂ ਨੇ ਪ੍ਰਗਟ ਸਿੰਘ ਦੀ ਵੀਡੀਓ ਵੀ ਸ਼ੇਅਰ ਕੀਤੀ, ਜਿਸ ਵਿਚ ਉਹ ਕਹਿ ਰਹੇ ਹਨ ਕਿ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੈਨੂੰ ਅਪਣੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਤੋਂ ਫ਼ੋਨ ਕਰਵਾ ਕੇ ਧਮਕੀ ਦਿਤੀ ਗਈ ਹੈ। ਉਹਨਾਂ ਕਿਹਾ ਕਿ ਵੀਰਵਾਰ ਰਾਤ ਨੂੰ ਕੈਪਟਨ ਸੰਧੂ ਦਾ ਫ਼ੋਨ ਆਇਆ, ਜਿਨ੍ਹਾਂ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਦਾ ਸੁਨੇਹਾ ਦੇਣਾ ਚਾਹੁੰਦੇ ਹਨ। ਉਸ ਨੇ ਕਿਹਾ ਆਪ ਦੀਆਂ ਬਹੁਤ ਲਿਸਟਾਂ ਇਕੱਠੀਆਂ ਕਰ ਲਈਆਂ ਗਈਆਂ ਹਨ ਤੇ ਹੁਣ ਤੈਨੂੰ ਠੋਕਣਾ ਹੈ।

ਪ੍ਰਗਟ ਸਿੰਘ  ਨੇ ਕਿਹਾ ਕਿ ਉਸ ਨੇ ਤਿੰਨ ਵਾਰ ਸੰਧੂ ਨੂੰ ਪੁਛਿਆ ਕਿ ਸਚਮੁੱਚ ਇਹ ਕੈਪਟਨ ਸਾਹਿਬ ਨੇ ਕਿਹਾ ਹੈ ਤਾਂ ਉਹਨਾਂ ਹਾਂ ਕਹੀ। ਪ੍ਰਗਟ ਸਿੰਘ ਨੇ ਕਿਹਾ ਕਿ ਬੜਾ ਅਫ਼ਸੋਸ ਹੈ ਕਿ ਕੈਪਟਨ ਸਾਹਿਬ ਅਸਲੀ ਮੁੱਦੇ ਛੱਡ ਕੇ ਕਿੱਧਰ ਨੂੰ ਤੁਰ ਪਏ ਹਨ? ਜਦੋਂ ਪੰਜਾਬ ਤੇ ਦੇਸ਼ ਕੋਵਿਡ ਮਹਾਂਮਾਰੀ ਦੇ ਭਿਆਨਕ ਸੰਕਟ ਨਾਲ ਜੂਝ ਰਿਹਾ ਹੋਵੇ। ਪ੍ਰਗਟ ਸਿੰਘ ਨੇ ਸਪੱਸ਼ਟ ਐਲਾਨ ਕੀਤਾ ਕਿ ਜੇ ਉਹ ਸੱਚ ਬੋਲਣ ਲਈ ਹਰ ਸਜ਼ਾ ਭੁਗਤਣ ਲਈ ਤਿਆਰ ਹਨ।

ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਦਾ ਕਹਿਣਾ ਹੈ ਕਿ ਪ੍ਰਗਟ ਸਿੰਘ ਨੂੰ ਧਮਕੀ ਦੇਣ ਵਾਲੀ ਕੋਈ ਗੱਲ ਨਹੀਂ ਤੇ ਨਾ ਹੀ ਅਜਿਹਾ ਕੋਈ ਫ਼ੋਨ ਕੀਤਾ ਹੈ। ਉਹਨਾਂ ਕਿਹਾ ਕਿ ਪ੍ਰਗਟ ਨਾਲ ਅਕਸਰ ਫ਼ੋਨ ’ਤੇ ਗੱਲਬਾਤ ਹੁੰਦੀ ਰਹਿੰਦੀ ਹੈ ਅਤੇ ਆਪਸੀ ਸਲਾਹ-ਮਸ਼ਵਰੇ ਹੁੰਦੇ ਹਨ। ਮੁੱਖ ਮੰਤਰੀ ਦੇ ਸੁਨੇਹੇ ਵਾਲੇ ਧਮਕੀ ਵਾਲੇ ਫ਼ੋਨ ਦੀ ਗੱਲ ਠੀਕ ਨਹੀਂ।