ਸਿੱਧੂ ਦੇ ਅਸਤੀਫ਼ੇ ਦੀ ਸੰਭਾਵਨਾ ਮੱਧਮ ਪਈ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਿਯੰਕਾ ਦੇ ਦਖ਼ਲ ਨਾਲ ਕੈਪਟਨ ਤੇ ਸਿੱਧੂ ਕੈਂਪਾਂ 'ਚ ਸਮਝੌਤੇ ਦੀਆਂ ਕੋਸ਼ਿਸ਼ਾਂ ਹੋਈਆਂ ਤੇਜ਼

Navjot Sidhu

ਚੰਡੀਗੜ੍ਹ(ਨੀਲ ਭਲਿੰਦਰ ਸਿੰਘ): ਪੰਜਾਬ ਕੈਬਨਿਟ ਤੋਂ ਅਸਤੀਫ਼ਾ ਦੇਈ ਬੈਠੇ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਹੋਣ ਦੀਆਂ ਸੰਭਾਵਨਾਵਾਂ ਕਾਫੀ ਹੱਦ ਤਕ ਮੱਧਮ ਪੈ ਗਈਆਂ ਦੱਸੀਆਂ ਜਾ ਰਹੀਆਂ ਹਨ। ਅਜਿਹਾ ਸੀਨੀਅਰ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਦੀ ਦਿਲਚਸਪੀ ਨਾਲ ਸੰਭਵ ਹੋਇਆ ਦਸਿਆ ਜਾ ਰਿਹਾ ਹੈ। ਅੰਦਰੂਨੀ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਇਸ ਵਾਰ ਇਹ ਮਸਲਾ ਹੱਲ ਕਰਨ ਲਈ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਆਗੂ ਆਸ਼ਾ ਕੁਮਾਰੀ ਦੀ ਡਿਊਟੀ ਲਗਾਈ ਗਈ ਹੈ।

ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਇਸ ਮਾਮਲੇ 'ਚ ਭਲਕ ਤਕ ਕਲ ਨਵੀਂ ਦਿੱਲੀ ਵਿਖੇ ਇਕ ਮੀਟਿੰਗ ਵੀ ਸੱਦੀ ਗਈ ਹੈ। ਕਾਂਗਰਸ ਹਾਈਕਮਾਨ ਦੇ ਖ਼ਾਸ ਇਸ਼ਾਰੇ ਉੱਤੇ ਹੋਈ ਇਸ ਵੱਡੀ ਤਬਦੀਲੀ ਤੋਂ ਇਕ ਗੱਲ ਤੈਅ ਦੱਸੀ ਜਾ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਮੰਤਰੀ ਮੰਡਲ 'ਚੋਂ ਅਸਤੀਫ਼ਾ ਹਰਗਿਜ਼ ਪ੍ਰਵਾਨ ਨਹੀਂ ਕੀਤਾ ਜਾਵੇਗਾ।

ਨਵਜੋਤ ਸਿੰਘ ਸਿੱਧੂ ਨੂੰ ਨਵਾਂ ਵਿਭਾਗ ਹੀ ਸੰਭਾਲਣਾ ਪਵੇਗਾ ਕਿਉਂਕਿ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨਵਾਂ ਵਿਭਾਗ ਹੁਣ ਤਕ ਨਾ ਸੰਭਾਲਣ ਪਿੱਛੇ ਇਕ ਵੱਡਾ ਕਾਰਨ ਇਹ ਸੀ ਕਿ ਨਵਜੋਤ ਸਿੰਘ ਸਿੱਧੂ ਪਿਛਲੀ 10 ਜੂਨ ਨੂੰ ਹੀ ਤਤਕਾਲੀ ਕੌਮੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਪ੍ਰਿਅੰਕਾ ਗਾਂਧੀ ਅਤੇ ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ ਦੀ ਹਾਜ਼ਰੀ ਵਿਚ ਅਪਣਾ ਅਸਤੀਫਾ ਦੇ ਚੁੱਕੇ ਸਨ।

ਇਹ ਵੀ ਦਸਿਆ ਜਾ ਰਿਹਾ ਹੈ ਕਿ ਸਿੱਧੂ ਹੁਣ ਤਕ ਅਪਣੇ ਦਸ ਜੂਨ ਵਾਲੇ ਅਸਤੀਫ਼ੇ ਉੱਤੇ  ਹਾਈ ਕਮਾਨ ਦਾ ਰੁਖ ਜਾਣਨ ਲਈ ਹੀ ਰੁਕੇ ਹੋਏ ਸਨ। ਇਹ ਵੀ ਦਸਿਆ ਜਾ ਰਿਹਾ ਹੈ ਕਿ ਪ੍ਰਿਅੰਕਾ ਗਾਂਧੀ ਵਲੋਂ ਵਿਸ਼ੇਸ਼ ਹਦਾਇਤ ਕੀਤੀ ਗਈ ਹੈ ਕਿ ਨਵਜੋਤ ਸਿੰਘ ਸਿੱਧੂ ਨਾਲ ਉਨ੍ਹਾਂ ਦੇ ਨਵੇਂ ਵਿਭਾਗ ਬਾਰੇ ਜੇਕਰ ਕੋਈ ਸਮੱਸਿਆ ਹੈ ਤਾਂ ਉਹ ਸੁਲਝਾ ਲਈ ਜਾਵੇ। ਉਧਰ ਦੂਜੇ ਪਾਸੇ ਸਿੱਧੂ ਨੂੰ ਵੀ ਇਹ ਇਸ਼ਾਰਾ ਕਰ ਦਿਤਾ ਦਸਿਆ ਜਾ ਰਿਹਾ ਹੈ ਕਿ ਪਾਰਟੀ ਦਾ ਅਕਸ ਖ਼ਰਾਬ ਨਾ ਹੋਣ ਦਿਤਾ ਜਾਵੇ

ਜਿਸ ਕਰਕੇ ਉਹ ਨਾ ਸਿਰਫ ਕੈਬਨਿਟ ਵਿਚ ਬਣੇ ਰਹਿਣ ਬਲਕਿ ਜ਼ਿੰਮੇਵਾਰੀ ਨਾਲ ਅਪਣਾ ਵਿਭਾਗ ਸੰਭਾਲ ਸਰਕਾਰ ਦਾ ਕੰਮਕਾਜ ਅੱਗੇ ਚਲਾਉਣ ਵਿਚ ਯੋਗਦਾਨ ਪਾਉਣ. ਮਿਲ ਰਹੀ ਜਾਣਕਾਰੀ ਮੁਤਾਬਕ ਨਵਜੋਤ ਸਿੰਘ ਸਿੱਧੂ ਵੀ ਭਲਕ ਤਕ ਦਿੱਲੀ ਪਹੁੰਚ ਰਹੇ ਹਨ। ਇਹ ਗੱਲ ਉਦੋਂ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ ਜਦੋਂ ਸਿੱਧੂ ਦੇ ਅਸਤੀਫੇ ਦਾ ਸੋਸ਼ਲ ਮੀਡੀਆ ਉੱਤੇ ਰੌਲਾ ਪੈਂਦੇ ਸਾਰ ਹੀ ਮੁੱਖ ਮੰਤਰੀ ਨੇ ਸਪੱਸ਼ਟ ਕਹਿ ਦਿਤਾ ਸੀ

ਜੇਕਰ ਸਿੱਧੂ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਇਸ ਵਿੱਚ ਉਹ ਕੀ ਕਰ ਸਕਦੇ ਹਨ? ਪਰ ਮੰਗਲਵਾਰ ਨੂੰ ਮੁੱਖ ਮੰਤਰੀ ਦੀ ਸੁਰ ਇਸ ਮੁੱਦੇ ਉੱਤੇ ਕਾਫੀ ਨਰਮ ਜਾਤੀ ਖਾਸਕਰ ਉਦੋਂ ਜਦੋਂ ਨਵੀਂ ਦਿੱਲੀ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਬੁੱਧਵਾਰ ਨੂੰ ਚੰਡੀਗੜ੍ਹ ਪਰਤ ਕੇ ਹੀ ਪਹਿਲਾਂ ਸਿੱਧੂ ਦਾ ਅਸਤੀਫ਼ਾ ਪੜ੍ਹਨਗੇ ਅਤੇ ਉਸ ਤੋਂ ਬਾਅਦ ਹੀ ਕੋਈ ਅਗਲਾ ਕਦਮ ਚੁੱਕਣਗੇ