ਬੇਨ ਸਟੋਕਸ ਨੂੰ ਮਿਲ ਸਕਦੈ ਨਿਊਜ਼ੀਲੈਂਡ ਦਾ ਸੱਭ ਤੋਂ ਵੱਡਾ ਐਵਾਰਡ
'ਨਿਊਜ਼ੀਲੈਂਡ ਆਫ਼ ਦੀ ਈਅਰ' ਦੇ ਤੌਰ 'ਤੇ ਨਾਮਜ਼ਦ ਹੋਏ ਸਟੋਕਸ
ਕ੍ਰਾਈਸਟਚਰਚ : ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਨੇ ਅਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਨਿਊਜ਼ੀਲੈਂਡ ਦੇ ਲੋਕਾਂ ਦੇ ਦਿਲ ਤੋੜ ਦਿਤੇ ਪਰ ਹੁਣ ਉਨ੍ਹਾਂ ਨੂੰ ਇਸ ਦੇਸ਼ ਨਾਲ ਰਿਸ਼ਤੇ ਦੇ ਆਧਾਰ 'ਤੇ ਕੇਨ ਵਿਲੀਅਮਸਨ ਦੇ ਨਾਲ 'ਨਿਊਜ਼ੀਲੈਂਡ ਆਫ਼ ਦੀ ਈਅਰ' ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਸਟੋਕਸ ਨੇ ਵਿਸ਼ਵ ਕੱਪ 'ਚ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ 'ਚ ਉਨ੍ਹਾਂ ਨੇ ਇੰਗਲੈਂਡ ਲਈ 465 ਦੌੜਾਂ ਜੁਟਾਈਆਂ ਅਤੇ 7 ਵਿਕਟਾਂ ਝਟਕੀਆਂ।
ਪਿਛਲੇ ਐਤਵਾਰ ਨੂੰ ਲਾਰਡਸ 'ਚ ਹੋਏ ਫਾਈਨਲ ਦੇ ਦੌਰਾਨ ਉਨ੍ਹਾਂ ਦੀ 98 ਗੇਂਦਾਂ 'ਚ ਖੇਡੀ ਗਈ 84 ਦੌੜਾਂ ਦੀ ਪਾਰੀ ਨਾਲ ਇੰਗਲੈਂਡ ਦੀ ਮਦਦ ਕੀਤੀ। ਉਨ੍ਹਾਂ ਨੇ ਸੁਪਰ ਓਵਰ 'ਚ ਅੱਠ ਦੌੜਾਂ ਬਣਾਈਆਂ ਜਿਸ ਦੇ ਵੀ ਟਾਈ ਹੋਣ ਦੇ ਬਾਅਦ ਇੰਗਲੈਂਡ ਨੂੰ ਸਭ ਤੋਂ ਜ਼ਿਆਦਾ ਬਾਊਂਡਰੀ ਲਗਾਉਣ ਦੇ ਆਧਾਰ 'ਤੇ ਵਿਸ਼ਵ ਕੱਪ ਜੇਤੂ ਬਣਾਇਆ ਗਿਆ।
'ਨਿਊਜ਼ੀਲੈਂਡ ਆਫ਼ ਦੀ ਈਅਰ' ਐਵਾਰਡ ਪ੍ਰਮੁੱਖ ਕੈਮਰਨ ਬੇਨੇਟ ਨੇ ਕਿਹਾ, ''ਉਹ ਭਾਵੇਂ ਹੀ ਨਿਊਜ਼ੀਲੈਂਡ ਲਈ ਨਹੀਂ ਖੇਡ ਰਿਹਾ ਹੋਵੇ, ਪਰ ਉਸ ਨੇ ਕ੍ਰਾਈਸਟਚਰਚ 'ਚ ਜਨਮ ਲਿਆ ਹੈ, ਜਿਥੇ ਉਸ ਦੇ ਮਾਤਾ-ਪਿਤਾ ਅਜੇ ਰਹਿੰਦੇ ਹਨ ਅਤੇ ਨਿਊਜ਼ੀਲੈਂਡ ਦੇ ਦੇਸੀ ਮੂਲ (ਮਾਓਰੀ ਵੰਸ਼) ਦੇ ਹੋਣ ਦੇ ਨਾਤੇ ਕੁਝ ਕੀਵੀ ਅਜੇ ਵੀ ਉਸ 'ਤੇ ਨਿਊਜ਼ੀਲੈਂਡ ਦਾ ਹੱਕ ਮੰਨਦੇ ਹਨ।'' 'ਪਲੇਅਰ ਆਫ਼ ਟੂਰਨਾਮੈਂਟ' ਰਹੇ ਵਿਲੀਅਮਸਨ ਨੂੰ ਵੀ ਕਈ ਨਾਮੀਨੇਸ਼ਨ ਮਿਲੇ ਹਨ। ਪੁਰਸਕਾਰਾਂ ਦਾ ਐਲਾਨ ਦਸੰਬਰ 'ਚ ਕੀਤਾ ਜਾਵੇਗਾ।