ਖਿਲਚੀਆਂ ਨੇੜੇ ਸੜਕ ਹਾਦਸੇ ਵਿਚ 7 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਸਬਾ ਖਿਲਚੀਆਂ ਦੇ ਨਜ਼ਦੀਕ ਜੀ ਟੀ ਰੋਡ 'ਤੇ ਪੈਂਦੇ ਪਿੰਡ ਫੱਤੂਵਾਲ ਦੇ ਸੰਧੂ ਮੱਲੀ੍ਹ ਢਾਬੇ ਦੇ ਸਾਹਮਣੇ ਸੜਕ ਤੋਂ ਇਕ ਪਾਸੇ ਖੜੇ ਟਰਾਲੇ ਵਿਚ ਸਕਾਰਪਿਉ ਗੱਡੀ ਦੇ ...

Dead Bodies near the Scorpio Vehicle in the accident

ਟਾਂਗਰਾ/ਰਈਆ- ਕਸਬਾ ਖਿਲਚੀਆਂ ਦੇ ਨਜ਼ਦੀਕ ਜੀ ਟੀ ਰੋਡ 'ਤੇ ਪੈਂਦੇ ਪਿੰਡ ਫੱਤੂਵਾਲ ਦੇ ਸੰਧੂ ਮੱਲੀ੍ਹ ਢਾਬੇ ਦੇ ਸਾਹਮਣੇ ਸੜਕ ਤੋਂ ਇਕ ਪਾਸੇ ਖੜੇ ਟਰਾਲੇ ਵਿਚ ਸਕਾਰਪਿਉ ਗੱਡੀ ਦੇ ਟਕਰਾਉਣ ਕਾਰਣ ਬਹੁਤ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ 3 ਮਰਦ, 3 ਔਰਤਾਂ ਅਤੇ ਇਕ ਬੱਚੇ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਅਰਵਿੰਦ ਸ਼ਰਮਾ ਪੁਤਰ ਐਸ ਡੀ ਸ਼ਰਮਾ, ਸਵਿਤਾ ਪਤਨੀ ਅਰਵਿੰਦ ਸ਼ਰਮਾ, ਮਨੀ ਸ਼ਰਮਾ ਪੁਤਰ ਅਤੇ ਸ਼ਿਵਾਂਸੂ ਸ਼ਰਮਾ ਪੁਤਰੀ ਅਰਵਿੰਦ ਸ਼ਰਮਾ, ਵਿਪਨ ਗਾਰਡਨ ਅਮਨ ਵਿਹਾਰ ਦਿਲੀ ਦੇ ਰਹਿਣ ਵਾਲੇ ਸਨ।

ਸੁਨੀਲ ਅਤੇ ਉਸਦੀ ਪਤਨੀ ਪੂਨਮ ਹਰਿਆਣਾ ਦੇ ਰਹਿਣ ਵਾਲੇ ਸਨ। ਮ੍ਰਿਤਕ ਛੋਟੇ ਬੱਚੇ ਅਤੇ ਹਸਪਤਾਲ ਵਿਚ ਦਾਖ਼ਲ ਜ਼ਖ਼ਮੀ ਬੱਚੇ ਦੇ ਨਾਮ ਦਾ ਪਤਾ ਨਹੀਂ ਲਗ ਸਕਿਆ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਇਹ ਹਾਦਸਾ ਅੱਜ ਸਵੇਰੇ ਕਰੀਬ ਪੌਣੇ ਪੰਜ ਵਜੇ ਵਾਪਰਿਆ। ਇਕ ਤੇਜ਼ ਰਫਤਾਰ ਸਕਾਰਪਿਉ ਗੱਡੀ ਨੰਬਰ ਐਚ ਆਰ 19 ਜੇ 6831 ਅੰਮ੍ਰਿਤਸਰ ਵਾਲੇ ਪਾਸੇ ਤੋਂ ਜਲੰਧਰ ਵੱਲ ਜਾ ਰਹੀ ਸੀ।

ਢਾਬੇ ਦੇ ਸਾਹਮਣੇ ਸੜਕ ਤੋਂ ਪਾਸੇ ਇਕ ਟਰਾਲਾ ਨੰਬਰ ਪੀ ਬੀ 06 ਐਮ 2299 ਖੜਾ ਸੀ। ਸਕਾਰਪੀਉ ਗੱਡੀ ਬੇਕਾਬੂ ਹੋ ਕੇ ਟਰਾਲੇ ਦੇ ਪਿਛਲੇ ਪਾਸੇ ਇੰਨੇ ਜ਼ੋਰ ਨਾਲ ਟਕਰਾਈ ਕਿ ਉਸ ਵਿਚ ਸਵਾਰ ਤਿੰਨ ਮਰਦ ਤਿੰਨ ਔਰਤਾਂ ਇਕ ਦੋ ਸਾਲ ਦੇ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਕ ਤਿੰਨ ਸਾਲ ਦਾ ਬੱਚਾ ਗੰਭੀਰ ਹਾਲਤ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਪੁਲੀਸ ਨੇ ਮੌਕੇ 'ਤੇ ਪਹੁੰਚ ਕੇ ਤੁਰੰਤ ਅੰਮ੍ਰਿਤਸਰ ਹਸਪਤਾਲ ਭੇਜ ਦਿਤਾ।

ਡੀ ਐਸ ਪੀ  ਲਖਵਿੰਦਰ ਸਿੰਘ ਮੱਲ੍ਹ ਬਾਬਾ ਬਕਾਲਾ, ਐਸ ਐਚ ਓ ਅਵਤਾਰ ਸਿੰਘ ਥਾਣਾ ਖਿਲਚੀਆਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਦੋਹਾਂ ਵਾਹਨਾਂ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਕਬਜੇ ਵਿਚ ਲੈ ਕੇ ਅਗਲੇਰੀ ਕਨੂੰਨੀ ਕਾਰਵਾਈ ਅਰੰਭ ਕਰ ਦਿਤੀ ਸੀ।