ਨਿਹੰਗ ਬਣ ਕੇ ਆਏ ਲੁਟੇਰਿਆਂ ਨੇ ਦਿਨ-ਦਿਹਾੜੇ ਵੱਢਿਆ ਨੌਜਵਾਨ ਦਾ ਹੱਥ, ਲੁੱਟੇ 1500 ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਦੇ ਥਾਣਾ ਕੰਬੋਜ ਅਧੀਨ ਪੈਂਦੇ ਪਿੰਡ ਨੌਸ਼ਹਿਰਾ ਨੰਗਲੀ ਵਿਖੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ।

Robbers cut youth's hand

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) ਅੰਮ੍ਰਿਤਸਰ ਦੇ ਥਾਣਾ ਕੰਬੋਜ ਅਧੀਨ ਪੈਂਦੇ ਪਿੰਡ ਨੌਸ਼ਹਿਰਾ ਨੰਗਲੀ ਵਿਖੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇੱਥੇ ਨਿਹੰਗ ਬਣ ਕੇ ਆਏ ਦੋ ਲੁਟੇਰਿਆਂ ਨੇ ਇਕ ਨੌਜਵਾਨ ਦਾ ਹੱਥ ਵੱਢ ਦਿੱਤਾ ਅਤੇ ਉਸ ਕੋਲੋਂ 1500 ਰੁਪਏ ਲੁੱਟ ਲਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ।

ਇਹ ਸਾਰੀ ਘਟਨਾ ਰਾਸਤੇ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ, ਸੀਸੀਟੀਵੀ ਫੁਟੇਜ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਨੌਜਵਾਨਾਂ ਵਿਚੋਂ ਇਕ ਨੇ ਨਿਹੰਗ ਸਿੰਘ ਦਾ ਬਾਣਾ ਪਾਇਆ ਹੋਇਆ ਹੈ। ਥਾਣਾ ਕੰਬੋਜ ਦੇ ਪੁਲਿਸ ਜਾਂਚ ਅਧਿਕਾਰੀ ਮੁਤਾਬਕ ਲੁੱਟ ਦਾ ਸ਼ਿਕਾਰ ਹੋਇਆ ਨੋਜਵਾਨ ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ।

ਇਹ ਨੌਜਵਾਨ ਅਕਾਸ਼ ਐਵਨਿਉ ਵਿਖੇ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ। ਜਿਸ ਸਮੇਂ ਘਟਨਾ ਵਾਪਰੀ ਤਾਂ ਉਹ ਪ੍ਰਾਈਵੇਟ ਫਾਇਨਾਂਸ ਦੇ ਕੰਮ ਦੀ ਕੁਲੈਕਸ਼ਨ ਸਬੰਧੀ ਮਜੀਠਾ ਰੋਡ ਤੋਂ ਨੌਸ਼ਹਿਰਾ ਨੰਗਲੀ ਪਿੰਡ ਵਿਚੋਂ ਜਾ ਰਿਹਾ ਸੀ ਜਿੱਥੇ ਸ਼ਮਸ਼ਾਨ ਘਾਟ ਕੋਲ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਉਸ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ।

ਸਥਾਨਕ ਲੋਕਾਂ ਨੇ ਨੌਜਵਾਨ ਨੂੰ ਜ਼ਖਮੀ ਹਾਲਤ ਵਿਚ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕਰ ਮੁਕੱਦਮਾ ਦਰਜ ਕਰ ਲਿਆ ਹੈ।