ਅੰਮ੍ਰਿਤਸਰ ਕੌਮਾਂਤਰੀ ਸੈਰ ਸਪਾਟਾ ਕੇਂਦਰ ਬਣੇਗਾ : ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਸ਼ਹਿਰ, ਜਿੱਥੇ ਹਰ ਰੋਜ਼ ਕਰੀਬ ਇਕ ਲੱਖ ਸ਼ਰਧਾਲੂ ਤੇ ਸੈਲਾਨੀ ਆਉਂਦੇ ਹਨ, ਨੂੰ ਅੰਤਰਾਰਸ਼ਟਰੀ ਪੱਧਰ 'ਤੇ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ...

Amritsar

ਅੰਮ੍ਰਿਤਸਰ ( ਸੁਖਵਿੰਦਰਜੀਤ ਸਿੰਘ ਬਹੋੜੂ ,ਮਨਪ੍ਰੀਤ ਸਿੰਘ ਜੱਸੀ ) : ਅੰਮ੍ਰਿਤਸਰ ਸ਼ਹਿਰ, ਜਿੱਥੇ ਹਰ ਰੋਜ਼ ਕਰੀਬ ਇਕ ਲੱਖ ਸ਼ਰਧਾਲੂ ਤੇ ਸੈਲਾਨੀ ਆਉਂਦੇ ਹਨ, ਨੂੰ ਅੰਤਰਾਰਸ਼ਟਰੀ ਪੱਧਰ 'ਤੇ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਸੈਲਾਨੀਆਂ ਲਈ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਮੁਹੱਈਆ ਕਰਾਉਣ ਦਾ ਯਤਨ ਕੀਤਾ ਜਾਵੇਗਾ। ਇਨਾਂ ਸੈਲਾਨੀ ਕੇਂਦਰਾਂ ਦਾ ਪ੍ਰਚਾਰ ਵੀ ਅੰਤਰਰਾਸ਼ਟਰੀ ਪੱਧਰ 'ਤੇ ਹੋਵੇਗਾ। ਇਹ  ਵਾਅਦਾ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।  

ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰੀ ਥਾਵਾਂ 'ਤੇ ਨਾਜਾਇਜ਼ ਕਬਜ਼ੇ ਨਹੀਂ ਹੋਣ ਦਿਆਂਗੇ । ਸਰਕਾਰ ਵੱਲੋਂ ਤੈਅ ਕੀਤੇ ਨਿਯਮਾਂ ਦੇ ਉਲਟ ਜਾ ਕੇ ਕਾਲੋਨੀਆਂ ਅਤੇ ਵਪਾਰਕ ਥਾਵਾਂ ਬਨਾਉਣ ਦੀ ਆਗਿਆ ਨਹੀ ਹੈ। ਇਸ ਨਾਲ ਇਸ ਸਨਅਤ ਨਾਲ ਜੁੜੇ ਲੋਕਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਮਿਲਣਗੇ। ਸ੍ਰੀ ਸਿੱਧੂ ਨੇ ਸ੍ਰੀ ਦਰਬਾਰ ਸਾਹਿਬ, ਵਿਰਾਸਤੀ ਮਾਰਗ, ਜਲਿਆਂ ਵਾਲਾ ਬਾਗ, ਦੁਰਗਿਆਣਾ ਮੰਦਰ, ਪਾਰਟੀਸ਼ਨ ਮਿਊਜੀਅਮ, ਵਾਰ ਮੈਮੋਰੀਅਲ, ਅਟਾਰੀ ਸਰਹੱਦ, ਪੁੱਲ ਕੰਜਰੀ ਆਦਿ ਦਾ ਦੌਰਾ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਮਾਹਿਰਾਂ ਦੀ ਟੀਮ ਨਾਲ ਕੀਤਾ।

ਸੈਲਾਨੀਆਂ ਲਈ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ 'ਤੇ ਵਿਚਾਰਾਂ ਕੀਤੀਆਂ।ਅੰਮ੍ਰਿਤਸਰ ਅਤੇ ਇਸ ਦੇ ਨਾਲ ਲੱਗਦੇ ਇਲਾਕੇ ਵਿਚ 18 ਅਜਿਹੇ ਸਥਾਨ ਹਨ, ਜਿੰਨਾਂ ਨੂੰ ਸੈਰ ਸਪਾਟੇ ਵਜੋਂ ਵਿਕਸਤ ਕਰਕੇ ਅੰਤਰਰਾਸ਼ਟਰੀ ਟੂਰਿਸਟ ਏਜੰਸੀਆਂ ਦੇ ਰਾਹੀਂ ਪ੍ਰਚਾਰਿਆ ਜਾਵੇਗਾ। ਇੱਥੇ ਵਧੀਆ ਅਤੇ ਸਸਤੇ ਹੋਟਲ ਤਿਆਰ ਕਰਵਾਏ ਜਾਣਗੇ ਜੋ  ਸੈਲਾਨੀਆਂ ਨੂੰ ਆਕਰਸ਼ਤ ਕਰਨਗੇ।

ਪਿਛਲੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਈ ਬੀ ਆਰ ਟੀ ਐਸ ਯੋਜਨਾ ਨੂੰ ਵੀ ਇਕ ਵਾਰ ਚਲਾਉਣ ਦੀ ਕੋਸ਼ਿਸ਼ ਹੈ। ਇਸ ਮੌਕੇ ਸੈਰ ਸਪਾਟਾ ਵਿਭਾਗ ਦੇ ਸੈਕਟਰੀ ਸ੍ਰੀ ਵਿਕਾਸ ਪ੍ਰਤਾਪ ਸਿੰਘ, ਡਾਇਰੈਕਟਰ ਸ. ਸ਼ਿਵਦੁਲਾਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਉਨਾਂ ਨਾਲ ਸਨ।