ਨਵਜੋਤ ਕੌਰ ਸਿੱਧੂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪੰਜਾਬ ਦਾ ਗ੍ਰਹਿ ਮੰਤਰੀ ਬਣਾਉਣ ਦੀ ਕੀਤੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵਜੋਤ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਟਵੀਟ ਕਰਕੇ ਕਿਹਾ ਹੈ ਕਿ ਪੰਜਾਬ ਵਿਚ ਅਪਰਾਧ ਹੱਦਾਂ ਪਾਰ ਕਰ ਗਿਆ ਹੈ।

Kunwar Vijay Pratap and Navjot Kaur Sidhu


 ਚੰਡੀਗੜ੍ਹ: ਡਾ. ਨਵਜੋਤ ਕੌਰ ਸਿੱਧੂ ਨੇ ਪੰਜਾਬ ਵਿਚ ਵਿਗੜ ਰਹੀ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਹਵਾਲਾ ਦਿੰਦਿਆਂ ਕੁੰਵਰ ਵਿਜੇ ਪ੍ਰਤਾਪ ਨੂੰ ਪੰਜਾਬ ਦਾ ਗ੍ਰਹਿ ਮੰਤਰੀ ਬਣਾਉਣ ਦੀ ਮੰਗ ਕੀਤੀ ਹੈ। ਚੋਣਾਂ ਤੋਂ ਬਾਅਦ ਡਾ. ਸਿੱਧੂ ਨੇ ਪਹਿਲਾ ਸਿਆਸੀ ਟਵੀਟ ਕੀਤਾ ਹੈ। ਨਵਜੋਤ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਟਵੀਟ ਕਰਕੇ ਕਿਹਾ ਹੈ ਕਿ ਪੰਜਾਬ ਵਿਚ ਅਪਰਾਧ ਹੱਦਾਂ ਪਾਰ ਕਰ ਗਿਆ ਹੈ। ਇਸ ਲਈ ਕੁੰਵਰ ਵਿਜੇ ਪ੍ਰਤਾਪ ਨੂੰ ਗ੍ਰਹਿ ਮੰਤਰੀ ਬਣਾਇਆ ਜਾਵੇ।

Tweet

ਉਹਨਾਂ ਲਿਖਿਆ, “ਇਹ ਗੱਲ ਮੇਰੀ ਸਮਝ ਤੋਂ ਬਾਹਰ ਹੈ ਕਿ ਪੰਜਾਬ ਸਰਕਾਰ ਕੋਲ ਕਾਬਲ ਅਤੇ ਸੀਨੀਅਰ ਆਈਪੀਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਹਨ ਅਤੇ ਉਹਨਾਂ ਨੂੰ ਗ੍ਰਹਿ ਮੰਤਰੀ ਪੰਜਾਬ ਦਾ ਅਹੁਦਾ ਕਿਉਂ ਨਹੀਂ ਦਿੱਤਾ ਗਿਆ?” ਉਹਨਾਂ ਲਿਖਿਆ ਕਿ ਯਾਦ ਹੈ ਜਦੋਂ ਉਹ ਅੰਮ੍ਰਿਤਸਰ ਵਿਚ ਤਾਇਨਾਤ ਸਨ, ਉਦੋਂ ਕਿਸੇ ਨੇ ਜੁਰਮ ਕਰਨ ਦੀ ਹਿੰਮਤ ਨਹੀਂ ਕੀਤੀ, ਕਿਉਂਕਿ ਦੋਸ਼ੀ ਨੂੰ ਘੰਟਿਆਂ ਵਿਚ ਹੀ ਫੜ ਕੇ ਸਜ਼ਾ ਮਿਲ ਜਾਂਦੀ ਸੀ। ਇਸ ਦੇ ਨਾਲ ਹੀ ਵੀ.ਆਈ.ਪੀਜ਼ ਵੀ ਉਸ ਨੂੰ ਗਲਤ ਕਹਿਣ ਤੋਂ ਕੰਨੀ ਕਤਰਾਉਂਦੇ ਸਨ। ਉਦੋਂ ਗੈਂਗਸਟਰ, ਸਨੈਚਰ ਅਤੇ ਚੋਰ ਗਾਇਬ ਹੋ ਗਏ ਸਨ।

Kunwar Vijay Pratap

ਦੱਸ ਦੇਈਏ ਕਿ ਸਿੱਧੂ ਪਰਿਵਾਰ ਸ਼ੁਰੂ ਤੋਂ ਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਹਮਾਇਤੀ ਰਿਹਾ ਹੈ। ਜਦੋਂ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਦੇ ਸੰਸਦ ਮੈਂਬਰ ਸਨ ਉਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ 2007 ਵਿਚ ਅੰਮ੍ਰਿਤਸਰ ਦੇ ਐਸਐਸਪੀ ਬਣੇ ਸਨ।