ਸ਼ਹੀਦ ਸੂਬੇਦਾਰ ਸਤਨਾਮ ਸਿੰਘ ਨੂੰ ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਨਾਲ ਦਿਤੀ ਅੰਤਮ ਵਿਦਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਸਮੇਤ ਵੱਡੀ ਗਿਣਤੀ ਲੋਕਾਂ ਨੇ ਕੀਤੇ ਅੰਤਮ ਦਰਸ਼ਨ

Shaheed Subedar Resham Singh

ਗੁਰਦਾਸਪੁਰ : ਭਾਰਤ ਚੀਨ ਦੀਆਂ ਫ਼ੌਜਾਂ ਵਿਚਕਾਰ ਸਰਹੱਦ 'ਤੇ ਹੋਈ ਝੜਪ ਦੌਰਾਨ ਸ਼ਹੀਦ ਹੋਣ ਵਾਲੇ ਨਾਇਬ ਸੂਬੇਦਾਰ ਸਤਨਾਮ ਸਿੰਘ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਭੋਜਰਾਜ ਵਿਖੇ ਸੈਨਿਕ ਸਨਮਾਨਾ ਨਾਲ ਅੰਤਿਮ ਸੰਸਕਾਰ ਕਰ ਦਿਤਾ ਗਿਆ। ਸ਼ਹੀਦ ਦੇ ਅੰਤਿਮ ਸੰਸਕਾਰ ਦੌਰਾਨ ਪੰਜਾਬ ਸਰਕਾਰ ਵਲੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪੁੱਜੇ ਹੋਏ ਸਨ। ਇਸੇ ਤਰ੍ਹਾ ਅਕਾਲੀ ਦਲ ਅਤੇ ਭਾਜਪਾ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਆਗੂ ਵੀ ਪੁਜੇ ਹੋਏ ਸਨ। ਇਸ ਤੋਂ ਇਲਾਵਾ ਆਸਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਲੋਕ ਸ਼ਹੀਦ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਸ਼ਹੀਦ ਸਤਨਾਮ ਸਿੰੰਘ ਅਮਰ ਰਹੇ ਦੇ ਜੈਕਾਰਿਆਂ ਨਾਲ ਅਸਮਾਨ ਗੂੰਜਣ ਲਾ ਦਿਤਾ।

ਇਸ ਤੋਂ ਪਹਿਲਾਂ ਸਾਢੇ ਚਾਰ ਵਜੇ ਦੇ ਕਰੀਬ ਫ਼ੌਜੀ ਹੈਲੀਕਾਪਟਰ ਰਾਹੀਂ ਜਿਉਂ ਹੀ ਸ਼ਹੀਦ ਦੀ ਦੇਹ ਪਿੰਡ ਪਹੁੰਚੀ, ਪਰਵਾਰ ਅਤੇ ਪਿੰਡ ਵਾਲਿਆਂ ਸਮੇਤ ਵੱਡੀ ਗਿਣਤੀ ਲੋਕਾਂ ਦੀ ਭੀੜ ਸ਼ਹੀਦ ਦੇ ਆਖਰੀ ਦਰਸ਼ਨਾਂ ਲਈ ਇਕੱਤਰ ਹੋ ਗਈ। ਇਸ ਮੌਕੇ ਪੂਰੇ ਪਰਵਾਰ ਦਾ ਰੋ-ਰੋ ਕੇ ਬੂਰਾ ਹਾਲ ਸੀ। ਵੱਡੀ ਗਿਣਤੀ 'ਚ ਇਕੱਤਰ ਹੋਏ ਲੋਕਾਂ 'ਚੋਂ ਵੀ ਹਰ ਅੱਖ 'ਚ ਅੱਥਰੂ ਵਹਿ ਰਹੇ ਸਨ।  

ਦੱਸ ਦਈਏ ਕਿ 42 ਸਾਲਾ ਸਤਨਾਮ ਸਿੰਘ ਨਾਇਬ ਸੂਬੇਦਾਰ ਵਜੋਂ ਪੰਜਾਬ ਰੈਜੀਮੈਂਟ 'ਚ ਤੈਨਾਤ ਸੀ। ਉਸ ਦੇ ਛੋਟੇ ਭਰਾ ਸੁਖਚੈਨ ਸਿੰਘ ਨੇ ਦਸਿਆ ਕਿ ਉਹ ਖੁਦ ਫ਼ੌਜੀ ਹੈ ਅਤੇ ਉਹ ਅਪਣੇ ਭਰਾ ਪਰੇਰਣਾ ਸਦਕਾ ਦੇਸ਼ ਸੇਵਾ ਲਈ ਫ਼ੌਜ ਵਿਚ ਭਰਤੀ ਹੋਇਆ ਸੀ।

ਸਤਨਾਮ ਸਿੰਘ ਅਪਣੇ ਪਿੱਛੇ ਪੁੱਤਰ ਪਰਭਜੋਤ ਸਿੰਘ, ਧੀ ਸੰਦੀਪ ਕੌਰ, ਪਤਨੀ ਜਸਵਿੰਦਰ ਕੌਰ ਤੋਂ ਇਲਾਵਾ ਪਿਤਾ ਜਗੀਰ ਸਿੰਘ ਅਤੇ ਮਾਂ ਜਸਬੀਰ ਕੌਰ ਨੂੰ ਛੱਡ ਗਿਆ ਹੈ।

ਸ਼ਹੀਦ ਦੇ ਅੰਤਿਮ ਸੰਸਕਾਰ ਦੌਰਾਨ ਪੰਜਾਬ ਸਰਕਾਰ ਦੀ ਤਰਫ਼ੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪਹੁੰਚੇ ਹੋਏ ਸਨ। ਉਨ੍ਹਾਂ ਪੰਜਾਬ ਸਰਕਾਰ ਵਲੋਂ ਸ਼ਹੀਦ ਦੇ ਪਰਵਾਰ ਦੀ ਹਰ ਤਰ੍ਹਾਂ ਦੀ ਮਦਦ ਦਾ ਐਲਾਨ ਕਰਦਿਆਂ ਪਰਵਾਰ ਦੇ ਇਕ ਜੀਅ ਨੂੰ ਨੌਕਰੀ ਤੋਂ ਇਲਾਵਾ ਸ਼ਹੀਦ ਦੇ ਯਾਦ 'ਚ ਗੇਟ ਸਥਾਪਤ ਕਰਨ 'ਚ ਮਦਦ ਦਾ ਭਰੋਸਾ ਦਿਵਾਇਆ। ਉਨ੍ਹਾਂ ਚੀਨ 'ਤੇ ਧੋਖੇ ਨਾਲ ਪਿੱਠ ਪਿੱਛੇ ਵਾਰ ਕਰਨ ਦਾ ਇਲਜ਼ਾਮ ਲਾਉਂਦਿਆਂ ਦੇਸ਼ ਸੇਵਾ ਵਿਚ ਸਰਹੱਦੀ ਖੇਤਰ ਦੇ ਲੋਕਾਂ ਦੀ ਮੋਹਰੀ ਭੂਮਿਕਾ ਦਾ ਜ਼ਿਕਰ ਵੀ ਕੀਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।