ਨਵਜੋਤ ਸਿੱਧੂ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ ’ਤੇ ਬੋਲੇ ਬਾਜਵਾ, ‘ਖੁਸ਼ੀ ਹੁੰਦੀ ਜੇ ਇਹੀ ਕਾਰਵਾਈ...'
ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ
ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਅਤੇ ਉਸ ਦੇ ਕਰੀਬੀਆਂ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ ’ਤੇ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਉਹਨਾਂ ਕਿਹਾ ਕਿ ਜੇ ਇਹੀ ਕਾਰਵਾਈ ਬਾਦਲਾਂ ਖ਼ਿਲਾਫ਼ ਕੀਤੀ ਹੁੰਦੀ ਤਾਂ ਪੰਜਾਬੀਆਂ ਨੂੰ ਖੁਸ਼ੀ ਹੁੰਦੀ।
ਉਹਨਾਂ ਟਵੀਟ ਕੀਤਾ, ‘ਪੰਜਾਬੀਆਂ ਨੂੰ ਖ਼ੁਸ਼ੀ ਹੁੰਦੀ ਜੇਕਰ ਵਿਜੀਲੈਂਸ ਦੀ ਇਹ ਕਾਰਵਾਈ 2007 ਤੋਂ 2017 ਤੱਕ ਬਾਦਲਾਂ ਖ਼ਿਲਾਫ ਹੁੰਦੀ। ਨਵਜੋਤ ਸਿੰਘ ਸਿੱਧੂ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਇਹ ਕਦਮ ਗਲਤ ਹੈ। ਇਹ ਗਲਤ ਸਹਿਯੋਗੀਆਂ ਵੱਲੋਂ ਗਲਤ ਸਮੇਂ ਦਿੱਤੀ ਗਈ ਸਲਾਹ ਹੈ ਜੋ ਕਾਂਗਰਸ ਦੇ ਹਿੱਤ ਵਿਚ ਨਹੀਂ’।
ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਚਲ ਰਹੀ ਖੁਲ੍ਹੀ ਜੰਗ ’ਚ ਉਸ ਸਮੇਂ ਨਵਾਂ ਮੋੜ ਆਇਆ, ਜਦੋਂ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਨਵਜੋਤ ਸਿੱਧੂ ਦੇ ਨੇੜਲਿਆਂ ਖਾਸਮ-ਖਾਸ ਲੋਕਾਂ ਵਿਰੁਧ ਕਾਰਵਾਈ ਸ਼ੁਰੂ ਕਰ ਦਿਤੀ ਗਈ।
ਮਿਲੀ ਜਾਣਕਾਰੀ ਮੁਤਾਬਕ ਵਿਜੀਲੈਂਸ ਅਧਿਕਾਰੀ ਨਵਜੋਤ ਸਿੱਧੂ ਦੇ ਮੰਤਰੀ ਰਹਿਣ ਸਮੇਂ ਉਹਨਾਂ ਨਾਲ ਰਹੇ ਨੇੜਲੇ ਕੁੱਝ ਵਿਅਕਤੀਆਂ ਤੋਂ ਇਲਾਵਾ ਉਹਨਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨਾਲ ਰਹੇ ਕੁੱਝ ਵਿਅਕਤੀਆਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰ ਰਹੇ ਹਨ। ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਕਾਂਗਰਸੀ ਪਾਰਟੀ ਵਿਚ ਕਈ ਤਰ੍ਹਾਂ ਦੇ ਚਰਚੇ ਸ਼ੁਰੂ ਹੋ ਚੁੱਕੇ ਹਨ।