ਅੰਧ-ਵਿਸ਼ਵਾਸ਼ ਦੇ ਚੱਲਦਿਆਂ 10 ਸਾਲਾ ਬੱਚੀ ਦਾ ਕਤਲ

ਏਜੰਸੀ

ਖ਼ਬਰਾਂ, ਪੰਜਾਬ

ਮਿਲੀ ਜਾਣਕਾਰੀ ਮੁਤਾਬਿਕ ਤਾਂਤਰਿਕ ਦੇ ਕਹਿਣ ‘ਤੇ ਗੁਆਂਢੀਆਂ ਨੇ ਬਲੀ ਦਿਤੀ ਸੀ

photo

 

 ਅੰਮ੍ਰਿਤਸਰ : ਪਿੰਡ ਮੂਦਲ ਵਿਖੇ 10 ਸਾਲਾ ਸੁਖਮਨਪ੍ਰੀਤ ਕੌਰ ਦੇ ਕਤਲ ਮਾਮਲੇ ‘ਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਤਾਂਤਰਿਕ ਦੇ ਕਹਿਣ ‘ਤੇ ਗੁਆਂਢੀਆਂ ਨੇ ਬਲੀ ਦਿਤੀ ਸੀ। ਇਸ ਖੁਲਾਸੇ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ ਹੈ। 

ਵੇਰਕਾ ਦੇ ਪਿੰਡ ਮੂਦਲ 'ਚ 10 ਸਾਲਾ ਬੱਚੀ ਸੁਖਮਨਪ੍ਰੀਤ ਕੌਰ ਦੇ ਕਤਲ ਦੇ ਮਾਮਲੇ 'ਚ ਪੁਲਿਸ ਨੇ ਪਤੀ-ਪਤਨੀ ਤੇ ਉਨ੍ਹਾਂ ਦੇ ਨੂੰਹ-ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਤਾਂਤਰਿਕ ਗਤੀਵਿਧੀਆਂ ਲਈ ਮਾਸੂਮ ਦਾ ਕਤਲ ਕੀਤਾ ਹੈ। ਮੁਲਜ਼ਮਾਂ ਨੇ ਪੁੱਛਗਿੱਛ ਵਿਚ ਕਈ ਖ਼ੁਲਾਸੇ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਤਲਬੀਰ, ਉਸ ਦੀ ਪਤਨੀ ਜਸਬੀਰ ਕੌਰ ਅਤੇ ਪੁੱਤਰ ਸੂਰਜ ਤੇ ਨੂੰਹ ਪਵਨਦੀਪ ਕੌਰ ਨੂੰ ਸ਼ੁੱਕਰਵਾਰ ਨੂੰ ਪੁੱਛਗਿੱਛ ਲਈ ਸੀਆਈਏ ਸਟਾਫ਼ ਕੋਲ ਲਿਆਂਦਾ ਗਿਆ। ਪੁਲਿਸ ਨੇ ਇਸ ਮਾਮਲੇ ਵਿਚ ਮੁਲਜ਼ਮਾਂ ਦੇ ਛੇ ਰਿਸ਼ਤੇਦਾਰਾਂ ਨੂੰ ਵੀ ਹਿਰਾਸਤ ਵਿਚ ਲਿਆ ਹੈ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਏ.ਡੀ.ਸੀ.ਪੀ. ਅਭਿਮਨਿਊ ਰਾਣਾ ਨੇ ਦੱਸਿਆ ਕਿ ਪਿੰਡ ਮੂਡਲ ਦਾ ਰਹਿਣ ਵਾਲਾ ਗੁਰਭੇਜ ਸਿੰਘ ਪੇਸ਼ੇ ਵਜੋਂ ਟਰੱਕ ਡਰਾਈਵਰ ਹੈ। ਉਹ ਆਪਣੀ ਪਤਨੀ ਪਲਵਿੰਦਰ ਕੌਰ ਤੇ ਦੋ ਬੱਚਿਆਂ ਮੋਹਿਤ (13) ਤੇ ਬੇਟੀ ਸੁਖਮਨਪ੍ਰੀਤ ਕੌਰ (10) ਨਾਲ ਰਹਿੰਦਾ ਹੈ। ਮੰਗਲਵਾਰ ਨੂੰ ਦੋਵੇਂ ਬੱਚਿਆਂ ਨੂੰ ਆਪਣੀ ਰਿਸ਼ਤੇਦਾਰ ਅਮਨਦੀਪ ਕੌਰ ਕੋਲ ਛੱਡ ਕੇ ਉਹ ਕੰਮ 'ਤੇ ਚਲਾ ਗਿਆ। ਲੜਕੀ ਸ਼ਾਮ ਨੂੰ ਲਾਪਤਾ ਹੋ ਗਈ ਸੀ। ਕਾਫੀ ਭਾਲ ਤੋਂ ਬਾਅਦ ਵੀ ਉਸ ਦਾ ਪਤਾ ਨਹੀਂ ਸੀ ਲੱਗ ਸਕਿਆ।

ਉਨ੍ਹਾਂ ਦਸਿਆ ਕਿ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਇਹ ਗੱਲ ਕਬੂਲੀ ਹੈ ਕਿ ਉਨ੍ਹਾਂ ਨੇ ਤਾਂਤਰਿਕ ਦੇ ਕਹਿਣ 'ਤੇ ਬੱਚੀ ਦੀ ਬਲੀ ਦਿਤੀ ਹੈ। ਉਨ੍ਹਾਂ ਦਸਿਆ ਕਿ ਦਲਬੀਰ ਸਿੰਘ ਤੇ ਉਸ ਦਾ ਪ੍ਰਵਾਰ ਪੇਸ਼ੇ ਤੋਂ ਹਲਵਾਈ ਹੈ। ਇਸੇ ਸਾਲ ਮਾਰਚ ਵਿਚ ਉਨ੍ਹਾਂ ਨੇ ਆਪਣੇ ਰਿਸ਼ਤੇਦਾਰ ਨਾਲ ਰਲ ਕੇ ਪਿੰਡ ਦੇ ਬਾਹਰ ਇਕ ਮੈਰਿਜ ਪੈਲਸ ਕਿਰਾਏ 'ਤੇ ਲਿਆ ਸੀ ਜੋ ਘਾਟੇ ਵਿਚ ਜਾਣ ਲੱਗ ਪਿਆ। ਘਰ ਦੀਆਂ ਔਰਤਾਂ ਨੇ ਇਕ ਤਾਂਤਰਿਕ ਤੋਂ ਜਾ ਕੇ ਕਾਰੋਬਾਰ ਚਲਾਉਣ ਦਾ ਹੀਲਾ ਪੁੱਛਿਆ ਤਾਂ ਉਸ ਨੇ ਕਿਸੇ ਮਾਸੂਮ ਬੱਚੀ ਦੀ ਸ਼ੈਤਾਨ ਨੂੰ ਬਲੀ ਦੇਣ ਦੀ ਸਲਾਹ ਦਿਤੀ। ਇਸ ਮਗਰੋਂ ਉਨ੍ਹਾਂ ਗੁਆਂਢ ਵਿਚ ਰਹਿਣ ਵਾਲੀ ਸੁਖਮਨਪ੍ਰੀਤ ਕੌਰ ਨੂੰ ਸ਼ਾਮ ਦੇ ਵੇਲੇ ਆਪਣੇ ਘਰ ਬੁਲਾਇਆ ਤੇ ਉਸ ਦੀ ਬਲੀ ਦੇ ਦਿਤੀ।

ਦੱਸ ਦੇਈਏ ਕਿ ਵੀਰਵਾਰ ਨੂੰ ਨਜ਼ਦੀਕੀ ਹਵੇਲੀ 'ਚ ਬੱਚੀ ਦੀ ਲਾਸ਼ ਖੂਨ ਨਾਲ ਲੱਥਪੱਥ ਮਿਲੀ ਸੀ। ਹਵੇਲੀ 'ਚ ਗਈ ਜਾਂਚ ਟੀਮ ਦੇ ਮੈਂਬਰ ਨੇ ਦਸਿਆ ਕਿ ਸੱਬਲ ਨਾਲ ਬੱਚੀ 'ਤੇ ਕਈ ਵਾਰ ਕੀਤੇ ਗਏ ਸਨ। ਉਸ ਦੇ ਸਿਰ ਤੇ ਪੇਟ 'ਤੇ ਡੂੰਘੇ ਨਿਸ਼ਾਨ ਸਨ। ਨੇੜੇ ਸੱਬਲ ਪਿਆ ਸੀ।