ਸਿੱਧੂ ਦਾ ਅਸਤੀਫ਼ਾ : ਪੰਜਾਬ ਵਿਚ ਫਿਰ ਤੀਜੇ ਬਦਲ ਦੀ ਚਰਚਾ ਹੋਣ ਲੱਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਮਾਨਦਾਰੀ ਤੇ ਪੰਜਾਬ ਦੇ ਹਿਤੈਸ਼ੀ ਇਕੱਠੇ ਹੋਣਗੇ

Sidhu resignation matter

ਚੰਡੀਗੜ੍ਹ : ਪੌਣੇ ਦੋ ਮਹੀਨੇ ਪਹਿਲਾਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਕੇਂਦਰ ਵਿਚ ਕਰਾਰੀ ਹਾਰ ਨਾਲ ਜਿਥੇ ਇਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਖ਼ੁਦ ਅਸਤੀਫ਼ਾ ਦੇ ਕੇ ਸੱਭ ਤੋਂ ਪੁਰਾਣੀ ਇਸ ਪਾਰਟੀ ਵਿਚ ਖਲਬਲੀ ਮਚਾ ਦਿਤੀ ਅਤੇ ਇਹ ਉਥਲ ਪੁਥਲ ਅਜੇ ਸੰਭਾਲੀ ਨਹੀਂ ਗਈ ਉਥੇ ਪੰਜਾਬ ਦੀ ਅੱਤ ਮਜ਼ਬੂਤ ਕਾਂਗਰਸ ਸਰਕਾਰ ਵਿਚ ਮੁੱਖ ਮੰਤਰੀ ਨੇ ਅਪਣੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇਸ ਕਰ ਕੇ ਨਰਾਜ਼ ਕਰ ਲਿਆ ਕਿ ਬਤੌਰ ਸਥਾਨਕ ਸਰਕਾਰਾਂ ਦੇ ਮੰਤਰੀ ਉਸ ਦੀ ਕਾਰਗੁਜ਼ਾਰੀ ਵਿਚ ਕਾਫ਼ੀ ਖ਼ਾਮੀਆਂ ਰਹੀਆਂ ਸਨ। ਪੰਜਾਬ ਦੀਆਂ ਕੁਲ 13 ਸੀਟਾਂ ਵਿਚੋਂ ਭਾਵੇਂ ਕਾਂਗਰਸ ਨੇ 8 ਲੋਕ ਸਭਾ ਸੀਟਾਂ ਜਿੱਤੀਆਂ ਪਰ ਸਿੱਧੂ ਦਾ ਮਹਿਕਮਾ ਬਦਲ ਕੇ ਮੁੱਖ ਮੰਤਰੀ ਨੇ ਉਸ ਨੂੰ ਅਸਲੀ ਥਾਂ ਦਿਖਾ ਦਿਤੀ।

ਪਿਛਲੇ ਮਹੀਨੇ ਦੀ 10 ਤਰੀਕ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਰਾਹੁਲ ਗਾਂਧੀ ਨੂੰ ਦਿਤੇ ਅਸਤੀਫ਼ੇ ਦਾ ਇਸ਼ਾਰਾ ਨਵਜੋਤ ਸਿੰਘ ਸਿੱਧੂ ਨੇ ਟਵਿਟਰ 'ਤੇ ਕੀਤਾ ਅਤੇ ਜਾਣਕਾਰੀ ਮੁਤਾਬਕ ਸਿੱਧੂ ਨੇ ਇਸ ਦੀ ਕਾਪੀ ਅੱਜ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵਿਚ ਵੀ ਭੇਜੀ ਹੈ। ਰੋਜ਼ਾਨਾ ਸਪੋਕਸਮੈਨ ਵਲੋਂ ਵੱਖ ਵੱਖ ਅਦਾਰਿਆਂ, ਵਰਗਾਂ ਦੇ ਸਿਆਸੀ ਨੇਤਾਵਾਂ ਨੁਮਾਇੰਦਿਆਂ ਤੇ ਸਿਆਸੀ ਖੇਡ ਦੇ ਮਾਹਰਾਂ ਨਾਲ ਕੀਤੀ ਗੱਲਬਾਤ ਤੋਂ ਜ਼ਾਹਰ ਹੋਇਆ ਹੈ ਕਿ ਪੰਜਾਬ ਦੇ ਲੋਕਾਂ ਨੇ ਪਹਿਲਾਂ 2014 ਦੀਆਂ ਲੋਕ ਸਭਾ ਚੋਣਾਂ ਵਿਚ ਕੁਲ 13 ਸੀਟਾਂ ਵਿਚੋਂ 4 ਯਾਨੀ ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ, ਫ਼ਤਿਹਗੜ੍ਹ ਸਾਹਿਬ ਤੋਂ ਹਰਿੰਦਰ ਖ਼ਾਲਸਾ, ਫ਼ਰੀਦਕੋਟ ਤੋਂ ਡਾ. ਸਾਧੂ ਸਿੰਘ ਤੇ ਸੰਗਰੂਰ ਸੀਟ ਤੋਂ ਭਗਵੰਤ ਮਾਨ ਨੂੰ ਪਾਰਲੀਮੈਂਟ ਵਿਚ ਭੇਜ ਕੇ ਦੇਸ਼ ਨੂੰ ਦਿਖਾ ਦਿਤਾ ਕਿ ਪੰਜਾਬੀ ਹਮੇਸ਼ਾ ਸੱਚੇ ਸੁੱਚੇ ਇਮਾਨਦਾਰ ਤੇ ਪੰਜਾਬ ਦੇ ਹਿਤੈਸ਼ੀ ਨੂੰ ਹੀ ਸੇਵਾ ਦਾ ਮੌਕਾ ਦਿੰਦੇ ਹਨ।

ਮਗਰੋਂ 2017 ਦੀਆਂ ਅਸੈਂਬਲੀ ਚੋਣਾਂ ਵਿਚ ਲੋਕਾਂ ਨੇ 10 ਸਾਲ ਦੇ ਵਕਫ਼ੇ ਉਪਰੰਤ ਕਾਂਗਰਸ ਨੂੰ ਦੋ ਤਿਹਾਈ ਬਹੁਮਤ ਨਾਲ ਜਿਤਾਇਆ ਪਰ ਢਾਈ ਸਾਲਾਂ ਵਿਚ ਹੀ ਮਾੜੀ ਕਾਰਗੁਜ਼ਾਰੀ ਸਮੇਤ ਕੁਰੱਪਸ਼ਨ ਨੂੰ ਨਾ ਰੋਕਣ ਕਰ ਕੇ ਮੰਤਰੀਆਂ ਦੇ ਅਵੇਸਲੇਪਣ ਅਤੇ ਲੋਕ ਸੇਵਾ ਲਈ ਦਿਲਚਸਪੀ ਨਾ ਲੈਣ ਕਰ ਕੇ ਸੱਤਾਧਾਰੀ ਕਾਂਗਰਸ, ਲੋਕ ਸਭਾ ਚੋਣਾਂ ਵਿਚ ਮਿਸ਼ਨ 13 ਵਾਸਤੇ ਫ਼ੇਲ ਹੋ ਗਈ। ਉਤੋਂ ਇਮਾਨਦਾਰੀ ਦੇ ਪੁੰਜ ਅਤੇ ਬੜਬੋਲੇ ਨੌਜਵਾਨ ਨਵਜੋਤ ਸਿੱਧੂ ਨੂੰ ਪਹਿਲਾਂ ਮਹੱਤਵਪੂਰਨ ਮਹਿਕਮੇ ਤੋਂ ਲਾਂਭੇ ਕਰਨ ਅਤੇ ਹੁਣ ਵਜ਼ਾਰਤ ਤੋਂ ਪਾਸੇ ਕਰਨ ਦੀਆਂ ਘਟਨਾਵਾਂ ਵਿਚਕਾਰ ਇਸ ਸਰਹੱਦੀ ਸੂਬੇ ਦੀ ਸਿਆਸੀ ਖੇਡ ਵਿਚ ਗੰਭੀਰ ਗੜਬੜੀ ਹੋ ਗਈ ਹੈ।

ਸਾਬਕਾ ਐਮ.ਪੀ. ਡਾ. ਗਾਂਧੀ ਆਪ ਤੋਂ ਵੱਖ ਹੋਏ ਵਿਧਾਇਕ ਸੁਖਪਾਲ ਖਹਿਰਾ, ਲੁਧਿਆਣਾ ਤੋਂ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਦੇ ਨੇੜਲੇ ਸੂਤਰ ਦਸਦੇ ਹਨ ਕਿ ਹੁਣ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਵਿਚ ਜ਼ਲੀਲ ਕੀਤਾ ਜਾ ਰਿਹਾ ਹੈ ਜਿਸ ਦਾ ਸਿੱਧਾ ਇਸ਼ਾਰਾ ਇਹ ਜਾਂਦਾ ਹੈ ਕਿ ਆਉਂਦੇ ਦਿਨਾਂ ਵਿਚ ਇਹੋ ਜਿਹੇ ਦਬੰਗ ਲੀਡਰਾਂ ਦਾ ਗਰੁਪ ਹੋਂਦ ਵਿਚ ਆਏਗਾ, ਜਿਨ੍ਹਾਂ ਪਿਛੇ ਪੰਜਾਬ ਦੇ ਲੋਕ ਲੱਗ ਜਾਣਗੇ। ਇਹ ਸਿਆਸੀ ਮਾਹਰ ਇਹ ਵੀ ਇਸ਼ਾਰਾ ਕਰ ਰਹੇ ਹਨ ਕਿ ਢਾਈ ਸਾਲਾਂ ਮਗਰੋਂ 2022 ਦੀਆਂ ਆਉਣ ਵਾਲੀਆਂ ਅਸੈਂਬਲੀ ਚੋਣਾਂ ਵਿਚ ਇਸ ਸੂਬੇ ਦੇ ਵੋਟਰ, ਕਾਂਗਰਸ, ਅਕਾਲੀ-ਭਾਜਪਾ ਗਠਜੋੜ, ਆਪ ਅਤੇ ਹੋਰ ਸੱਭ ਨੂੰ ਪਛਾੜ ਦੇਣਗੇ ਅਤੇ ਇਸ ਨਵੇਂ ਸੰਭਾਵੀ ਗਰੁਪ ਦੀ ਪਿੱਠ 'ਤੇ ਖੜਨਗੇ।

ਇਸ ਨੁਕਤੇ ਸਬੰਧੀ ਜਦੋਂ ਲੁਧਿਆਣਾ ਤੋਂ ਸਿਮਰਜੀਤ ਬੈਂਸ ਨਾਲ ਚਰਚਾ ਕੀਤੀ ਤਾਂ ਉਨ੍ਹਾਂ ਸਿੱਧੂ ਨੂੰ ਖੁਲ੍ਹਾ ਸੱਦਾ ਦਿਤਾ ਕਿ ਡਾ. ਗਾਂਧੀ, ਖਹਿਰਾ, ਸਿੱਧੂ ਅਤੇ ਹੋਰ ਪੰਜਾਬ ਹਿਤੈਸ਼ੀ ਨੇਤਾ ਇਕੱਠੇ ਹੋ ਕੇ ਕਾਂਗਰਸ, ਅਕਾਲੀ-ਭਾਜਪਾ, ਆਪ, ਬੀ.ਐਸ.ਪੀ. ਅਤੇ ਹੋਰ ਲੋਟੂ ਤੇ ਬੇਈਮਾਨ ਦਲਾਂ ਤੋਂ ਲਾਂਭੇ ਜਾ ਕੇ ਸੋਚ ਵਿਚਾਰ ਕਰਨ ਤਾਕਿ 2022 ਵਿਚ ਪੰਜਾਬ ਦੇ ਲੋਕਾਂ ਨੂੰ ਨਵੇਂ ਸਿਰਿਉਂ ਸੇਵਾ ਕਰਨ ਦਾ ਭਰੋਸਾ ਦਿਤਾ ਜਾ ਸਕੇ। ਸ. ਸਿਮਰਜੀਤ ਬੈਂਸ ਜੋ ਅੱਜਕਲ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਤੇ ਹੋਰ ਥਾਵਾਂ ਸਮੇਤ ਮਾਲਵਾ ਦੇ ਇਲਾਕਿਆਂ ਵਿਚ ਜਾ ਕੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਸੰਭਾਲ ਵਾਸਤੇ ਮੁਹਿੰਮ ਚਲਾ ਰਹੇ ਹਨ, ਨੇ ਐਲਾਨ ਕੀਤਾ ਕਿ ''ਨਵਜੋਤ ਸਿੱਧੂ ਹੁਣ ਹੋਰ ਜ਼ਲੀਲ ਨਾ ਹੋਵੇ, ਕਾਂਗਰਸ ਛੱਡ ਕੇ ਪੰਜਾਬ ਡੈਮੋਕਰੇਟਿਕ ਅਲਾਇੰਸ ਨੂੰ ਲੀਡ ਕਰੇ ਅਤੇ 2022 ਵਿਚ ਮੁੱਖ ਮੰਤਰੀ ਬਣ ਸਕਦੈ।''

ਸ. ਬੈਂਸ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਵਿਚ ਲੁਧਿਆਣਾ, ਆਤਮ ਨਗਰ, ਗਿੱਲ, ਦਾਖਾ ਤੇ ਹੋਰ ਕਈ ਅਸੈਂਬਲੀ ਹਲਕਿਆਂ 'ਤੇ ਵੋਟਰਾਂ ਨੇ ਕਾਫ਼ੀ ਚੰਗਾ ਹੁਗਾਰਾ ਦਿਤਾ ਸੀ ਅਤੇ ਹੁਣ 'ਆਵਾਜ਼ ਏ ਪੰਜਾਬ', ਡੈਮੋਕਰੇਟਿਕ ਅਲਾਇੰਸ, ਪੰਜਾਬ ਏਕਤਾ ਪਾਰਟੀ ਅਤੇ ਹੋਰ ਗਰੁਪਾਂ ਨੂੰ ਸਿਰ ਜੋੜ ਕੇ ਬੈਠਣਾ ਪਵੇਗਾ ਤਾਕਿ ਸੱਤਾ 'ਤੇ ਕਾਬਜ਼ ਰਹੀਆਂ ਪਾਰਟੀਆਂ ਦੇ ਨੇਤਾ ਹੋਰ ਲੁੱਟ ਨਾ ਮਚਾ ਸਕਣ। ਮੌਜੂਦਾ ਸਿਆਸੀ ਹਾਲਾਤ ਵਿਚ ਇਹ ਵੀ ਚਰਚਾ ਚਲ ਰਹੀ ਹੈ ਕਿ ਜਿਸ ਨਵਜੋਤ ਸਿੱਧੂ ਨੇ ਕ੍ਰਿਕਟ ਖੇਡ ਵਿਚ ਅਪਣੇ ਕੰਟਰੋਲਰਾਂ ਦੀ ਈਨ ਨਹੀਂ ਮੰਨੀ, ਬੀਜੇਪੀ ਵਿਚ ਆਉਣ 'ਤੇ ਤਿੰਨ ਵਾਰ ਅੰਮ੍ਰਿਤਸਰ ਲੋਕ ਸਭਾ ਸੀਟ 'ਤੇ ਕਾਮਯਾਬ ਰਿਹਾ, ਉਥੋਂ ਵੀ ਅਹੁਦੇ ਨੂੰ ਲੱਤ ਮਾਰ ਆਇਆ ਅਤੇ ਹੁਣ ਕਾਂਗਰਸ ਵਿਚ ਢਾਈ ਸਾਲਾਂ ਬਾਅਦ ਹੀ ਉਸ ਦਾ ਚਾਅ ਖ਼ਤਮ ਹੋ ਗਿਆ ਅਤੇ ਅੱਗੇ ਭਵਿੱਖ ਵਿਚ ਕਿਵੇਂ ਕਾਮਯਾਬ ਹੋਵੇਗਾ, ਉਹ ਵੀ ਪੰਜਾਬ ਦੇ ਧੁਰੰਦਰ ਨੇਤਾਵਾਂ ਵਿਚ ਜੋ ਦਾਅ-ਪੇਚ ਦੇ ਖਿਡਾਰੀ ਹਨ?

ਕਈ ਸੂਝਵਾਨ ਚਿੰਤਕਾਂ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤ ਵਿਚ ਨੌਜਵਾਨ ਤਬਕਾ, ਕੇਵਲ ਮਿਹਨਤੀ, ਨਵੀਂ ਸੋਚ ਦੇ ਹਾਮੀ ਨੇਤਾਵਾਂ ਅਤੇ ਪੰਜਾਬ ਲਈ ਕੁੱਝ ਕਰਨ ਵਾਲੀਆਂ ਉਨ੍ਹਾਂ ਜਥੇਬੰਦੀਆਂ ਦੀ ਪਿੱਠ 'ਤੇ ਖੜਾ ਹੋ ਰਿਹਾ ਹੈ ਜਿਨ੍ਹਾਂ ਨੇ ਪਿਛਲੇ ਕੁੱਝ ਸਮੇਂ ਦੌਰਾਨ ਸਕੂਲੀ ਸਿਖਿਆ, ਸਿਹਤ ਸੇਵਾਵਾਂ ਅਤੇ ਹੋਰ ਖੇਤਰਾਂ ਵਿਚ ਨਿਸ਼ਕਾਮ ਸੇਵਾ ਕੀਤੀ ਹੈ।