ਪੰਜਾਬ 'ਚ ਨਵੇਂ ਰਾਜਨੀਤਕ ਫ਼ਰੰਟ ਦਾ ਹੋਂਦ ਵਿਚ ਆਉਣ ਤੋਂ ਪਹਿਲਾਂ ਹੀ ਭੋਗ ਪਿਆ
ਫ਼ਰੰਟ ਦੇ ਮੋਹਰੀ ਖਹਿਰਾ ਇਕੱਲੇ ਪੈ ਗਏ
ਚੰਡੀਗੜ੍ਹ (ਐਸ.ਐਸ. ਬਰਾੜ) : ਪੰਜਾਬ ਵਿਚ ਰਵਾਇਤੀ ਪਾਰਟੀਆਂ ਦੇ ਮੁਕਾਬਲੇ ਇਕ ਰਾਜਨੀਤਕ ਫ਼ਰੰਟ ਬਣਾਉਣ ਦੇ ਕੀਤੇ ਗਏ ਯਤਨ ਇਸ ਵਾਰ ਵੀ ਪੂਰੀ ਤਰ੍ਹਾਂ ਅਸਫ਼ਲ ਹੋ ਗਏ ਹਨ। 'ਆਪ' ਵਿਧਾਇਕ ਪਾਰਟੀ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਬੈਂਸ ਭਰਾਵਾਂ ਦੀ ਪਾਰਟੀ ਨੇ ਹੋਰ ਆਗੂਆਂ ਨਾਲ ਮਿਲ ਕੇ ਕਾਂਗਰਸ ਅਤੇ ਅਕਾਲੀ ਭਾਜਪਾ ਨੂੰ ਟੱਕਰ ਦੇਣ ਲਈ ਲਗਭਗ ਇਕ ਸਾਲ ਤਕ ਇਕ ਰਾਜਨੀਤਕ ਫ਼ਰੰਟ ਬਣਾਉਣ ਲਈ ਯਤਨ ਕੀਤੇ। ਆਰੰਭ ਵਿਚ ਤਾਂ ਇਨ੍ਹਾਂ ਨਾਲ ਸਾਬਕਾ ਐਮ.ਪੀ. ਧਰਮਵੀਰ ਗਾਂਧੀ, ਅਕਾਲੀ ਦਲ ਟਕਸਾਲੀ ਅਤੇ ਆਪ ਦੇ ਲਗਭਗ 8-9 ਵਿਧਾਇਕ ਵੀ ਉਨ੍ਹਾਂ ਦੀ ਇਸ ਮੁਹਿੰਮ ਵਿਚ ਸ਼ਾਮਲ ਸਨ। ਇਥੋਂ ਤਕ ਕਿ ਬਹੁਜਨ ਸਮਾਜ ਪਾਰਟੀ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਗਿਆ।
ਪ੍ਰੰਤੂ ਕੁੱਝ ਹਫ਼ਤਿਆਂ ਬਾਅਦ ਪਹਿਲਾਂ ਤਾਂ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਅਖ਼ੀਰ ਅਕਾਲੀ ਦਲ ਟਕਸਾਲੀ ਇਸ ਫ਼ਰੰਟ ਵਿਚੋਂ ਬਾਹਰ ਹੋ ਗਿਆ। ਫਿਰ ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਇਕ-ਇਕ ਕਰ ਕੇ ਸਾਰੇ ਹੀ ਸ. ਖਹਿਰਾ ਦਾ ਸਾਥ ਛੱਡ ਗਏ। ਇਥੋਂ ਤਕ ਬੈਂਸ ਭਰਾਵਾਂ ਦੀ ਪਾਰਟੀ ਨੇ ਵੀ ਨਵਾਂ ਰਾਜਨੀਤਕ ਫ਼ਰੰਟ ਬਣਾਉਣ ਦੀ ਮੁਹਿੰਮ ਤੋਂ ਅਪਣੇ ਆਪ ਨੂੰ ਵੱਖ ਕਰ ਲਿਆ। ਬਾਕੀ ਬਚੇ ਸਨ 'ਆਪ' ਦੇ 8-9 ਵਿਧਾਇਕ ਜੋ ਆਰੰਭ ਵਿਚ ਫ਼ਰੰਟ ਬਣਾਉਣ ਲਈ ਸ. ਖਹਿਰਾ ਦੇ ਨਾਲ ਸਨ।
ਮਾਨਸਾ ਤੋਂ 'ਆਪ' ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਅਤੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਧੋਆ ਸੱਭ ਤੋਂ ਪਹਿਲਾਂ ਫ਼ਰੰਟ ਨਾਲੋਂ ਨਾਤਾ ਤੋੜ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ। ਕਾਂਗਰਸ ਵਿਚ ਸ਼ਾਮਲ ਹੋਣ ਦੇ ਬਾਵਜੂਦ ਇਹ ਦੋਵੇਂ ਵਿਧਾਇਕ ਅਜੇ ਵੀ ਤਕਨੀਕੀ ਤੌਰ 'ਤੇ ਆਪ ਦੇ ਵਿਧਾਇਕ ਬਣੇ ਹੋਏ ਹਨ ਅਤੇ ਵਿਧਾਇਕ ਨੂੰ ਮਿਲਦੀਆਂ ਤਨਖ਼ਾਹਾਂ ਸਮੇਤ ਸਾਰੀਆਂ ਸਹੂਲਤਾਂ ਮਾਣ ਰਹੇ ਹਨ। ਤਕਨੀਕੀ ਤੌਰ 'ਤੇ ਉਹ 'ਆਪ' ਦੇ ਵਿਧਾਇਕ ਹਨ ਪ੍ਰੰਤੂ 'ਆਪ' ਪਾਰਟੀ ਦੀਆਂ ਸਰਗਰਮੀਆਂ ਤੋਂ ਉਹ ਪੂਰੀ ਤਰ੍ਹਾਂ ਵੱਖ ਹਨ। ਇਨ੍ਹਾਂ ਦੋਵਾਂ ਦੇ ਕਾਂਗਰਸ ਵਿਚ ਸ਼ਾਮਲ ਹੋਣ ਕਾਰਨ ਬਣ ਰਹੇ ਨਵੇਂ ਰਾਜਨੀਤਕ ਫ਼ਰੰਟ ਨੂੰ ਸੱਭ ਤੋਂ ਵੱਡਾ ਝਟਕਾ ਲੱਗਾ।
'ਆਪ' ਦੇ ਬਾਕੀ ਬਾਗ਼ੀ ਵਿਧਾਇਲ ਲੋਕ ਸਭਾ ਦੇ ਨਤੀਜਿਆਂ ਤਕ ਖਾਮੋਸ਼ ਰਹੇ ਪ੍ਰੰਤੂ ਹੁਣ ਉਹ ਸ. ਖਹਿਰਾ ਤੋਂ ਦੂਰੀਆਂ ਬਣਾ ਗਏ ਹਨ। ਆਪ ਦੇ ਬਾਗ਼ੀ ਵਿਧਾਇਕ ਜਗਦੇਵ ਸਿੰਘ ਕਮਾਲੂ, ਜਗਤਾਰ ਸਿੰਘ ਅਤੇ ਪਿਰਮਪਲ ਸਿੰਘ ਖ਼ਾਲਸਾ ਬੇਸ਼ਕ ਸ. ਖਹਿਰਾ ਦੇ ਹਮਾਇਤੀ ਹਨ ਪ੍ਰੰਤੂ ਉਨ੍ਹਾਂ ਨੇ ਸਪਸ਼ਟ ਕਰ ਦਿਤਾ ਹੈ ਕਿ ਉਹ ਅਜੇ ਵੀ ਆਪ ਪਾਰਟੀ ਵਿਚ ਸ਼ਾਮਲ ਹਨ ਅਤੇ ਉਨ੍ਹਾਂ ਨੇ ਸ. ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਵਿਚ ਸ਼ਮੂਲੀਅਤ ਨਹੀਂ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਜਦ ਤਕ ਉਨ੍ਹਾਂ ਦੀ ਵਿਧਾਇਕੀ ਦਾ ਸਮਾਂ ਹੈ, ਭਾਵ 2022 ਦੀਆਂ ਚੋਣਾਂ ਤਕ ਉਹ 'ਆਪ' ਦੇ ਵਿਧਾਇਕ ਹਨ ਅਤੇ ਅਪਣੇ ਹਲਕੇ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ।
ਉਪਰੋਕਤ ਤੋਂ ਸਪਸ਼ਟ ਹੈ ਕਿ ਉਨ੍ਹਾਂ ਨੇ ਵੀ ਨਵੇਂ ਰਾਜਨੀਤਕ ਫ਼ਰੰਟ ਤੋਂ ਦੂਰੀ ਬਣਾ ਲਈ। ਕੰਵਰ ਸੰਧੂ ਵੀ ਆਰੰਭ ਤੋਂ ਹੀ ਸ. ਖਹਿਰਾ ਨਾਲ ਸਨ ਪ੍ਰੰਤੂ ਇਸ ਫ਼ਰੰਟ ਤੋਂ ਉਨ੍ਹਾਂ ਨੇ ਵੀ ਦੂਰੀ ਬਣਾ ਰੱਖੀ ਹੈ। ਜਿਥੋਂ ਤਕ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਦਾ ਸਬੰਧ ਹੈ, ਉਨ੍ਹਾਂ ਨੇ 'ਆਪ' ਪਾਰਟੀ ਦੀ ਮੈਂਬਰੀ ਤੋਂ ਤਾਂ ਅਸਤੀਫ਼ਾ ਦੇ ਦਿਤਾ ਹੈ ਪ੍ਰੰਤੂ ਉਹ ਅੱਜ ਵੀ ਆਪ ਪਾਰਟੀ ਦੇ ਵਿਧਾਇਕ ਬਣੇ ਹੋਏ ਹਨ ਅਤੇ ਹੁਣ ਉਹ ਖਾਮੋਸ਼ ਹਨ। ਜਿਥੋਂ ਆਪ ਦੇ ਇਕ ਹੋਰ ਵਿਧਾਇਕ ਐਚ.ਐਸ. ਫੂਲਕਾ ਦਾ ਸਬੰਧ ਹੈ, ਉਨ੍ਹਾਂ ਨੇ ਵਿਧਾਇਕੀ ਤੋਂ ਅਸਤੀਫ਼ਾ ਦੇ ਦਿਤਾ ਜੋ ਪ੍ਰਵਾਨ ਹੋ ਚੁਕਾ ਹੈ।
ਉਨ੍ਹਾਂ ਬਾਰੇ ਕੁੱਝ ਵੀ ਸਪਸ਼ਟ ਨਹੀਂ ਕਿ ਉਹ ਨਵੇਂ ਫ਼ਰੰਟ ਦਾ ਹਿੱਸਾ ਸਨ ਜਾਂ ਨਹੀਂ। ਕਦੀ ਤਾਂ ਉਹ ਲੋਕ ਸਭਾ ਚੋਣਾਂ ਸਮੇਂ ਫ਼ਰੰਟ ਦੇ ਉਮੀਦਵਾਰਾਂ ਦੀ ਹਮਾਇਤ ਕਰਦੇ ਰਹੇ ਅਤੇ ਕਦੀ ਉਹ ਆਪ ਦੇ ਨਾਲ ਚਲ ਪੈਂਦੇ। ਅਖ਼ੀਰ ਉਹ ਤਾਂ ਸਿਆਸਤ ਤੋਂ ਬਾਹਰ ਹੀ ਹੋ ਗਏ। ਹੁਣ ਸ. ਖਹਿਰਾ ਲਗਭਗ ਇਕੱਲੇ ਪੈ ਗਏ ਹਨ ਅਤੇ ਉਨ੍ਹਾਂ ਦੀ ਇਕ ਨਵਾਂ ਰਾਜਨੀਤਕ ਫ਼ਰੰਟ ਬਣਾਉਣ ਦੀ ਇੱਛਾ ਅਧੂਰੀ ਹੀ ਰਹਿ ਗਈ।