ਬਠਿੰਡਾ ’ਚ ਮਨਾਇਆ ਗਿਆ ਰਾਸ਼ਟਰੀ ਡੇਂਗੂ ਦਿਵਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

‘ਸਿਹਤ ਵਿਭਾਗ ਵਲੋਂ ਸਹਿਰ ਦੇ ਵੱਖ-ਵੱਖ ਥਾਵਾਂ ’ਤੇ ਡੇਂਗੂ ਦੇ ਲਾਰਵੇ ਦੀ ਕੀਤੀ ਜਾਂਚ’

National Dengue Day celebrated in Bathinda

ਅਸੀਂ ਜਾਣਦੇ ਹਾਂ ਕਿ ਹਰ ਸਾਲ ਡੇਂਗੂ ਨਾਲ ਲੋਕਾਂ ਨੂੰ ਬਹੁਤ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਤੇਜ਼ ਬੁਖ਼ਾਰ, ਠੰਢ ਲੱਗਣੀ, ਸੈਲ ਘਟਣਾ ਆਦਿ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਹਸਪਤਾਲਾਂ ’ਚ ਇੰਨੀ ਭੀੜ ਹੁੰਦੀ ਹੈ ਕਿ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਦੀ। ਇਸੇ ਕਰ ਕੇ ਬਠਿੰਡਾ ਵਿਚ ਰਾਸ਼ਟਰੀ ਡੇਂਗੂ ਡੇਅ ਮੌਕੇ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਵੱਖ-ਵੱਖ ਥਾਵਾਂ ਦਾ ਦੌਰਾ ਕਰ ਕੇ ਖੜ੍ਹੇ ਪਾਣੀ ਵਿਚ ਦਵਾਈ ਪਾਈ ਗਈ। ਬਠਿੰਡਾ ’ਚ ਬਣ ਰਹੇ ਮੁਲਤਾਨੀਆ ਪੁੱਲ ’ਤੇ ਵੀ ਸਿਹਤ ਵਿਭਾਗ ਦੀ ਟੀਮ ਵਲੋਂ ਦੌਰਾ ਕੀਤਾ ਗਿਆ ਤੇ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕੀਤਾ ਗਿਆ। ਸਿਹਤ ਵਿਭਾਗ ਤੇ ਇਕ ਅਧਿਕਾਰੀ ਭੁਪਿੰਦਰ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਸਹਿਰ ਨੂੰ ਦੋ ਭਾਗਾਂ ਵਿਚ ਵੰਡਿਆ ਹੋਇਆ ਹੈ।

ਅਸੀਂ ਅੱਜ 16 ਮਈ ਨੂੰ ਰਾਸ਼ਟਰੀ ਡੇਂਗੂ ਡੇਅ ਮਨਾ ਰਹੇ ਹਾਂ। ਇਸ ਤੋਂ ਪਹਿਲਾਂ ਅਸੀਂ ਸੰਤਪੁਰਾ ਰੋਡ ’ਤੇ ਡੇਂਗੂ ਪ੍ਰਤੀ ਜਾਗਰੂਕ ਕਰਨ ਲਈ ਇਕ ਰੈਲੀ ਕੱਢੀ ਸੀ। ਅੱਜ ਅਸੀਂ ਵੱਖ-ਵੱਖ ਥਾਵਾਂ ’ਤੇ ਜਾ ਕੇ ਡੇਂਗੂ ਪ੍ਰਤੀ ਜਾਗਰੂਕ ਕਰ ਰਹੇ ਹਾਂ ਤੇ ਜਿਥੇ ਸਾਨੂੰ ਪਾਣੀ ਖੜ੍ਹਾ ਮਿਲ ਰਿਹਾ ਹੈ ਅਸੀਂ ਉਥੇ ਦਵਾਈ ਦਾ ਛਿੜਕਾ ਕਰ ਰਹੇ ਹਾਂ। ਜਿਥੇ ਵੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਉਥੇ ਵੀ ਜਾ ਕੇ ਅਸੀਂ ਚੰਗੀ ਤਰ੍ਹਾਂ ਡੇਂਗੂ ਦੇ ਲਾਰਵੇ ਦੀ ਜਾਂਚ ਕਰ ਰਹੇ ਹਾਂ ਤੇ ਦਵਾਈ ਛਿੜਕ ਰਹੇ ਹਾਂ।

ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਕਿ ਜੇ ਤੁਸੀਂ ਪਾਣੀ ਸਟੋਰ ਕੀਤਾ ਹੋਇਆ ਤਾਂ ਉਸ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ ਤਾਂ ਜੋ ਉਸ ਵਿਚ ਡੇਂਗੂ ਦਾ ਲਾਰਵਾ ਨਾ ਪਣਪ ਸਕੇ। ਸਾਨੂੰ ਜਿਸ ਥਾਂ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਅਸੀਂ ਉਸ ਨੂੰ ਨਸਟ ਕਰਦੇ ਹਾਂ ਤੇ ਦਵਾਈ ਛਿੜਕਦੇ ਹਾਂ ਅਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। ਜਿਵੇਂ ਕੂਲਰਾਂ ਦਾ ਪਾਣੀ, ਪੰਛੀਆਂ ਲਈ ਰੱਖੇ ਕਟੋਰੇ, ਛੱਤ ’ਤੇ ਪਿਆ ਕਬਾੜ ਦਾ ਸਮਾਨ ਆਦਿ ਸਾਫ਼ ਕਰ ਰੱਖਿਆ ਜਾਵੇ।

ਜੇ ਕਿਸੇ ਨੇ ਮਨੀਪਲਾਂਟ ਬੋਤਲ ਵਿਚ ਲਗਾਇਆ ਹੋਇਆ ਹੈ ਤਾਂ ਉਸ ਨੂੰ ਮਿੱਟੀ ਦੇ ਗਮਲੇ ’ਚ ਹੀ ਉਗਾਇਆ ਜਾਵੇ ਤਾਂ ਜੋ ਅਸੀਂ ਲਾਰਵਾ ਪੈਦਾ ਹੋਣ ਤੋਂ ਰੋਕ ਸਕਿਏ। ਉਨ੍ਹਾਂ ਕਿਹਾ ਕਿ ਇਲਾਜ ਤੋਂ ਪਰਹੇਜ ਚੰਗਾ। ਅਸੀਂ ਮੱਛਰ ਨੂੰ ਪੈਦਾ ਹੋਣ ਤੋਂ ਰੋਕੀਏ ਤਾਂ ਹੀ ਅਸੀਂ ਡੇਂਗੂ ਤੋਂ ਬਚ ਸਕਦੇ ਹਾਂ। ਸਾਡੀਆਂ ਟੀਮਾਂ ਤੇ ਲੋਕਾਂ ਦੇ ਸਹਿਯੋਗ ਨਾਲ ਪਹਿਲਾਂ ਨਾਲੋਂ ਸਾਨੂੰ ਡੇਂਗੂ ਦਾ ਲਾਰਵਾ ਬਹੁਤ ਘੱਟ ਮਿਲਿਆ ਹੈ ਤੇ ਅੱਗੇ ਵੀ ਸਹਿਰ ਤੇ ਪਿੰਡਾਂ ਦੇ ਲੋਕਾਂ ਤੋਂ ਅਸੀਂ ਸਹਿਯੋਗ ਮੰਗਦੇ ਹਾਂ ਤਾਂ ਜੋ ਅਸੀਂ ਡੇਂਗੂ ਦੇ ਮੱਛਰ ਨੂੰ ਪੈਦਾ ਹੋਣ ਤੋਂ ਰੋਕ ਸਕੀਏ।