ਅਰਜੁਨ ਐਵਾਰਡ ਲਈ ਸੂਬੇ ਦੇ ਤਿੰਨ ਖਿਡਾਰੀਆਂ ਦੇ ਨਾਵਾਂ ਦੀ ਪੇਸ਼ਕਸ਼
ਅਥੈਲਿਟਕ ਕੋਚ ਮਹਿੰਦਰ ਸਿੰਘ ਢਿੱਲੋਂ ਦੇ ਨਾਮ ਦੀ 'ਦਰੋਣਾਚਾਰੀਆ ਐਵਾਰਡ' ਲਈ ਸਿਫ਼ਾਰਸ਼
ਚੰਡੀਗੜ੍ਹ : ਖੇਡ ਜਗਤ ਵਿਚ ਪੰਜਾਬ ਦੀ ਸਰਦਾਰੀ ਮੁੜ ਕਾਇਮ ਹੋਣ ਜਾ ਰਹੀ ਹੈ ਕਿਉਂ ਜੋ 'ਅਰਜੁਨਾ ਐਵਾਰਡ' ਅਤੇ 'ਦਰੋਣਾਚਾਰੀਆ ਐਵਾਰਡ' ਲਈ ਐਲਾਨੀ ਗਈ ਸੂਚੀ ਵਿਚ ਪੰਜਾਬੀ ਖਿਡਾਰੀਆਂ ਦੀ ਸ਼ਮੂਲੀਅਤ ਇਸ ਦੀ ਤਸਦੀਕ ਕਰਦੀ ਹੈ। ਉਹ ਦਿਨ ਦੂਰ ਨਹੀਂ ਜਦੋਂ ਮੌਜੂਦਾ ਸਰਕਾਰ ਦੇ ਉੱਦਮਾਂ ਸਦਕਾ ਖੇਡਾਂ ਦੇ ਪਿੜ ਵਿਚ ਪੰਜਾਬ ਪੂਰੇ ਦੇਸ਼ ਦਾ ਮੋਹਰੀ ਸੂਬਾ ਬਣਕੇ ਉੱਭਰੇਗਾ ਤੇ ਆਪਣੀ ਪੁਰਾਣੀ ਸਰਦਾਰੀ ਦਾ ਲੋਹਾ ਮਨਵਾਏਗਾ।
ਖੇਡ ਤੇ ਯੁਵਕ ਮਾਮਲੇ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਅਰਜੁਨਾ ਐਵਾਰਡ ਵਰਗੇ ਵੱਡੇ ਪੁਰਸਕਾਰ ਲਈ ਸੂਬੇ ਦੇ 3 ਖਿਡਾਰੀਆਂ, ਸ਼ੂਟਰ ਅੰਜੁਮ ਮੌਦਗਿਲ, ਅਥਲੀਟ ਤੇਜਿੰਦਰ ਪਾਲ ਸਿੰਘ ਤੂਰ (ਸ਼ਾਟਪੁਟ) ਅਤੇ ਫ਼ੁਟਬਾਲਰ ਗੁਰਪ੍ਰੀਤ ਸਿੰਘ ਸੰਧੂ ਦੇ ਨਾਂ ਦੀ ਸਿਫ਼ਾਰਸ਼ ਕੀਤੀ ਜਾਣੀ ਬੜੇ ਮਾਣ ਵਾਲੀ ਗੱਲ ਹੈ। ਖੇਡ ਮੰਤਰੀ ਨੇ ਅਥਲੈਟਿਕ ਕੋਚ ਮਹਿੰਦਰ ਸਿੰਘ ਢਿੱਲੋਂ ਦਾ ਨਾਂ 'ਦਰੋਣਾ ਚਾਰੀਆ ਐਵਾਰਡ' ਲਈ ਭੇਜੇ ਜਾਣ ਉੱਤੇ ਵੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ।
ਰਾਣਾ ਸੋਢੀ ਨੇ ਕਿਹਾ ਕਿ ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ ਵਿਚ ਪਹਿਲੀਆਂ 3 ਪੁਜ਼ੀਸ਼ਨਾਂ ਵਿਚ ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ ਦਾ ਨਾਂ ਉਭਰਨਾ ਵੀ ਸੂਬੇ ਲਈ ਕਿਸੇ ਗੱਲੋਂ ਸਨਮਾਨ ਤੋਂ ਘੱਟ ਨਹੀਂ ਹੈ। ਜਿਸ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਪਹਿਲਾ ਸਥਾਨ ਜਦਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ 'ਤੇ ਰਹਿ ਕੇ ਪੰਜਾਬ ਦਾ ਨਾਂ ਚਮਕਾਇਆ ਹੈ।
ਐਵਾਰਡ ਜੇਤੂਆਂ ਨੂੰ ਵਧਾਈ ਦਿੰਦਿਆਂ ਰਾਣਾ ਸੋਢੀ ਨੇ ਖਿਡਾਰੀਆਂ ਨੂੰ ਹੁਣ ਆਪਣਾ ਨਿਸ਼ਾਨਾ ਟੋਕੀਓ ਓਲੰਪਿਕ-2020 'ਤੇ ਰੱਖਣ ਲਈ ਪ੍ਰੇਰਿਆ ਅਤੇ ਸਰਕਾਰ ਵੱਲੋਂ ਖਿਡਾਰੀਆਂ ਲਈ ਹਰ ਕਿਸਮ ਦੀ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ।